ਔਰਤਾਂ ਦੀ ਸਿਹਤ ਸੰਭਾਲ ਲਈ ਕੀਤਾ ਉਪਰਾਲਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਔਰਤਾਂ ਦੀ ਸਿਹਤ ਸੰਭਾਲ ਲਈ ਵਿਸ਼ੇਸ਼ ਉਪਰਾਲਾ
Publish Date: Sun, 20 Sep 2026 05:16 PM (IST)
Updated Date: Sun, 20 Sep 2026 05:17 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵੱਲੋਂ ਔਰਤਾਂ ਦੇ ਵਿਭਾਗ ਵਿਚ ਔਰਤਾਂ ਦੀ ਸਿਹਤ ਸੰਭਾਲ ਲਈ ਵਿਸ਼ੇਸ਼ ਉਪਰਾਲਾ ਕੀਤਾ। ਇਸ ਦੌਰਾਨ ਬਾਂਝਪਨ, ਜੱਚਾ-ਬੱਚਾ ਅਤੇ ਔਰਤਾਂ ਦੀਆਂ ਅੰਦਰੂਨੀ ਬਿਮਾਰੀਆਂ ਦੀ ਮਾਹਿਰ ਡਾ. ਸ਼ਵੇਤਾ ਬਾਗਰੀਆ ਵੱਲੋਂ 174 ਮਰੀਜ਼ਾਂ ਦੀ ਪੀਸੀਓਡੀ ਅਤੇ ਪੀਸੀਓਐੱਸ ਸਬੰਧੀ ਮੁਫ਼ਤ ਜਾਂਚ ਕੀਤੀ। ਉਨ੍ਹਾਂ ਨੇ ਔਰਤਾਂ ਨੂੰ ਬਿਮਾਰੀ ਦੇ ਕਾਰਨਾਂ, ਲੱਛਣਾਂ ਅਤੇ ਇਸ ਤੋਂ ਬਚਾਅ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦੇ ਕੇ ਜਾਗਰੂਕ ਕੀਤਾ। ਇਸ ਮੌਕੇ ਪੀਸੀਓਡੀ ਤੇ ਪੀਸੀਓਐੱਸ ਮਰੀਜ਼ਾਂ ਅਤੇ ਗਰਭਵਤੀ ਔਰਤਾਂ ਨੂੰ ਮੁਫ਼ਤ ਅਲਟਰਾਸਾਊਂਡ ਸਕੈਨ ਦੀ ਸਹੂਲਤ ਪ੍ਰਦਾਨ ਕੀਤੀ। ਲੋੜਵੰਦ ਮਰੀਜ਼ਾਂ ਦੇ ਥਾਇਰਾਇਡ, ਸ਼ੂਗਰ, ਯੂਰਿਕ ਐਸਿਡ ਅਤੇ ਨਿਊਰੋਪੈਥੀ ਦੇ ਟੈਸਟ ਵੀ ਮੁਫ਼ਤ ਕੀਤੇ ਗਏ। ਜਦ ਕਿ ਪੀਸੀਓਡੀ ਟੈਸਟਾਂ, ਬੱਚੇਦਾਨੀ ਦੀਆਂ ਰਸੌਲੀਆਂ ਅਤੇ ਲਕੋਰੀਆ (ਪੈਪ ਸਮੀਅਰ) ਦੀ ਜਾਂਚ ਤੇ 50 ਫ਼ੀਸਦੀ ਵਿਸ਼ੇਸ਼ ਛੋਟ ਵੀ ਦਿੱਤੀ। ਇਸ ਮੌਕੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਜਸਦੀਪ ਸਿੰਘ ਸੈਣੀ ਨੇ ਦੱਸਿਆ ਕਿ ਅੱਜ-ਕੱਲ੍ਹ ਔਰਤਾਂ ਵਿਚ ਪੀਸੀਓਡੀ ਤੇ ਪੀਸੀਓਐੱਸ ਵਰਗੀਆਂ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ, ਜਿਸ ਕਰਕੇ ਬਾਂਝਪਣ ਦੀ ਸਮੱਸਿਆ ਵਿਚ ਵਾਧਾ ਹੋ ਰਿਹਾ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ, ਹਸਪਤਾਲ ਪ੍ਰਬੰਧਕਾਂ ਨੇ ਔਰਤਾਂ ਦੀ ਸਿਹਤ ਨੂੰ ਪਹਿਲ ਦਿੰਦੇ ਹੋਏ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਹਿੱਤ ਇਹ ਉੱਦਮ ਕੀਤਾ ਗਿਆ। ਇਸ ਮੌਕੇ ਮਰੀਜ਼ਾਂ ਨੇ ਵੀ ਹਸਪਤਾਲ ਪ੍ਰਬੰਧਕਾਂ, ਡਾ. ਸ਼ਵੇਤਾ ਬਾਗਰੀਆ ਅਤੇ ਸਮੂਹ ਸਟਾਫ ਦਾ ਮੁਫ਼ਤ ਜਾਂਚ ਕਰ ਕੇ ਵਧੀਆ ਸਲਾਹ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਜੋਤੀ ਰਾਣੀ ਓਪੀਡੀ ਇੰਚਾਰਜ ਅਤੇ ਹਸਪਤਾਲ ਦਾ ਸਟਾਫ ਵੀ ਹਾਜ਼ਰ ਸਨ।