ਜ਼ਿਲ੍ਹੇ ਅੰਦਰ ਮੁੰਡੇ ਤੇ ਕੁੜੀਆਂ ਦੇ ਲਿੰਗ ਅਨੁਪਾਤ 'ਚ ਸੁਧਾਰ-ਸਿਵਲ ਸਰਜਨ
ਜ਼ਿਲ੍ਹੇ ਅੰਦਰ ਮੁੰਡੇ ਤੇ ਕੁੜੀਆਂ ਦੇ ਲਿੰਗ ਅਨੁਪਾਤ 'ਚ ਸੁਧਾਰ-ਸਿਵਲ ਸਰਜਨ
Publish Date: Mon, 30 Mar 2026 04:25 PM (IST)
Updated Date: Mon, 30 Mar 2026 04:27 PM (IST)

ਬਲਿਹਾਰ ਸਿੰਘ, ਪੰਜਾਬੀ ਜਾਗਰਣ, ਨਵਾਂਸ਼ਹਿਰ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹੇ ਅੰਦਰ ਮੁੰਡੇ-ਕੁੜੀਆਂ ਦੇ ਲਿੰਗ ਅਨੁਪਾਤ ਦੇ ਮਾਮਲੇ ਵਿਚ ਕਾਫ਼ੀ ਸੁਧਾਰ ਕੀਤਾ ਹੈ। ਸਿਵਲ ਸਰਜਨ ਨੇ ਦੱਸਿਆ ਕਿ ਸਾਲ 2025-26 ਵਿਚ ਜ਼ਿਲ੍ਹੇ ਵਿਚ ਮੁੰਡੇ-ਕੁੜੀਆਂ ਦੇ ਲਿੰਗ ਅਨੁਪਾਤ ਵਿਚ ਸੁਧਾਰ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਚ ਮੁੰਡੇ-ਕੁੜੀਆਂ ਦਾ ਲਿੰਗ ਅਨੁਪਾਤ (ਜਨਮ ਦੇ ਸਮੇਂ) ਸੁਧਰ ਕੇ 1000 ਮੁੰਡਿਆਂ ਪਿੱਛੇ 935 ਕੁੜੀਆਂ ਦਰਜ ਕੀਤਾ ਹੈ। ਜੋ ਸੂਬਾਈ ਔਸਤ ਤੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਭਰੂਣ ਹੱਤਿਆ ਰੋਕਣ ਲਈ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲਿੰਗ ਨਿਰਧਾਰਤ ਟੈਸਟਾਂ ਨੂੰ ਰੋਕਣ ਲਈ ਪੀਸੀ ਪੀਐਨਡੀਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਨ, ਟ੍ਰੈਕਿੰਗ ਸਿਸਟਮ ਵਿਚ ਲਿਆਉਣ ਲਈ ਪਹਿਲੀ ਤਿਮਾਹੀ ਵਿਚ ਗਰਭਵਤੀ ਔਰਤ ਨੂੰ ਰਜਿਸਟ੍ਰਡ ਕਰਨ, ਧੀਆਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀਆਂ ਮੁਫ਼ਤ ਇਲਾਜ ਵਰਗੀਆਂ ਸਿਹਤ ਸਕੀਮਾਂ ਦਾ ਜਮੀਨੀ ਪੱਧਰ ਤੱਕ ਫਾਇਦਾ ਪਹੁੰਚਾਉਣ, ਬੇਟੀ ਬਚਾਓ-ਬੇਟੀ ਪੜ੍ਹਾਓ ਪ੍ਰੋਗਰਾਮ ਤਹਿਤ ਜਨ-ਜਾਗਰੂਕਤਾ ਅੰਦੋਲਨ ਵਿੱਢਣ, ਪੀਸੀਪੀਐਨਡੀਟੀ ਅਧੀਨ ਧੀਆਂ ਦੀ ਲੋਹੜੀ ਪਾਉਣ, ਨਵਰਾਤਰਿਆਂ ਵਿਚ ਤੋਹਫੇ ਦੇ ਕੇ ਧੀਆਂ ਨੂੰ ਸਨਮਾਨਿਤ ਕਰਨ, ਧੀਆਂ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ, ਗੈਰ-ਸਰਕਾਰੀ ਸੰਗਠਨਾਂ ਤੇ ਜ਼ਿਲ੍ਹਾ ਨਿਵਾਸੀਆਂ ਦੇ ਸਿਹਤ ਵਿਭਾਗ ਦੇ ਹਰ ਉਪਰਾਲੇ ਵਿਚ ਭਰਪੂਰ ਸਹਿਯੋਗ ਸਦਕਾ ਜਨਮ ਦੇ ਸਮੇਂ ਮੁੰਡੇ-ਕੁੜੀਆਂ ਦੇ ਲਿੰਗ ਅਨੁਪਾਤ ਵਿਚਲਾ ਅੰਤਰ ਕਾਫੀ ਹੱਦ ਤੱਕ ਘਟਿਆ ਹੈ। ਉੁਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਪਿੰਡਾਂ, ਬਲਾਕਾਂ, ਜ਼ਿਲ੍ਹਾ ਪੱਧਰ ਤੇ ਕਈ ਵਿਲੱਖਣ ਪਹਿਲਕਦਮੀਆਂ ਕੀਤੀਆਂ ਹਨ। ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ ਨੇ ਕਿਹਾ ਕਿ ਧੀਆਂ ਅਤੇ ਪੁੱਤਰਾਂ ਵਿਚ ਕੋਈ ਫਰਕ ਨਹੀਂ ਹੈ ਅਤੇ ਸਮਾਜ ਦੀ ਸੋਚ ਵਿਚ ਵੀ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਓ, ਅਸੀਂ ਸਾਰੇ ਮਿਲ ਕੇ ਕੰਨਿਆ ਭਰੂਣ ਹੱਤਿਆ ਦੇ ਕਲੰਕ ਨੂੰ ਜੜ੍ਹੋਂ ਖ਼ਤਮ ਕਰਨ ਦਾ ਪ੍ਰਣ ਲਈਏ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਿੰਗ ਨਿਧਾਰਣ ਟੈਸਟ ਕਰਨ ਵਾਲੇ ਕੇਂਦਰਾਂ ਵਿਰੁੱਧ ਕਾਰਵਾਈ ਕਰਨ ਲਈ ਪੀਸੀ ਐਂਡ ਪੀਐਨਡੀਟੀ ਐਕਟ ਦਰਜ ਹੋਣ ਤੇ ਫਰਜ਼ੀ ਮਰੀਜ਼ ਨੂੰ 1 ਲੱਖ ਰੁਪਏ ਤੇ ਸੂਚਨਾ ਦੇਣ ਵਾਲੇ ਨੂੰ 50 ਹਜ਼ਾਰ ਰੁਪਏ ਦਾ ਇਨਾਮ ਵੀ ਦਿੱਤਾ ਜਾਂਦਾ ਹੈ।