ਬਲਾਚੌਰ ’ਚ ਵਿਧਾਇਕ ਸੰਤੋਸ਼ ਕਟਾਰੀਆ ਨੇ ਬਣਾਈ ਵੱਖਰੀ ਪਛਾਣ ਬਲਾਚੌਰ 'ਚ ਵਿਧਾਇਕ ਸੰਤੋਸ਼ ਕਟਾਰੀਆ ਦੀ ਵੱਧਦੀ ਸਿਆਸੀ ਪਕੜ ਮਜ਼ਬੂਤ
Publish Date: Wed, 16 Sep 2026 06:31 PM (IST)
Updated Date: Wed, 16 Sep 2026 06:32 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਵਿਧਾਨ ਸਭਾ ਹਲਕਾ ਬਲਾਚੌਰ ਦੀ ਸਿਆਸਤ ਵਿਚ ਚੋਣ ਮੁਕਾਬਲੇ ਭਾਵੇਂ ਹਰ ਵਾਰ ਨਵੇਂ ਰੂਪ ਵਿਚ ਸਾਹਮਣੇ ਆਉਂਦੇ ਹਨ, ਪਰ ਕੁੱਝ ਸਿਆਸੀ ਚਿਹਰੇ ਆਪਣੀ ਵਿਲੱਖਣ ਕਾਰਜਸ਼ੈਲੀ ਕਰ ਕੇ ਹਲਕੇ ਦੀ ਸਿਆਸਤ ਵਿਚ ਵੱਖਰੀ ਥਾਂ ਬਣਾਉਣ ਵਿਚ ਕਾਮਯਾਬ ਰਹਿੰਦੇ ਹਨ। ਬਲਾਚੌਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਸੰਤੋਸ਼ ਕਟਾਰੀਆ ਦਾ ਨਾਮ ਵੀ ਅਜਿਹੇ ਹੀ ਆਗੂਆਂ ਵਿਚ ਲਿਆ ਜਾ ਸਕਦਾ ਹੈ। ਮਹੀਨਾ ਮਾਰਚ 2022 ਵਿਚ ਹਲਕਾ ਵਿਧਾਇਕ ਵਜੋਂ ਕਮਾਂਡ ਸੰਭਾਲਣ ਉਪਰੰਤ ਸੰਤੋਸ਼ ਕਟਾਰੀਆ ਵੱਲੋਂ ਆਪਣੇ ਘਰ, ਦਫਤਰ ਵਿਚ ਇਲਾਕੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਸੁਣਨਾ ਅਤੇ ਹੱਲ ਕਰਨਾ ਸ਼ੁਰੂ ਕੀਤਾ ਅਤੇ ਅੱਜ ਅਰਸਾ ਸਾਢੇ ਚਾਰ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੀ ਅਣਥੱਕ ਸੇਵਾ ਦੀ ਬਦੌਲਤ ਹਰ ਰੋਜ਼ ਕੰਮਾਂਕਾਰਾਂ ਲਈ ਸਥਾਨਕ ਲੋਕਾਂ ਦੀ ਵੱਡੀ ਭੀੜ ਜੁੜਦੀ ਵੇਖੀ ਜਾ ਸਕਦੀ ਹੈ। ਉਹ ਹਰ ਇੱਕ ਨੂੰ ਹੱਸ ਕੇ ਸਹਿਜ ਸੁਭਾਅ ਨਾਲ ਮਿਲਦੇ ਹਨ ਅਤੇ ਉਨ੍ਹਾਂ ਦੇ ਕੰਮਕਾਰ ਕਰਵਾਉਣ ਵਿਚ ਪੂਰਾ ਸਾਥ ਦਿੰਦੇ ਹਨ। ਉਨ੍ਹਾਂ ਦੇ ਘਰ ਤੇ ਦਫ਼ਤਰ ਵਿਚ ਹਰ ਵੇਲੇ ਚਾਹ, ਪਾਣੀ ਅਤੇ ਲੰਗਰ ਦੀ ਸੇਵਾ ਵੀ ਲਗਾਤਾਰ ਚੱਲਦੀ ਰਹਿੰਦੀ ਹੈ। ਇੱਕ ਤਰ੍ਹਾਂ ਨਾਲ ਉਨ੍ਹਾਂ ਦਾ ਸਾਰਾ ਹੀ ਪਰਿਵਾਰ ਲੋਕ ਸੇਵਾ ਵਿਚ ਹਰ ਵੇਲੇ ਮਸ਼ਰੂਫ ਵੇਖਿਆ ਜਾਂਦਾ ਹੈ। ਸੰਤੋਸ਼ ਕਟਾਰੀਆ ਦੀ ਸਿਆਸਤ ਦਾ ਸਭ ਤੋਂ ਵੱਡਾ ਪੱਖ ਉਨ੍ਹਾਂ ਦਾ ਲੋਕਾਂ ਨਾਲ ਸਿੱਧਾ ਅਤੇ ਲਗਾਤਾਰ ਸੰਪਰਕ ਹੈ। ਉਹ ਚੋਣਾਂ ਦੇ ਸਮੇਂ ਹੀ ਨਹੀਂ, ਸਗੋਂ ਆਮ ਦਿਨਾਂ ਵਿਚ ਵੀ ਲੋਕਾਂ ਦੇ ਵਿਚਕਾਰ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਹਲਕੇ ਦੇ ਵਿਕਾਸ ਨਾਲ ਜੁੜੇ ਮੁੱਦਿਆਂ ਨੂੰ ਅੱਗੇ ਵਧਾਉਣ ’ਤੇ ਜ਼ੋਰ ਦਿੰਦੇ ਹਨ। ਆਉਣ ਵਾਲੇ ਸਮੇਂ ਵਿਚ ਸੰਤੋਸ਼ ਕਟਾਰੀਆ ਨੂੰ ਸਿਆਸੀ ਤੌਰ ’ਤੇ ਚੁਣੌਤੀ ਦੇਣਾ, ਕਿਸੇ ਵੀ ਵਿਰੋਧੀ ਉਮੀਦਵਾਰ ਲਈ ਖਾਲਾ ਜੀ ਵਾੜਾ ਨਹੀ ਹੋਵੇਗਾ। ਲੋਕਾਂ ਦੀ ਸੇਵਾ ਨੂੰ ਸਮਰਪਿਤ ਭਾਵਨਾ : ਸਿਆਸਤ ਵਿਚ ਇੱਕ ਆਮ ਧਾਰਨਾ ਹੈ ਕਿ ਆਗੂ ਚੋਣਾਂ ਦੇ ਨੇੜੇ ਆ ਕੇ ਲੋਕਾਂ ਤੱਕ ਵੱਧ ਪਹੁੰਚਦੇ ਹਨ। ਪਰ ਇਸ ਤੋਂ ਉਲਟ ਸੰਤੋਸ਼ ਕਟਾਰੀਆ ਦੀ ਕਾਰਜਸ਼ੈਲੀ ਅਲੱਗ ਵੇਖੀ ਗਈ ਹੈ। ਉਨ੍ਹਾਂ ਮੁਤਾਬਿਕ ਵਿਧਾਇਕ ਦਾ ਕੰਮ ਸਿਰਫ ਚੋਣ ਜਿੱਤ ਕੇ ਵਿਧਾਨ ਸਭਾ ਵਿਚ ਪਹੁੰਚਣਾ ਹੀ ਨਹੀਂ, ਬਲਕਿ ਪੂਰੇ ਕਾਰਜਕਾਲ ਦੌਰਾਨ ਲੋਕਾਂ ਨਾਲ ਜੁੜੇ ਰਹਿਣਾ ਹੈ। ਲੋਕਾਂ ਦੀਆਂ ਛੋਟੀਆਂ-ਵੱਡੀਆਂ ਸਮੱਸਿਆਵਾਂ ਸੁਣਨਾ, ਸਥਾਨਕ ਪੱਧਰ ਦੇ ਮੁੱਦਿਆਂ ਨੂੰ ਸਰਕਾਰੀ ਵਿਭਾਗਾਂ ਤੱਕ ਪਹੁੰਚਾਉਣਾ ਅਤੇ ਉੱਪਰ ਤੋਂ ਪੂਰੀ ਲਗਨ ਨਾਲ ਵਿਕਾਸ ਕਾਰਜਾਂ ਦੀ ਪੈਰਵੀ ਕਰਨਾ ਉਨ੍ਹਾਂ ਦੀ ਸਿਆਸੀ ਪਹੁੰਚ ਦਾ ਮਹੱਤਵਪੂਰਨ ਹਿੱਸਾ ਹੈ। ਹਲਕੇ ਵਿਚ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਲੋਕਾਂ ਦੀਆਂ ਜ਼ਰੂਰਤਾਂ ਨੂੰ ਸਮਝਣਾ ਵੀ ਉਨ੍ਹਾਂ ਇੱਕ ਇਕੱਲਿਆ ਦੇ ਹਿੱਸੇ ਆਇਆ ਹੈ। ਜਿਨ੍ਹਾਂ ਦੇ ਕਾਰਜਕਾਲ ਦੌਰਾਨ ਵਿਕਾਸ ਦੇ ਦਾਅਵਿਆਂ ਨੂੰ ਜ਼ਮੀਨੀ ਪੱਧਰ ’ਤੇ ਸਾਕਾਰ ਹੁੰਦੇ ਦੇਖਿਆ ਜਾ ਸਕਦਾ ਹੈ। ਸਿਆਸਤ ਵਿਚ ਵੱਡੀ ਤਾਕਤ : ਪੰਜਾਬ ਦੀ ਰਵਾਇਤੀ ਸਿਆਸਤ ਵਿਚ ਨਿੱਜੀ ਸੰਪਰਕ ਦੀ ਹਮੇਸ਼ਾ ਵੱਡੀ ਭੂਮਿਕਾ ਰਹੀ ਹੈ।। ਅੱਜ ਸ਼ੋਸਲ ਮੀਡੀਆਂ ਅਤੇ ਡਿਜੀਟਲ ਪਲੇਟ ਫਾਰਮਾਂ ਦੇ ਦੌਰ ਵਿਚ ਵੀ ਲੋਕ ਆਪਣੇ ਚੁਣੇ ਹੋਏ ਨੁਮਾਇਦੇ ਨੂੰ ਆਪਣੇ ਨੇੜੇ ਅਤੇ ਪਹੁੰਚ ਯੋਗ ਦੱਖਣਾ ਚਾਹੁੰਦੇ ਹਨ। ਸੰਤੋਸ਼ ਕਟਾਰੀਆ ਦੀ ਸਿਆਸੀ ਕਾਰਜਸ਼ੈਲੀ ਦਾ ਇਹੋ ਪੱਖ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਮੰਨਿਆ ਜਾਂਦਾ ਹੈ। ਉਹ ਆਮ ਆਦਮੀ ਨਾਲ ਸਿੱਧਾ ਸੰਪਰਕ ਬਣਾ ਕੇ ਅਤੇ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਾਮਲ ਹੋ ਕੇ ਨਿੱਘੇ ਅਤੇ ਮਿਲਾਪੜੇ ਰਿਸ਼ਤੇ ਬਣਾ ਚੁੱਕੇ ਹਨ। ਗ੍ਰਾਮ ਪੰਚਾਇਤਾਂ ਕੋਲ ਜਾਣਾ, ਗ੍ਰਾਮ ਪੰਚਾਇਤਾਂ ਨੂੰ ਦਫ਼ਤਰ ਬੁਲਾਉਣਾ, ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ, ਵਿਕਾਸ ਸਬੰਧੀ ਕੰਮਾਂ ਲਈ ਵੱਧ ਤੋਂ ਵੱਧ ਗ੍ਰਾਂਟਾਂ ਤਕਸੀਮ ਕਰਨਾ, ਉਨ੍ਹਾਂ ਦੇ ਰੁਟੀਨ ਦੇ ਕੰਮ ਦਾ ਹਿੱਸਾ ਰਿਹਾ ਹੈ। ਬਲਾਚੌਰ ਵਿਚ ਆਉਣ ਵਾਲੀਆਂ ਚੋਣਾਂ ਦੌਰਾਨ ਮੁਕਾਬਲਾ ਤਿੱਖਾ ਹੁੰਦਾ ਹੈ ਤਾਂ ਵੀ ਸੰਤੋਸ਼ ਕਟਾਰੀਆ ਦੀ ਲੋਕਾਂ ਵਿਚ ਬਣੀ ਸਿੱਧੀ ਸਾਂਝ ਵਿਰੋਧੀ ਧਿਰ ਲਈ ਇੱਕ ਵੱਡੀ ਚੁਣੌਤੀ ਹੋਵੇਗੀ। ਇਸ ਤਰ੍ਹਾਂ ਬਲਾਚੌਰ ਦੀ ਅਗਲੀ ਸਿਆਸੀ ਲੜਾਈ ਸਿਰਫ ਪਾਰਟੀਆਂ ਵਿਚਕਾਰ ਨਹੀਂ, ਬਲਕਿ ਕਾਰਗੁਜ਼ਾਰੀ, ਲੋਕ ਸੰਪਰਕ ਅਤੇ ਭਰੋਸੇ ਦੀ ਵੀ ਲੜਾਈ ਹੈ। ਵਿਧਾਨ ਸਭਾ ਹਲਕੇ ਦੇ ਰਿਪੋਰਟ ਕਾਰਡ : ਵਿਧਾਇਕ ਬਣਨ ਤੋਂ ਬਾਅਦ ਸੰਤੋਸ਼ ਕਟਾਰੀਆ ਦੀ ਜ਼ਿੰਮੇਵਾਰੀ ਸਿਰਫ ਵਿਧਾਨ ਸਭਾ ਤੱਕ ਸੀਮਿਤ ਨਹੀਂ ਰਹੀ। ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਉਣਾ ਵੀ ਉਨ੍ਹਾਂ ਦੀ ਭੂਮਿਕਾ ਦਾ ਮਹੱਤਵ ਪੂਰਨ ਹਿੱਸਾ ਰਿਹਾ ਹੈ।। ਵਿਧਾਨ ਸਭਾ ਵਿਚ ਉਨ੍ਹਾਂ ਵੱਲੋਂ ਵੱਖ-ਵੱਖ ਲੋਕ ਹਿੱਤ ਦੇ ਮੁੱਦੇ ਉਠਾਏ ਗਏ। ਹਲਕੇ ਦੇ ਵਿਕਾਸ ਲਈ ਸੜਕਾਂ, ਪੀਣ ਵਾਲਾ ਪਾਣੀ, ਸੀਵਰੇਜ ਅਤੇ ਡਰੇਨੇਜ ਸਿੱਖਿਆ, ਸਿਹਤ ਸਹੂਲਤਾਂ, ਰੋਜਗਾਰ, ਖੇਤੀਬਾੜੀ ਅਤੇ ਪੇਡੂ ਬੁਨਿਆਦੀ ਢਾਂਚੇ ਵਰਗੇ ਮੁੱਦਿਆਂ, ਉਨ੍ਹਾਂ ਦੇ ਕਾਰਜ ਕਾਲ ਦੌਰਾਨ ਕਰੋੜਾਂ ਰੁਪਏ ਦੇ ਸਿੰਚਾਈ ਪ੍ਰਾਜੈਕਟ/ਕੰਢੀ ਨਹਿਰ, ਨਹਿਰ ਬਿਸਤ ਦੁਆਬ 214 ਕਰੋੜ ਦੀ ਲਾਗਤ ਨਾਲ ਲਿਫਟ ਸਿੰਚਾਈ ਯੋਜਨਾ ਸ਼ੁਰੂ ਕਰਾ ਕੇ ਕਿਸਾਨਾ ਦੀਆਂ ਬੰਜਰ ਜਮੀਨਾਂ ਤੱਕ ਪਾਣੀ ਪਹੁੰਚਾ ਕੇ ਸਿੰਚਾਈ ਵਿਚ ਤਬਦੀਲ ਕਰਨਾ, ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨਾ, ਸਿਹਤ ਸਹੂਲਤਾਂ ਉਪਰ ਤਿੱਖੀ ਨਜ਼ਰ ਰੱਖਣਾ ਆਦਿ ਮੁੱਦਿਆਂ ’ਤੇ ਇੱਕ ਵਿਧਾਇਕ ਵਜੋਂ ਉਨ੍ਹਾਂ ਦੀ ਕਾਰਜ ਗੁਜਾਰੀ ਬਹੁਤ ਸ਼ਲਾਘਾਯੋਗ ਰਹੀ, ਜੋ ਬਲਾਚੌਰ ਵਰਗੇ ਖੇਤੀ ਪ੍ਰਧਾਨ ਹਲਕੇ ਲਈ ਖਾਸ ਮਹੱਤਵ ਰੱਖਦੀ ਹੈ। ਇਸ ਤਰ੍ਹਾਂ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੂੰ ਮਜ਼ਬੂਤ ਸਿਆਸੀ ਸਥਿਤੀ ਵਿਚ ਦੇਖਿਆ ਜਾ ਰਿਹਾ ਹੈ। ਲੋਕ ਉਨ੍ਹਾਂ ਨੂੰ ਜੇਤੂ ਆਗੂ ਵਜੋਂ ਤਸਲੀਮ ਕਰ ਰਹੇ ਹਨ।