ਪਰਾਲੀ ਨੂੰ ਲਗਾਈ ਜਾਂਦੀ ਅੱਗ ਰੋਕਣਾ ਜ਼ਰੂਰੀ ਪਰਾਲੀ ਨੂੰ ਲਗਾਈ ਜਾਂਦੀ ਅੱਗ ਰੋਕਣਾ ਜ਼ਰੂਰੀ
Publish Date: Tue, 22 Sep 2026 04:48 PM (IST)
Updated Date: Tue, 22 Sep 2026 04:51 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਭਾਵੇਂ ਝੋਨੇ ਦੀ ਵਢਾਈ ਤੋਂ ਬਾਅਦ ਪਰਾਲੀ ਸਾੜਨ ਨਾਲ ਪ੍ਰਦੂਸ਼ਿਤ ਹੋਣ ਵਾਲੀ ਹਵਾ ਅਤੇ ਉਸ ਦੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਨੂੰ ਬਚਾਉਣਾ ਜ਼ਰੂਰੀ ਹੋਵੇਗਾ। ਜੇਕਰ ਸਮੇਂ ਰਹਿੰਦੇ ਯੋਗ ਕਾਰਵਾਈ ਨਾ ਕੀਤੀ ਗਈ ਤਾਂ ਪਰਾਲੀ ਦੇ ਧੂੰਏਂ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੋ ਜਾਵੇਗਾ। ਪਿਛਲੇ ਸਮੇਂ ਵਾਂਗ ਇਸ ਵਾਰ ਵੀ ਪਰਾਲੀ ਦੇ ਧੂੰਏਂ ਕਾਰਨ ਬੱਚਿਆਂ, ਨੌਜਵਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਦੇ ਬਿਮਾਰ ਹੋਣ ਦੀ ਸੰਭਾਵਨਾ ਵੀ ਵੱਧ ਸਕਦੀ ਹੈ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਪਰਾਲੀ ਨੂੰ ਲਗਾਈ ਜਾਂਦੀ ਅੱਗ ਨੂੰ ਰੋਕਣ ਲਈ ਸਮੇਂ ਰਹਿੰਦੇ ਮੁਹਿੰਮ ਚਲਾਉਣ ਦੀ ਮੰਗ ਵੱਧਦੀ ਜਾ ਰਹੀ ਹੈ। ਸੂਝਵਾਨ ਲੋਕਾਂ ਵੱਲੋਂ ਇਸ ਸਬੰਧੀ ਖੇਤੀਬਾੜੀ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਜਾਗਰੂਕਤਾ ਮੁਹਿੰਮ ਚਲਾਉਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਆਉਂਦੇ ਦਿਨਾਂ ਵਿਚ ਪਰਾਲੀ ਸਾੜਣ ਦੇ ਮਾਮਲੇ ਘੱਟ ਸਕਣ ਅਤੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਪੇਸ਼ ਹੈ ਇਲਾਕੇ ਦੇ ਲੋਕਾਂ ਦੇ ਵਿਚਾਰ। - ਸਰਕਾਰੀ ਛੁੱਟੀ ਵਾਲੇ ਦਿਨਾਂ ’ਚ ਵੱਧ ਬਲਦੀ ਹੈ ਪਰਾਲੀ : ਨਾਰਵੇ ਸਮਾਜ ਸੇਵੀ ਗੁਰਚਰਨ ਸਿੰਘ ਨਾਰਵੇ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੁੱਝੇਕ ਕਿਸਾਨਾਂ ਵੱਲੋਂ ਸ਼ਨੀਵਾਰ, ਐਤਵਾਰ ਅਤੇ ਸਰਕਾਰੀ ਛੱਟੀ ਵਾਲੇ ਦਿਨ ਨੂੰ ਦੇਖਦਿਆਂ ਪਰਾਲੀ ਨੂੰ ਅੱਗ ਲਗਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਕਾਰਨ ਲੋਕਾਂ ਦੀ ਪਰੇਸ਼ਾਨੀ ਵੱਧ ਜਾਂਦੀ ਹੈ। ਲੋਕਾਂ ਨੇ ਇਸ ਦੀ ਰੋਕਥਾਮ ਲਈ ਹੈਲਪ ਲਾਈਨ ਨੰਬਰ ਅਤੇ ਕੰਟਰੋਲ ਰੂਮ ’ਤੇ ਸ਼ਿਕਾਇਤ ਦਰਜ ਕਰਵਾਉਣ ਬਾਰੇ ਮੋਬਾਇਲ ਨੰਬਰ ਜਾਰੀ ਕਰਨ ਦੀ ਅਪੀਲ ਕੀਤੀ ਤਾਂ ਜੋ ਸਹੀ ਸਮੇਂ ਸਿਰ ਸਬੰਧਿਤ ਅਫ਼ਸਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਾ ਸਕੇ। ਇਸੇ ਤਰ੍ਹਾਂ ਮੌਕੇ ’ਤੇ ਪੁੱਜ ਕੇ ਕਾਰਵਾਈ ਕਰਨ ਲਈ ਵੀ ਯੋਗ ਟੀਮ ਦਾ ਗਠਨ ਕਰਨ ਦੀ ਬੇਨਤੀ ਕੀਤੀ ਜਾ ਰਹੀ ਹੈ। ਤਾਂ ਜੋ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਕੰਮ ਜੰਗੀ ਪੱਧਰ ’ਤੇ ਚਲਾਇਆ ਜਾ ਸਕੇ। - ਪਰਾਲੀ ਸਾੜਣ ਤੋਂ ਰੋਕਣ ਲਈ ਸਖ਼ਤ ਪ੍ਰਬੰਧਾਂ ਦੀ ਲੋੜ : ਪ੍ਰਿੰ. ਤਰਜੀਵਨ ਸਿੰਘ ਗਰਚਾ ਪ੍ਰਿੰ. ਤਰਜੀਵਨ ਸਿੰਘ ਗਰਚਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਦੀਵਾਲੀ, ਗੁਰਪੁਰਬ ਮੌਕੇ ਜਿਸ ਤਰ੍ਹਾਂ ਸੁਰਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ। ਉਸੇ ਤਰ੍ਹਾਂ ਪਰਾਲੀ ਨੂੰ ਲਗਾਈ ਜਾ ਰਹੀ ਅੱਗ ਨੂੰ ਰੋਕਣ ਲਈ ਪਿੰਡਾਂ ਦੇ ਕਿਸਾਨਾਂ ਸਮੇਤ ਮੁੱਖ ਚੌਕਾਂ, ਮੁੱਖ ਮਾਰਗਾਂ ’ਤੇ ਪੈਨੀ ਨਜ਼ਰ ਰੱਖਣੀ ਜ਼ਰੂਰੀ ਹੋ ਗਈ ਹੈ। ਇਸ ਦੇ ਨਾਲ-ਨਾਲ ਸੈਟੇਲਾਈਟ ਰਾਹੀਂ ਮੌਕੇ ਦੀ ਫੁਟੇਜ ਭੇਜਣ ਦੀ ਮੰਗ ਵੀ ਸਮੇਂ ਦੇ ਨਾਲ ਵੱਧਦੀ ਜਾ ਰਹੀ ਹੈ ਤਾਂ ਜੋ ਮੌਕੇ ’ਤੇ ਅਜਿਹਾ ਕਰ ਰਹੇ ਕਿਸਾਨਾਂ ਨੂੰ ਕਾਬੂ ਕੀਤਾ ਜਾ ਸਕੇ। - ਪਰਾਲੀ ਦੇ ਧੁੰਏਂ ਕਾਰਨ ਵੱਧਦੀ ਹੈ ਖੰਘ ਅਤੇ ਸਾਹ ਵਾਲੀਆਂ ਬਿਮਾਰੀਆਂ : ਡਾ. ਗੁਰਪ੍ਰੀਤ ਕੌਰ ਡਾ. ਗੁਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਪਰਾਲੀ ਦੇ ਧੁੰਏਂ ਕਾਰਨ ਜਿੱਥੇ ਲੋਕਾਂ ਨੂੰ ਖੰਘ ਅਤੇ ਸਾਹ ਲੈਣ ’ਚ ਤਕਲੀਫ਼ ਹੁੰਦੀ ਹੈ ਉੱਥੇ ਦੀਵਾਲੀ ’ਚ ਪਟਾਕਿਆਂ ਤੋਂ ਵੱਧ ਝੋਨੇ ਦੀ ਵਢਾਈ ਤੋਂ ਬਾਅਦ ਪਰਾਲੀ ਨੂੰ ਅੱਗ ਲਗਾਉਣ ਨਾਲ ਪੈਦਾ ਹੋਣ ਵਾਲੇ ਧੂੰਏਂ ਵਿਚੋਂ ਕਾਰਬਨ ਮੋਨੋਆਕਸਾਈਡ, ਓਜ਼ੋਨ, ਪੀਐੱਮ.2.5 ਅਤੇ ਪੀਐੱਮ.10 ਦਾ ਪੱਧਰ ਵਧਣ ਦਾ ਕਾਰਨ ਲੋਕਾਂ ਦੀਆਂ ਬਿਮਾਰੀਆਂ ਵੱਧਣ ਦਾ ਖਤਰਾ ਵੱਧ ਜਾਂਦਾ ਹੈ। ਇਹੇ ਨਹੀਂ ਇਸ ਕਾਰਨ ਸੜਕ ਹਾਦਸੇ ਵੀ ਵੱਧ ਜਾਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਅਤੇ ਪਰਿਵਾਰ ਦੀ ਸੁਰੱਖਿਆ ਲਈ ਪਰਾਲੀ ਸਾੜਨ ਤੋਂ ਗੁਰੇਜ ਕੀਤਾ ਜਾਵੇ। - ਪਰਾਲੀ ਸਾੜਨ ਕਾਰਨ ਅਕਸਰ ਸੜਕ ਹਾਦਸੇ ਵਾਪਰ ਜਾਂਦੇ ਹਨ : ਐਡਵੋਕੇਟ ਵਿਸ਼ਾਲ ਸ਼ਰਮਾ ਭਾਜਪਾ ਦੇ ਜਨਰਲ ਸਕੱਤਰ ਐਡਵੋਕੇਟ ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਪਰਾਲੀ ਨੂੰ ਲਗਾਈ ਜਾਂਦੀ ਅੱਗ ਕਾਰਨ ਵੱਧੇ ਪ੍ਰਦੂਸ਼ਣ ਕਾਰਨ ਅਕਸਰ ਸੜਕ ਹਾਦਸੇ ਵਾਪਰ ਜਾਂਦੇ ਹਨ। ਜਿਸ ਵਿਚ ਲੋਕਾਂ ਦੀਆਂ ਕੀਮਤੀ ਜਾਨਾਂ ਦਾ ਨੁਕਸਾਨ ਹੋ ਸਕਦਾ ਹੈ। ਇਹੇ ਨਹੀਂ ਵਾਹਨ ਚਲਾਉਂਦੇ ਸਮੇਂ ਲੋਕਾਂ ਨੂੰ ਅੱਖਾਂ ’ਚ ਸੜਨ, ਸਾਹ ਚੜ੍ਹਨਾ, ਜ਼ੁਕਾਮ, ਖੰਘ ਦੀ ਸ਼ਿਕਾਇਤ ਵੱਧਦੀ ਜਾ ਰਹੀ ਹੈ। ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜੇਕਰ ਅਸੀਂ ਕਿਸੇ ਲਈ ਟੋਆ ਪੁੱਟਦੇ ਹਾਂ ਤਾਂ ਪਹਿਲਾਂ ਖੁਦ ਉਸ ਵਿਚ ਡਿੱਗ ਸਕਦੇ ਹਾਂ। ਪਰਾਲੀ ਦੇ ਧੂੰਏਂ ਨਾਲ ਜੇਕਰ ਆਮ ਲੋਕ ਬਿਮਾਰ ਹੋ ਰਹੇ ਹਨ ਤਾਂ ਕਿਸਾਨਾਂ ਦੇ ਬੱਚੇ, ਬਜ਼ੁਰਗ ਅਤੇ ਔਰਤਾਂ ਵੀ ਕਿਸੇ ਨਾ ਕਿਸੇ ਬਿਮਾਰੀ ਦੀ ਲਪੇਟ ਵਿਚ ਆਉਣ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ ਜਾਂ ਪਰਾਲੀ ਸਾੜਨ ਤੋਂ ਕੋਰੀ ਨਾਂਹ ਕਰਨੀ ਚਾਹੀਦੀ ਹੈ, ਤਾਂ ਜੋ ਸਰਬੱਤ ਦਾ ਭਲਾ ਹੋ ਸਕੇ। - ਜ਼ਹਿਰੀਲੀ ਹਵਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਕਰਦੀ ਹੈ ਪ੍ਰਭਾਵਿਤ : ਸੁਖਦੀਪ ਸਿੰਘ ਸ਼ੁਕਾਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ ਨੇ ਦੱਸਿਆ ਕਿ ਪਿਛਲੇ ਸਾਲ ਪਰਾਲੀ ਸਾੜਨ ਕਾਰਨ ਲੋਕਾਂ ਦੇ ਦਮੇ, ਛਾਤੀ ਦੇ ਰੋਗ, ਖਾਂਸੀ ਦੇ ਮਰੀਜ਼ਾਂ ਦੀ ਗਿਣਤੀ ਵਧੀ ਸੀ। ਜ਼ਹਿਰੀਲੀ ਹਵਾ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਪ੍ਰਭਾਵਿਤ ਕੀਤਾ ਗਿਆ। ਜਿਸ ਕਾਰਨ ਲੋਕਾਂ ਨੂੰ ਅੱਖਾਂ ਵਿਚ ਜਲਨ ਦੇ ਨਾਲ ਨਾਲ ਅਸਥਮਾ ਦੇ ਮਰੀਜ਼ਾਂ ਨੂੰ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਸੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ ਕਰਨ।