
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਔੜ 'ਚ ਮ੍ਰਿਤਕ ਦੀ ਲਾਸ਼ ਨੂੰ ਸੜਕ ਵਿਚਕਾਰ ਰੱਖ ਕੇ ਪਰਿਵਾਰਿਕ ਮੈਂਬਰਾਂ ਨੇ ਕੀਤਾ ਚੱਕਾ ਜਾਮ

ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ
ਔੜ : ਕਸਬਾ ਔੜ ਦੇ ਬਾਬਾ ਵਿਸ਼ਵਕਰਮਾ ਮੰਦਰ ਅੱਗੇ ਸੜਕ ’ਚ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਰੱਖ ਕੇ ਚੱਕਾ ਜਾਮ ਲਗਾ ਦਿੱਤਾ। ਇਸ ਮੌਕੇ ਮ੍ਰਿਤਕ ਦੀ ਨੂੰਹ ਹਰਦੀਪ ਕੌਰ ਪਤਨੀ ਭੁਪਿੰਦਰ ਸਿੰਘ ਰਾਜਾ ਸਾਬਕਾ ਪੰਚ ਵਾਸੀ ਔੜ ਨੇ ਦੱਸਿਆ ਕਿ ਉਸ ਦੇ ਪਤੀ ਭੁਪਿੰਦਰ ਸਿੰਘ ਰਾਜਾ ’ਤੇ ਔੜ ਦੇ ਹੀ ਇੱਕ ਵਿਅਕਤੀ ਨੇ ਗਲਤ ਦੋਸ਼ ਲਾ ਕੇ ਪਰਚਾ ਦਰਜ ਕਰਵਾ ਦਿੱਤਾ। ਜਿਸ ਕਰ ਕੇ ਮਾਨਸਿਕ ਤੌਰ ’ਤੇ ਪਰੇਸ਼ਾਨ ਹੋ ਕੇ ਭੁਪਿੰਦਰ ਸਿੰਘ ਰਾਜਾ ਕਈ ਦਿਨ ਪਹਿਲਾਂ ਘਰੋਂ ਕਿਤੇ ਚਲਾ ਗਿਆ। ਜੋ ਅਜੇ ਤੱਕ ਵਾਪਸ ਨਹੀਂ ਆਇਆ। ਜਿਸ ਕਰ ਕੇ ਉਨ੍ਹਾਂ ਦਾ ਬਿਮਾਰ ਚੱਲਦਾ ਆ ਰਿਹਾ ਪਿਤਾ ਗੁਰਮੀਤ ਸਿੰਘ (75) ਆਪਣੇ ਪੁੱਤ ਦੇ ਘਰੋਂ ਜਾਣ ਦਾ ਦੁੱਖ ਨਾ ਸਹਾਰ ਸਕਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਧੱਕੇਸ਼ਾਹੀ ਖ਼ਿਲਾਫ਼ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਚੱਕਾ ਜਾਮ ਕਰ ਕੇ ਆਪਣਾ ਵਿਰੋਧ ਦਰਜ ਕੀਤਾ। ਇਸ ਮੌਕੇ ਭੁਪਿੰਦਰ ਸਿੰਘ ਰਾਜਾ ਖ਼ਿਲਾਫ਼ ਕੀਤੀ ਜਾ ਰਹੀ ਪੁਲਿਸ ਕਾਰਵਾਈ ਨੂੰ ਖਾਰਜ ਕਰਨ ਦੀ ਵੀ ਮੰਗ ਕੀਤੀ ਗਈ। ਇਸ ਮੌਕੇ ਭੁਪਿੰਦਰ ਸਿੰਘ ਰਾਜਾ ਦੇ ਭਰਾ ਲਖਵਿੰਦਰ ਸਿੰਘ ਲੱਕੀ ਨੇ ਦੱਸਿਆ ਕਿ ਇੱਕ ਤਾਂ ਉਨ੍ਹਾਂ ਦੇ ਭਰਾ ’ਤੇ ਨਾਜਾਇਜ਼ ਪਰਚਾ ਦਰਜ ਕੀਤਾ ਹੈ ਤੇ ਦੂਜਾ ਇਸ ਸਦਮੇ ਨੂੰ ਨਾ ਸਹਾਰਦਾ ਹੋਇਆ ਉਨ੍ਹਾਂ ਦਾ ਪਿਤਾ ਵੀ ਦੁਨੀਆ ਤੋਂ ਰੁਖਸਤ ਹੋ ਗਿਆ ਹੈ। ਜਿਸ ਕਰ ਕੇ ਪ੍ਰਸ਼ਾਸਨ ਤੁਰੰਤ ਉਨ੍ਹਾਂ ਦੀ ਮਦਦ ਲਈ ਅੱਗੇ ਆਵੇ। ਇਸ ਮੌਕੇ ਹਲਕਾ ਬੰਗਾ ਤੋਂ ਕਾਂਗਰਸ ਦੇ ਸੀਨੀਅਰ ਆਗੂ ਕਮਲਜੀਤ ਬੰਗਾ ਨੇ ਸ਼ਮੂਲੀਅਤ ਕਰਦਿਆਂ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ। ਉਧਰ ਇਸ ਚੱਕਾ ਜਾਮ ਦਾ ਪਤਾ ਚੱਲਣ ’ਤੇ ਮੌਕੇ ’ਤੇ ਪੁੱਜੀ ਪੁਲਿਸ ਥਾਣਾ ਔੜ ਦੀ ਐੱਸਐੱਚਓ ਨਰੇਸ਼ ਕੁਮਾਰੀ ਨੇ ਪਰਿਵਾਰਕ ਮੈਂਬਰਾਂ ਨੂੰ ਬਣਦਾ ਇਨਸਾਫ਼ ਦੇਣ ਦਾ ਭਰੋਸਾ ਦੇ ਕੇ ਮ੍ਰਿਤਕ ਬਜ਼ੁਰਗ ਗੁਰਮੀਤ ਸਿੰਘ ਦੀ ਲਾਸ਼ ਦਾ ਸੰਸਕਾਰ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹੋਏ ਟ੍ਰੈਫਿਕ ਨੂੰ ਚਾਲੂ ਕਰਵਾਇਆ। ਇਸ ਮਾਮਲੇ ਨੂੰ ਉੱਚ ਅਫਸਰਾਂ ਦੀ ਪਰਿਵਾਰਕ ਮੈਂਬਰਾਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਨਵਾਂਸ਼ਹਿਰ ਦੇ ਡੀਐੱਸਪੀ ਪੰਕਜ ਸ਼ਰਮਾ, ਹੈਰੀ ਬੋਪਾਰਾਏ ਐੱਸਐੱਚਓ ਪੁਲਿਸ ਥਾਣਾ ਰਾਹੋਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਮੌਕੇ ’ਤੇ ਪੁੱਜੀ। ਖ਼ਬਰ ਲਿਖੇ ਜਾਣ ਤੱਕ ਪਰਿਵਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਸੀ।
ਪੁਲਿਸ ਥਾਣਾ ਔੜ ਵਿਖੇ ਅਹੁਦਾ ਸੰਭਾਲਣ ਉਪਰੰਤ ਐੱਸਐੱਚਓ ਨਰੇਸ਼ ਕੁਮਾਰੀ ਨੇ ਕਸਬਾ ਔੜ ਇਲਾਕੇ ਵਿਚ ਨਸ਼ਾ ਵਿਰੋਧੀ ਮੁਹਿੰਮ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਤੇਜ਼ ਕਰ ਦਿੱਤੀ ਹੈ। ਐੱਸਐੱਚਓ ਨੇ ਦੱਸਿਆ ਕਿ ਵੱਖ-ਵੱਖ ਥਾਵਾਂ ’ਤੇ ਚੈਕਿੰਗ ਕਰਦਿਆਂ ਦੱਸਿਆ ਕਿ ਐੱਸਐੱਸਪੀ ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੀਐੱਸਪੀ ਡੀ ਜਤਿੰਦਰ ਸਿੰਘ ਚੌਹਾਨ ਅਤੇ ਡੀਐੱਸਪੀ ਨਵਾਂਸ਼ਹਿਰ ਪੰਕਜ਼ ਸ਼ਰਮਾ ਦੀ ਅਗਵਾਈ ਵਿਚ ਕਸਬਾ ਔੜ ਦੇ ਨਸ਼ਾ ਵੇਚਣ ਸਬੰਧੀ ਸ਼ੱਕੀ ਘਰਾਂ ’ਤੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਰਾਹੀਂ ਨਸ਼ਾ ਸਮੱਗਲਰਾਂ ਨੂੰ ਤਾੜਨਾ ਕੀਤੀ ਕਿ ਇਲਾਕੇ ਵਿਚ ਨਸ਼ਾ ਤਸਕਰੀ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸ਼ਿਕੰਜਾ ਹੀ ਇਸ ਕਦਰ ਕੱਸਿਆ ਜਾਵੇਗਾ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਖ਼ਿਲਾਫ਼ ਛੇੜੀ ਗਈ ਜੰਗ ਵਿਚ ਪੂਰਨ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਨਸ਼ਾ ਕਾਰੋਬਾਰ ਬੰਦ ਕਰਵਾਉਣਾ ਅਤਿ ਜ਼ਰੂਰੀ ਹੋ ਗਿਆ ਹੈ। ਇਸ ਮੌਕੇ ਅਵਤਾਰ ਸਿੰਘ ਐੱਸਐੱਚਓ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ, ਸਤਨਾਮ ਸਿੰਘ ਇੰਚਾਰਜ ਪੁਲਿਸ ਚੌਕੀ ਸ਼ੇਖਾ ਮਾਜਰਾ ਤੋਂ ਇਲਾਵਾ ਗੜੁੱਪੜ ਦੇ ਸਰਪੰਚ ਸਤਵਿੰਦਰ ਸਿੰਘ, ਪੰਚ ਬਲਵੀਰ ਸਿੰਘ ਅਤੇ ਹੋਰ ਪੰਚਾਇਤ ਮੈਂਬਰਾਂ ਹਾਜ਼ਰ ਸਨ।