ਲੰਬੇ ਸਮੇਂ ਤੋਂ ਉਦਾਸੀ, ਚਿੰਤਾ ਤੇ ਬੇਚੈਨੀ ਨੂੰ ਅੱਖੋਂ ਪਰੋਖੇ ਕਰਨਾ ਕੋਈ ਸਮਝਦਾਰੀ ਨਹੀਂ : ਰਾਜ ਹੀਉਂ ਲੰਬੇ ਸਮੇਂ ਤੋਂ ਉਦਾਸੀ, ਚਿੰਤਾ ਅਤੇ ਬੇਚੈਨੀ ਨੂੰ ਅੱਖੋਂ ਪਰੋਖੇ ਕਰਨਾ ਕੋਈ ਸਮਝਦਾਰੀ ਨਹੀਂ-ਰਾਜ ਹੀਉਂ
Publish Date: Sun, 18 Oct 2026 03:48 PM (IST)
Updated Date: Sun, 18 Oct 2026 03:51 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਸਕੂਲ ਆਫ਼ ਐਮੀਨੈਂਸ ਬੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਤੇ ਵਿਸ਼ੇਸ਼ ਚਰਚਾ ਰਾਜ ਪੁਰਸਕਾਰ ਜੇਤੂ ਅਧਿਆਪਕ ਅੰਮ੍ਰਿਤਪਾਲ ਸਿੰਘ ਵੱਲੋਂ ਪ੍ਰਿੰਸੀਪਲ ਸਰੋਜ ਬਾਲਾ ਦੀ ਪ੍ਰਧਾਨਗੀ ਹੇਠ ਕਰਵਾਈ। ਮਾਨਸਿਕ ਸਿਹਤ ਕੌਂਸਲਰ ਰਾਜ ਹੀਉਂ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਵਿਸ਼ੇਸ਼ ਦੀ ਜ਼ਿੰਦਗੀ ਵਿੱਚ ਲੰਬੇ ਸਮੇਂ ਤੋਂ ਉਦਾਸੀ ਚੱਲ ਰਹੀ ਹੈ, ਮਨ ਉਦਾਸ ਜਾਂ ਬੇਚੈਨ ਰਹਿੰਦਾ ਹੈ ਤਾਂ ਇਸ ਸਭ ਨੂੰ ਨਜ਼ਰ ਅੰਦਾਜ਼ ਕਰਨਾ ਉਸਦੀ ਮਾਨਸਿਕ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ ਹੈ। ਸਧਾਰਨ ਮਾਨਸਿਕ ਤਣਾਓ ਤੋਂ ਸ਼ੁਰੂ ਹੋਇਆ ਇਹ ਵਿਕਾਰ ਅਣਗੌਲਿਆਂ ਕਰਦੇ ਰਹਿਣ ਕਾਰਨ ਕਈ ਵਾਰ ਇਹ ਵੱਧ ਨਕਾਰਾਤਮਿਕ ਸੋਚਦੇ ਰਹਿਣ ਤੋਂ ਲੈ ਕੇ ਖੁਦ ਨੂੰ ਮਾਰ ਮੁਕਾਉਣ ਵਾਲੇ ਵਿਚਾਰਾਂ ਤੱਕ ਲੈ ਜਾਂਦਾ ਹੈ। ਬੰਗਾ ਵਿਖੇ ਚੱਲ ਰਹੇ ਮਾਈਂਡ ਕਲੈਰਿਟੀ ਸੈਂਟਰ ਤੋਂ ਮਾਨਸਿਕ ਸਿਹਤ ਕੌਂਸਲਰ ਰਾਜ ਹੀਉਂ ਨੇ ਵਿਦਿਆਰਥੀਆਂ ਨੂੰ ਸਮਝਾਇਆ ਕਿ ਮਨ ਦੀਆਂ ਮਨ ਵਿੱਚ ਰੱਖੀ ਜਾਣਾ ਕਦਾਚਿੱਤ ਵੀ ਠੀਕ ਨਹੀਂ ਹੁੰਦਾ। ਸਾਨੂੰ ਆਪਣੇ ਮਾਂ-ਬਾਪ, ਭੈਣ-ਭਰਾ, ਯਾਰ-ਦੋਸਤ ਜਾਂ ਅਧਿਆਪਕਾਂ ਨਾਲ ਆਪਣੇ ਮਨ‘ਤੇ ਪਏ ਬੋਝ ਹਲਕਾ ਕਰ ਲੈਣਾ ਚਾਹੀਦਾ ਹੈ। ਇਹ ਪ੍ਰਵਾਹ ਕੀਤੇ ਬਗੈਰ ਕਿ ਲੋਕ ਕੀ ਕਹਿਣਗੇ ਸਾਨੂੰ ਲੋੜ ਪੈਣ ਤੇ ਯੋਗ ਮਾਨਸਿਕ ਸਿਹਤ ਕੌਂਸਲਰ ਤੱਕ ਪਹੁੰਚ ਕਰਨ ਤੋਂ ਨਹੀਂ ਝਿਜਕਣਾ ਚਾਹੀਦਾ। ਰਾਜ ਹੀਓ ਨੇ ਦੱਸਿਆ ਕਿ ਮਨ ਉੱਤੇ ਪਏ ਬੋਝ ਦਾ ਹੱਲ ਕਿਸੇ ਤਰ੍ਹਾਂ ਵੀ ਸਿਗਰਟਨੋਸ਼ੀ ਜਾਂ ਨਸ਼ੇ ਨਾਲ ਹੱਲ ਨਹੀਂ ਕੀਤਾ ਜਾ ਸਕਦਾ। ਮਾਨਸਿਕ ਸਿਹਤ ਕੌਂਸਲਰ ਰਾਜ ਹੀਉਂ ਨੇ ਦੱਸਿਆ ਕਿ ਸਾਡੀ ਜ਼ਿੰਦਗੀ ਕੁਦਰਤੀ ਤਰੀਕੇ ਨਾਲ ਜਿਉਣ ਲਈ ਹੈ ਪਰ ਮਨੁੱਖ ਨੇ ਇਸਦਾ ਮਸ਼ੀਨੀ ਕਰਨ ਕਰਕੇ ਇਸ ਨੂੰ ਉਲਝਣਾਂ ਵਿਚ ਫਸਾ ਲਿਆ ਹੈ। ਰਾਜ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਸਰੀਰ ਬਨਾਉਣ ਦੇ ਨਾਲ ਨਾਲ ਅਸੀਂ ਮਾਨਸਿਕ ਤੰਦਰੁਸਤੀ ਲਈ ਵੀ ਮਿਹਨਤ ਕਰੀਏ। ਇਸ ਵਿਚਾਰ ਚਰਚਾ ਵਿਚ ਸਕੂਲ ਦੇ ਵਿਦਿਆਰਥੀ ਸਿਮਰਨਪ੍ਰੀਤ ਕੌਰ, ਪੁਸ਼ਪਦੀਪ ਕੌਰ, ਸੁਖਮਨ ਅਤਰ, ਹਿਨਾ, ਅਲਕਾ, ਹਰਨੀਤ, ਭਾਵਨਾ, ਪ੍ਰਭਜੋਤ ਕੌਰ ਅਤੇ ਗੁਰਪ੍ਰੀਆ ਨੇ ਸ਼ਮੂਲੀਅਤ ਕੀਤੀ। ਅਖੀਰ ਵਿਚ ਲੈਕਚਰਾਰ ਅੰਮ੍ਰਿਤਪਾਲ ਸਿੰਘ ਨੇ ਕੌਂਸਲਰ ਰਾਜ ਹੀਉਂ ਦਾ ਇਸ ਵਿਚਾਰ ਚਰਚਾ ਵਿਚ ਹਿੱਸਾ ਲੈਣ ’ਤੇ ਤਹਿ ਦਿਲੋਂ ਧੰਨਵਾਦ ਕੀਤਾ।