ਇੰਟਰਨਸ਼ਿਪ ਸਰਟੀਫਿਕੇਟ ਵੰਡ ਸਮਾਗਮ ਕਰਵਾਇਆ ਇੰਟਰਨਸ਼ਿਪ ਸਰਟੀਫਿਕੇਟ ਵੰਡ ਸਮਾਗਮ ਕਰਵਾਇਆ
Publish Date: Fri, 30 Oct 2026 05:24 PM (IST)
Updated Date: Fri, 30 Oct 2026 05:25 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਬੀਐਲਐਮ ਗਰਲਜ਼ ਕਾਲਜ ਨਵਾਂਸ਼ਹਿਰ ਦੇ ਕਾਮਰਸ ਵਿਭਾਗ ਵੱਲੋਂ ਮੋਹਿਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਸਹਿਯੋਗ ਨਾਲ ਇੰਟਰਨਸ਼ਿਪ ਸਫਲਤਾ ਪੂਰਵਕ ਪੂਰੀ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡਣ ਲਈ ਇੱਕ ਵਿਸ਼ੇਸ਼ ਸਮਾਰੋਹ ਕਰਵਾਇਆ। ਇਸ ਇੰਟਰਨਸ਼ਿਪ ਪ੍ਰੋਗਰਾਮ ਵਿਚ ਬੀਕਾਮ, ਬੀਏ ਅਤੇ ਬੀਐੱਸਸੀ (ਇਕਨਾਮਿਕਸ) ਦੀਆਂ ਕੁੱਲ 43 ਵਿਦਿਆਰਥਣਾਂ ਨੇ ਭਾਗ ਲਿਆ। ਇਹ ਪ੍ਰੋਗਰਾਮ ਮੋਹਿਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਸੰਸਥਾਪਕ ਮੋਹਿਤ ਢੱਲ ਦੀ ਅਗਵਾਈ ਹੇਠ ਕਰਵਾਇਆ। ਜਿਸ ਦੌਰਾਨ ਵਿਦਿਆਰਥਣਾਂ ਨੂੰ ਮਿਊਚੁਅਲ ਫੰਡ ਅਤੇ ਸਟਾਕ ਮਾਰਕੀਟ ਸੰਬੰਧੀ ਵਿਹਾਰਕ ਸਿਖਲਾਈ ਦਿੱਤੀ। ਜਿਸ ਨਾਲ ਉਨ੍ਹਾਂ ਨੂੰ ਵਿੱਤੀ ਯੋਜਨਾਬੰਦੀ ਅਤੇ ਨਿਵੇਸ਼ ਦੇ ਖੇਤਰ ਬਾਰੇ ਮਹੱਤਵ ਪੂਰਨ ਜਾਣਕਾਰੀ ਪ੍ਰਾਪਤ ਹੋਈ। ਮੋਹਿਤ ਢੱਲ ਆਪਣੀ ਪਤਨੀ ਨੇਹਾ ਢੱਲ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਇੰਟਰਨਸ਼ਿਪ ਸਫਲਤਾ ਪੂਰਵਕ ਪੂਰੀ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡੇ। ਪ੍ਰਿੰ. ਤਰਨਪ੍ਰੀਤ ਕੌਰ ਵਾਲੀਆ ਅਤੇ ਕਾਮਰਸ ਵਿਭਾਗ ਦੇ ਅਧਿਆਪਕਾਂ ਪ੍ਰੋ. ਪਰਮਪ੍ਰਿਆ ਅਤੇ ਪ੍ਰੋ. ਰਮਨਦੀਪ ਕੌਰ ਨੇ ਮੋਹਿਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥਣਾਂ ਨੂੰ ਉਦਯੋਗਿਕ ਖੇਤਰ ਨਾਲ ਸੰਬੰਧਤ ਵਿਹਾਰਕ ਗਿਆਨ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਵਿੱਤੀ ਤੌਰ‘ਤੇ ਜਾਗਰੂਕ ਅਤੇ ਆਤਮ-ਨਿਰਭਰ ਬਣਾਉਣ ਵਿਚ ਵੀ ਸਹਾਇਕ ਸਿੱਧ ਹੁੰਦੇ ਹਨ। ਇਸ ਮੌਕੇ ਵਿਦਿਆਰਥਣਾਂ ਨੇ ਵੀ ਆਪਣੇ ਇੰਟਰਨਸ਼ਿਪ ਦੌਰਾਨ ਪ੍ਰਾਪਤ ਕੀਤੇ ਤਜਰਬਿਆਂ ਅਤੇ ਸਿੱਖਿਆ ਬਾਰੇ ਆਪਣੇ ਸਕਾਰਾਤਮਕ ਵਿਚਾਰ ਸਾਂਝੇ ਕੀਤੇ। ਅੰਤ ਵਿਚ ਧੰਨਵਾਦ ਦੇ ਮਤੇ ਨਾਲ ਸਮਾਰੋਹ ਦੀ ਸਮਾਪਤੀ ਹੋਈ।