- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਨੂੰ ਰੰਗਲਾ ਬਣਾਉਣ ਦੀ ਥਾਂ ਕੰਗਲਾ ਬਣਾ ਦਿੱਤਾ-ਸੋਮ ਲਾਲ ਥੋਪੀਆ

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ
ਬਲਾਚੌਰ : ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਬਲਾਚੌਰ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸਾਹਿਬ ਮਹਿੰਦੀਪੁਰ ਵਿਖੇ ਸੋਮ ਲਾਲ ਥੋਪੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਬੁਲਾਰਿਆਂ ਨੇ ਸਰਕਾਰ ਦੇ ਅੜੀਅਲ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਜ਼ਿਲ੍ਹਾ ਪ੍ਰਧਾਨ ਸੋਮ ਲਾਲ ਥੋਪੀਆ ਨੇ ਕਿਹਾ ਕਿ ਮੋਹਣਜੀਤ ਪਿੰਡ ਸ਼ੇਰੋ ਵੱਲੋਂ ਕਾਲਾ ਝੰਡਾ ਵਿਖਾਉਣ ਤੇ ਉਸ ਉਪਰ ਅੰਨ੍ਹਾਂ ਤਸ਼ੱਦਦ ਕੀਤਾ ਗਿਆ। ਗੁਲਜ਼ਾਰ ਸਿੰਘ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਨਸ਼ੇ ਸਬੰਧੀ ਸਵਾਲ ਕਰਨ ’ਤੇ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ। ਇਹ ਸਾਰਾ ਕੁੱਝ ਲੋਕਤੰਤਰ ਦੀ ਆਵਾਜ਼ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ, ਜਿਹੜਾ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਸੋਮ ਨਾਥ ਤੱਕਲਾ ਨੇ ਕਿਹਾ ਕਿ ਸਰਕਾਰ ਨੂੰ ਆਪਣੇ ਕਾਰਜ ਕਾਲ ਦੌਰਾਨ ਲੋਕਾਂ ਨੂੰ ਸਿਰਫ ਚੁਟਕਲੇ ਸੁਣਾਏ ਅਤੇ ਲਾਰੇ ਲਾਏ। ਇਸ ਤੋਂ ਇਲਾਵਾ ਇਸ਼ਤਿਹਾਰਾਂ ਰਾਹੀਂ ਪੰਜਾਬ ਦਾ ਖਜ਼ਾਨਾ ਖਾਲੀ ਕੀਤਾ। ਪੰਜਾਬ ਨੂੰ ਰੰਗਲਾ ਬਣਾਉਣ ਦੀ ਥਾਂ ਕੰਗਲਾ ਬਣਾ ਦਿੱਤਾ। ਜਿਸ ਦਾ ਜਵਾਬ ਲੋਕ 2027 ਦੀਆਂ ਚੋਣਾਂ ਵਿਚ ਦੇਣਗੇ। ਸੋਹਣ ਸਿੰਘ ਤਹਿਸੀਲ ਪ੍ਰਧਾਨ ਬਲਾਚੌਰ ਨੇ ਕਿਹਾ ਕਿ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਨੂੰ ਵਾਰ-ਵਾਰ ਮੀਟਿੰਗਾਂ ਦੇ ਕੇ ਇੱਕ ਵੀ ਮੀਟਿੰਗ ਨਹੀਂ ਕੀਤੀ, ਸੰਘਰਸ਼ ਕਰ ਰਹੇ ਲੋਕਾਂ ’ਤੇ ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾੜਾਂ ਹੀ ਮਾਰੀਆਂ ਤੇ ਮੰਗ ਇੱਕ ਵੀ ਪੂਰੀ ਨਹੀਂ ਕੀਤੀ। ਪ੍ਰੋ. ਵਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਐਨੀ ਆਕੀ ਹੋ ਗਈ ਹੈ ਕਿ ਦੇਸ਼ ਦੀ ਉੱਚ ਅਦਾਲਤ ਹਾਈਕੋਰਟ ਅਤੇ ਸੁਪਰੀਮ ਕੋਰਟ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿਚ ਕੀਤੇ ਫੈਸਲੇ ਵੀ ਲਾਗੂ ਨਹੀਂ ਕਰਦੀ। ਸਰਕਾਰ ਨੂੰ ਚਾਹੀਦਾ ਹੈ ਕਿ ਆਪਣਾ ਅੜੀਅਲ ਵਤੀਰਾ ਛੱਡ ਕੇ ਜਥੇਬੰਦੀਆਂ ਨਾਲ ਟੇਬਲ ’ਤੇ ਬੈਠ ਕੇ ਗੱਲ ਕਰੇ। ਹਰੀ ਸਿੰਘ ਨੇ ਕਿਹਾ ਕਿ ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੰਚ ਪੰਜਾਬ ਦੀ ਸੂਬਾਈ ਸਾਂਝੀ ਤਾਲਮੇਲ ਕਮੇਟੀ ਵੱਲੋਂ ਮੰਤਰੀਆਂ ਦੇ ਦਫ਼ਤਰਾਂ, ਘਰਾਂ ਦੇ ਘਿਰਾਓ ਦੇ ਦਿੱਤੇ ਸੱਦੇ ਤਹਿਤ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਵਿਧਾਇਕਾ ਸੰਤੋਸ਼ ਕਟਾਰੀਆ ਦੇ ਘਰ ਦਾ ਘਿਰਾਓ 19 ਤਾਰੀਖ ਨੂੰ ਕੀਤਾ ਜਾਵੇਗਾ। ਮੀਟਿੰਗ ਵਿਚ ਹਰਜਿੰਦਰ ਸਿੰਘ, ਦਿਲਬਾਗ ਸਿੰਘ, ਜਰਨੈਲ ਸਿੰਘ ਕੰਗ, ਮਨੋਹਰ ਲਾਲ ਕਟਾਰੀਆ, ਸੁਭਾਸ਼ ਚੰਦਰ, ਦਰਸ਼ਨ ਦੇਵ, ਜਗਦੀਸ਼ ਰਾਮ ਜੱਟਪੁਰ ਵੀ ਹਾਜ਼ਰ ਸਨ।