ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਵਿਖੇ ਅੰਤਰ ਸਕੂਲ ਮੁਕਾਬਲੇ-2026 ਹੋਏ ਸੰਪੰਨ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਵਿਖੇ ਅੰਤਰ ਸਕੂਲ ਮੁਕਾਬਲੇ-2026 ਹੋਏ ਸੰਪੰਨ
Publish Date: Mon, 02 Nov 2026 06:13 PM (IST)
Updated Date: Mon, 02 Nov 2026 06:14 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਕਰਵਾਏ ਗਏ ਅੰਤਰ ਸਕੂਲ ਮੁਕਾਬਲੇ-2026 ਯਾਦਗਾਰੀ ਹੋ ਨਿੱਬੜੇ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਕੱਤਰ ਵਿਦਿਆ ਸੁਖਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪ੍ਰਿੰਸੀਪਲ ਡਾ. ਰਣਜੀਤ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਇਲਾਕੇ ਦੇ 30 ਸਕੂਲਾਂ ਦੇ ਕਰੀਬ 500 ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣੀ ਪ੍ਰਤਿਭਾ ਦਿਖਾਈ। ਸਮਾਗਮ ਵਿੱਚ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸਤਵਿੰਦਰ ਪਾਲ ਸਿੰਘ ਬਿੱਟੂ, ਕੁਲਵਿੰਦਰ ਸਿੰਘ, ਡਾ. ਬਖਸ਼ੀਸ ਸਿੰਘ, ਸਤਨਾਮ ਸਿੰਘ ਲਾਦੀਆਂ, ਜਸਵਿੰਦਰ ਸਿੰਘ ਮਾਨ, ਹਰਜੀਤ ਸਿੰਘ ਅਤੇ ਹਰੀ ਕ੍ਰਿਸ਼ਨ ਨਈਅਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮੁੱਖ ਮਹਿਮਾਨ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ ਕਾਲਜ ਨੇ ਥੋੜ੍ਹੇ ਸਮੇਂ ਵਿੱਚ ਹੀ ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਅਜਿਹੇ ਮੁਕਾਬਲੇ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਤਵਿੰਦਰ ਪਾਲ ਸਿੰਘ ਬਿੱਟੂ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰੱਖਣ ਅਤੇ ਸੱਭਿਆਚਾਰ ਨਾਲ ਜੋੜਨ ਲਈ ਅਜਿਹੇ ਸਮਾਗਮ ਜ਼ਰੂਰੀ ਹਨ। ਪ੍ਰਿੰਸੀਪਲ ਡਾ. ਰਣਜੀਤ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸੰਸਥਾ ਵੱਲੋਂ ਅਜਿਹੇ ਉਪਰਾਲੇ ਜਾਰੀ ਰਹਿਣਗੇ। ਸਮਾਗਮ ਦੀ ਸ਼ੁਰੂਆਤ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਪ੍ਰੋ. ਗੁਰਸ਼ਾਨ ਸਿੰਘ ਨੇ ਮੰਚ ਸੰਚਾਲਨ ਕੀਤਾ। ਮੁਕਾਬਲਿਆਂ ਵਿੱਚ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਢਾਹਾਂ ਕਲੇਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਜੇਤੂ ਟਰਾਫ਼ੀ ਆਪਣੇ ਨਾਂ ਕੀਤੀ। ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਨੇ ਫਸਟ ਰਨਰਅੱਪ ਅਤੇ ਦਸ਼ਮੇਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਹਿਰਾਮ ਨੇ ਸੈਕਿੰਡ ਰਨਰਅੱਪ ਟਰਾਫ਼ੀ ਜਿੱਤੀ। ਇਸ ਤੋਂ ਇਲਾਵਾ ਐੱਸਜੀਐੱਚਜੀ ਖਾਲਸਾ ਸਕੂਲ ਬੰਗਾ, ਆਦਰਸ਼ ਸਕੂਲ ਖਟਕੜ ਕਲਾਂ, ਬੱਬਰ ਕਰਮ ਸਿੰਘ ਮੈਮੋਰੀਅਲ ਸਕੂਲ ਦੌਲਤਪੁਰ, ਡੀਏਵੀ ਸਕੂਲ ਨਵਾਂਸ਼ਹਿਰ ਸਮੇਤ ਹੋਰ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਹਾਸਲ ਕੀਤੇ। ਮੁਕਾਬਲਿਆਂ ਵਿੱਚ ਸ਼ਬਦ ਗਾਇਨ, ਗੁਰਬਾਣੀ ਉਚਾਰਨ, ਭਾਸ਼ਣ, ਕਵਿਤਾ, ਲੋਕ ਗੀਤ, ਭੰਗੜਾ, ਕੁਇਜ਼, ਪੇਂਟਿੰਗ, ਰੰਗੋਲੀ, ਮਹਿੰਦੀ, ਦਸਤਾਰਬੰਦੀ, ਕੰਪਿਊਟਰ ਅਤੇ ਸਾਇੰਸ ਮਾਡਲ ਸਮੇਤ ਕਈ ਸੱਭਿਆਚਾਰਕ ਤੇ ਸਿਰਜਣਾਤਮਕ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।