ਅਕਾਲੀ-ਭਾਜਪਾ ਗਠਜੋੜ ਤੋਂ ਬਾਅਦ ਬਦਲੇਗੀ ਬਲਾਚੌਰ ਦੀ ਸਿਆਸਤ ਬਲਾਚੌਰ ਨਾਲ ਸਬੰਧਤ ਖ਼ਬਰ ਦੀਆਂ ਤਸਵੀਰਾਂ
Publish Date: Sat, 28 Nov 2026 05:43 PM (IST)
Updated Date: Sat, 28 Nov 2026 05:46 PM (IST)
ਹਰਦੀਪ ਚੌਧਰੀ, ਪੰਜਾਬੀ ਜਾਗਰਣ ਪੋਜੇਵਾਲ ਸਰਾਂ : ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਦੇ ਮੁੜ ਗਠਜੋੜ ਨਾਲ ਜਿੱਥੇ ਪੂਰੇ ਪੰਜਾਬ ਦੀ ਸਿਆਸਤ ਵਿਚ ਨਵੀਂ ਹਲਚਲ ਦੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਬਲਾਚੌਰ ਵਿਧਾਨ ਸਭਾ ਹਲਕੇ ਵਿਚ ਵੀ ਦੋਵਾਂ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਵਿਚ ਨਵਾਂ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਦੋਵਾਂ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਵਿਚਕਾਰ ਆਪਸੀ ਭਾਈਚਾਰਕ ਸਾਂਝ ਪਹਿਲਾਂ ਤੋਂ ਹੀ ਚਰਚਾ ਦਾ ਵਿਸ਼ਾ ਰਹੀ ਹੈ, ਪਰ ਹੁਣ ਖੁੱਲ੍ਹੇ ਤੌਰ ਤੇ ਗਠਜੋੜ ਹੋਣ ਕਾਰਨ ਇਹ ਸਾਂਝ ਹੋਰ ਮਜ਼ਬੂਤ ਹੁੰਦੀ ਦਿਖਾਈ ਦੇ ਰਹੀ ਹੈ। ਜੇਕਰ ਬਲਾਚੌਰ ਹਲਕੇ ਵਿਚ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਦੇ ਪੁਰਾਣੇ ਇਤਿਹਾਸ ਤੇ ਨਜ਼ਰ ਮਾਰੀ ਜਾਵੇ ਤਾਂ ਸਾਲ 1997 ਤੋਂ ਲੈ ਕੇ 2017 ਤੱਕ ਇਸ ਗਠਜੋੜ ਨੇ ਲਗਾਤਾਰ 20 ਸਾਲ ਬਲਾਚੌਰ ਹਲਕੇ ਵਿਚ ਅਕਾਲੀ ਦਲ ਦਾ ਸਿਆਸੀ ਕਿਲ੍ਹਾ ਮਜ਼ਬੂਤ ਰੱਖਿਆ। ਇਸ ਦੌਰਾਨ ਸਾਬਕਾ ਪਾਰਲੀਮਾਨੀ ਸਕੱਤਰ ਚੌਧਰੀ ਨੰਦ ਲਾਲ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰਦੇ ਰਹੇ ਅਤੇ ਆਪਣੇ ਵਿਰੋਧੀਆਂ ਨੂੰ ਹਰਾਉਂਦੇ ਹੋਏ ਵਿਧਾਨ ਸਭਾ ਵਿਚ ਆਪਣੀ ਜਗ੍ਹਾ ਬਣਾਉਂਦੇ ਰਹੇ। ਉਸ ਸਮੇਂ ਭਾਜਪਾ ਦੀ ਸਿਆਸੀ ਸਥਿਤੀ ਅੱਜ ਦੇ ਮੁਕਾਬਲੇ ਇੰਨੀ ਮਜ਼ਬੂਤ ਨਹੀਂ ਸੀ। ਬਲਾਚੌਰ ਹਲਕਾ ਜ਼ਿਆਦਾਤਰ ਪੇਂਡੂ ਖੇਤਰ ਹੋਣ ਕਾਰਨ ਅਕਾਲੀ ਦਲ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਰਿਹਾ ਹੈ। ਪਰ ਅਜੋਕੇ ਸਿਆਸੀ ਹਾਲਾਤ ਵਿਚ ਬਲਾਚੌਰ ਹਲਕੇ ਅੰਦਰ ਭਾਜਪਾ ਦਾ ਪ੍ਰਭਾਵ ਵੀ ਵਧਦਾ ਨਜ਼ਰ ਆ ਰਿਹਾ ਹੈ। ਇਸ ਦੀ ਇੱਕ ਉਦਾਹਰਣ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਦੇਖਣ ਨੂੰ ਮਿਲੀ, ਜਦੋਂ ਦੋਵਾਂ ਪਾਰਟੀਆਂ ਨੇ ਵੱਖ-ਵੱਖ ਚੋਣ ਲੜੀ ਸੀ ਅਤੇ ਭਾਜਪਾ ਦੇ ਵੋਟ ਬੈਂਕ ਵਿਚ ਵਾਧਾ ਦੇਖਣ ਨੂੰ ਮਿਲਿਆ ਸੀ। ਭਾਜਪਾ ਵੱਲੋਂ ਐਡਵੋਕੇਟ ਰਾਜਵਿੰਦਰ ਲੱਕੀ ਜੋ ਜ਼ਿਲ੍ਹਾ ਪ੍ਰਧਾਨ ਭਾਜਪਾ ਹਨ ਕਾਫ਼ੀ ਸਰਗਰਮ ਆਗੂ ਵਜੋਂ ਉੱਭਰ ਰਹੇ ਹਨ। ਦੂਜੇ ਪਾਸੇ ਸੰਦੀਪ ਸੋਨੂੰ ਭਾਟੀਆ ਵੀ ਜ਼ਮੀਨੀ ਪੱਧਰ ਤੇ ਵਰਕਰਾਂ ਨਾਲ ਜੁੜੇ ਹੋਏ ਹਨ। ਜੇਕਰ ਗਠਜੋੜ ਵੱਲੋਂ ਇਨ੍ਹਾਂ ਵਿਚੋਂ ਕਿਸੇ ਆਗੂ ਤੇ ਉਮੀਦਵਾਰੀ ਲਈ ਦਾਅ ਖੇਡਿਆ ਜਾਂਦਾ ਹੈ ਤਾਂ ਇਹ ਪਾਰਟੀ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ। ਇਸੇ ਤਰ੍ਹਾਂ ਪਿੰਡ ਨਾਨੋਵਾਲ ਦੇ ਅਸ਼ੋਕ ਕੁਮਾਰ ਵੀ ਸਿਆਸੀ ਚਰਚਾ ਵਿਚ ਹਨ, ਉਹ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਰਹੇ ਹਨ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਦੌਰਾਨ ਵਿਧਾਇਕ ਸੰਤੋਖ ਕਟਾਰੀਆ ਦੇ ਪੁੱਤਰ ਕਰਨ ਕਟਾਰੀਆ ਦੇ ਖ਼ਿਲਾਫ਼ ਚੋਣ ਲੜ ਚੁੱਕੇ ਹਨ। ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਉਹ ਵੀ ਟਿਕਟ ਦੇ ਦਾਅਵੇਦਾਰਾਂ ਵਿਚ ਆਪਣਾ ਨਾਮ ਸ਼ਾਮਲ ਕਰਵਾ ਚੁੱਕੇ ਹਨ। ਬਲਾਚੌਰ ਹਲਕੇ ਵਿਚ ਹਰਿਆਣਾ ਦੇ ਮੁੱਖ ਮੰਤਰੀ ਦੀਆਂ ਫੇਰੀਆਂ ਵੀ ਕਾਫ਼ੀ ਚਰਚਾ ਦਾ ਵਿਸ਼ਾ ਰਹੀਆਂ ਹਨ। ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਪਿੰਡ ਬਾਗੋਵਾਲ ਪਹੁੰਚ ਕੇ ਰਵਿੰਦਰ ਸਿੰਘ ਬਾਗੋਵਾਲ ਨੂੰ ਭਾਜਪਾ ਵਿਚ ਸ਼ਾਮਲ ਕਰਵਾਇਆ ਸੀ। ਇਸੇ ਤਰ੍ਹਾਂ ਸੰਡਰੇਵਾਲ ਦੇ ਵਿਜੇ ਭਾਟੀਆ, ਜੋ ਭਾਜਪਾ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਚੁੱਕੇ ਹਨ, ਵੀ ਸਰਗਰਮ ਆਗੂ ਵਜੋਂ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ ਅਜੇ ਕਟਾਰੀਆ ਦਾ ਨਾਮ ਵੀ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਉਨ੍ਹਾਂ ਵੱਲੋਂ ਹਲਕੇ ਵਿਚ ਫਲੈਕਸ ਬੋਰਡ ਲਗਵਾਏ ਜਾ ਰਹੇ ਹਨ। ਦੂਜੇ ਪਾਸੇ ਅਕਾਲੀ ਦਲ ਵੱਲੋਂ ਵੀ ਆਪਣੀ ਸਿਆਸੀ ਸਰਗਰਮੀ ਤੇਜ਼ ਕਰ ਦਿੱਤੀ ਹੈ। ਪਾਰਟੀ ਵੱਲੋਂ ਸੰਦੀਪ ਹਨੀ ਟੌਂਸਾ ਨੂੰ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜੋ ਪਾਰਟੀ ਦੀ ਮਜ਼ਬੂਤੀ ਲਈ ਲਗਾਤਾਰ ਮਿਹਨਤ ਕਰ ਰਹੇ ਹਨ। ਅਕਾਲੀ ਦਲ ਦੇ ਵਰਕਰਾਂ ਵਿਚ ਵੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਬਲਾਚੌਰ ਵਿਧਾਨ ਸਭਾ ਹਲਕੇ ਦੀ ਸੀਟ ਗਠਜੋੜ ਤਹਿਤ ਅਕਾਲੀ ਦਲ ਦੇ ਹਿੱਸੇ ਆਵੇਗੀ ਜਾਂ ਭਾਜਪਾ ਦੇ। ਇਸ ਮੁੱਦੇ ਨੂੰ ਲੈ ਕੇ ਸਿਆਸੀ ਗਲਿਆਰਿਆਂ ਅਤੇ ਆਮ ਲੋਕਾਂ ਵਿਚ ਕਾਫ਼ੀ ਚਰਚਾ ਹੋ ਰਹੀ ਹੈ। ਇੱਕ ਪਾਸੇ ਭਾਜਪਾ ਦੇ ਕਈ ਆਗੂ ਟਿਕਟ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ, ਉੱਥੇ ਹੀ ਅਕਾਲੀ ਦਲ ਦੇ ਪੁਰਾਣੇ ਵਰਕਰ ਵੀ ਆਪਣੇ ਹਲਕੇ ਵਿਚ ਪਾਰਟੀ ਦੀ ਮਜ਼ਬੂਤ ਪਕੜ ਨੂੰ ਦੇਖਦੇ ਹੋਏ ਉਮੀਦਵਾਰੀ ਦੀ ਸੀਟ ਆਪਣੇ ਹਿੱਸੇ ਆਉਣ ਦੀ ਆਸ ਲਗਾਈ ਬੈਠੇ ਹਨ। ਗਠਜੋੜ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਆਗੂ ਆਪੋ-ਆਪਣੇ ਪੱਧਰ ਤੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਵਰਕਰਾਂ ਨੂੰ ਲਾਮਬੰਦ ਕਰਨ ਵਿਚ ਜੁਟੇ ਹੋਏ ਹਨ। ਭਾਜਪਾ ਵਿਚ ਨਵੇਂ ਆਗੂਆਂ ਦੀ ਸ਼ਮੂਲੀਅਤ ਅਤੇ ਟਿਕਟ ਲਈ ਵਧ ਰਹੀਆਂ ਸਰਗਰਮੀਆਂ ਨੇ ਬਲਾਚੌਰ ਦੀ ਸਿਆਸਤ ਵਿਚ ਰੋਜ਼ਾਨਾ ਨਵੀਂ ਚਰਚਾ ਛੇੜ ਦਿੱਤੀ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਗਠਜੋੜ ਵਿਚਕਾਰ ਮੁਕਾਬਲਾ ਕਾਫ਼ੀ ਦਿਲਚਸਪ ਹੋਣ ਦੀ ਸੰਭਾਵਨਾ ਹੈ। ਇਸ ਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਪਾਰਟੀਆਂ ਵੱਲੋਂ ਨਵੇਂ ਚਿਹਰਿਆਂ ਨੂੰ ਮੌਕਾ ਦੇਣ ਦੀਆਂ ਸੰਭਾਵਨਾਵਾਂ ਵੀ ਸਿਆਸੀ ਚਰਚਾ ਦਾ ਹਿੱਸਾ ਹਨ। ਅਜਿਹੇ ਵਿਚ ਹਰੇਕ ਪਾਰਟੀ ਲਈ ਚੋਣ ਮੈਦਾਨ ਵਿਚ ਆਪਣੀ ਪਕੜ ਬਣਾਉਣਾ ਇੱਕ ਵੱਡੀ ਚੁਣੌਤੀ ਹੋਵੇਗੀ। ਆਉਣ ਵਾਲੇ ਦਿਨਾਂ ਵਿਚ ਟਿਕਟਾਂ ਦੀ ਵੰਡ, ਆਗੂਆਂ ਦੀਆਂ ਸਰਗਰਮੀਆਂ ਅਤੇ ਪਾਰਟੀਆਂ ਵਿਚਕਾਰ ਸਿਆਸੀ ਖਿੱਚੋਤਾਣ ਬਲਾਚੌਰ ਦਾ ਸਿਆਸੀ ਪਾਰਾ ਹੋਰ ਗਰਮ ਕਰ ਸਕਦੀ ਹੈ। ਅਕਾਲੀ ਦਲ ਅਤੇ ਭਾਜਪਾ ਦਾ ਇਹ ਮੁੜ ਗਠਜੋੜ ਬਲਾਚੌਰ ਹਲਕੇ ਦੀ ਸਿਆਸਤ ਵਿਚ ਕਿਹੜੇ ਨਵੇਂ ਸਮੀਕਰਨ ਪੈਦਾ ਕਰੇਗਾ ਅਤੇ ਕਿਸ ਪਾਰਟੀ ਦੇ ਉਮੀਦਵਾਰ ਨੂੰ ਜਿੱਤ ਮਿਲੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਇੱਕ ਗੱਲ ਸਪੱਸ਼ਟ ਹੈ ਕਿ ਇਸ ਗਠਜੋੜ ਨਾਲ ਬਲਾਚੌਰ ਦੀ ਸਿਆਸਤ ਵਿਚ ਨਵਾਂ ਅਧਿਆਇ ਜ਼ਰੂਰ ਸ਼ੁਰੂ ਹੋ ਗਿਆ ਹੈ।