- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵਾਂਸ਼ਹਿਰ 'ਚ ਨਜਾਇਜ ਕਬਜਿਆਂ ਦੀ ਭਰਮਾਰ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਭਾਵੇਂ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿਚ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਸਮੇਂ-ਸਮੇਂ ਸਿਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਸਮੇਤ ਨਗਰ ਕੌਂਸਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਜਿਸ ਤਹਿਤ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਦੇ ਸਾਮਾਨ ਨੂੰ ਕਬਜ਼ੇ ਵਿਚ ਲੈਣ ਅਤੇ ਕਬਜ਼ੇ ਵਾਲੀ ਥਾਂ ਨੂੰ ਪੱਧਰਾ ਕਰਵਾਉਣ ਦੀ ਹਦਾਇਤ ਕੀਤੀ ਜਾਂਦੀ ਹੈ ਪਰ ਮੌਕੇ ਤੇ ਅਫ਼ਸਰਾਂ ਅਤੇ ਮੁਲਾਜ਼ਮਾਂ ਵੱਲੋਂ ਇਸ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਜਿਸ ਕਾਰਨ ਇਲਾਕੇ ਵਿਚ ਨਾਜਾਇਜ਼ ਕਬਜ਼ਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਨਾਜਾਇਜ਼ ਕਬਜ਼ਿਆਂ ਦੇ ਨਾਲ-ਨਾਲ ਜ਼ਿਲ੍ਹੇ ਦੀਆਂ ਸੜਕਾਂ ’ਤੇ ਬਣੇ ਫੁੱਟਪਾਥਾਂ ਤੇ ਵਾਹਨ ਚਾਲਕਾਂ ਵੱਲੋਂ ਮਨਮਰਜ਼ੀ ਨਾਲ ਰਾਂਗ ਪਾਰਕਿੰਗ ਕਰ ਕੇ ਲੋਕਾਂ ਦੀ ਪਰੇਸ਼ਾਨੀ ਨੂੰ ਹੋਰ ਵੀ ਵਧਾਇਆ ਜਾ ਰਿਹਾ ਹੈ। ਪਰ ਇਸ ਦੀ ਰੋਕਥਾਮ ਕਰਨ ਵਾਲਾ ਟ੍ਰੈਫਿਕ ਵਿਭਾਗ ਰਾਗ ਪਾਰਕਿੰਗ ਵਾਹਨਾਂ ਨੂੰ ਨਜ਼ਰਅੰਦਾਜ਼ ਕਰਦੇ ਅੱਗੇ ਵੱਧ ਜਾਂਦਾ ਹੈ। ਜਿਸ ਕਾਰਨ ਆਏ ਦਿਨ ਹਾਦਸਿਆਂ ਦੀ ਸੰਭਾਵਨਾ ਵੱਧਦੀ ਜਾ ਰਹੀ ਹੈ। ਰਾਹਗੀਰਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਫੁੱਟਪਾਥਾਂ ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਯੋਗ ਉਪਰਾਲੇ ਕੀਤੇ ਜਾਣ ਤਾਂ ਜੋ ਇਲਾਕੇ ਦੇ ਲੋਕ ਆਸਾਨੀ ਨਾਲ ਫੁੱਟਪਾਥਾਂ ਰਾਹੀਂ ਆਪਣੇ ਸਫਰ ਨੂੰ ਪੂਰਾ ਕਰ ਸਕਣ। ਇਲਾਕਾ ਵਾਸੀ ਹਰਪ੍ਰੀਤ ਸਿੰਘ, ਅਵਤਾਰ ਸਿੰਘ, ਹਰਜੀਤ ਸਿੰਘ, ਤਰਲੋਚਨ ਸਿੰਘ, ਸ਼ਿੰਦਰ ਪਾਲ ਸਿੰਘ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਮੋਤਾ ਸਿੰਘ ਰੋਡ ਜਿੱਥੋਂ ਰਾਜਾ ਹਸਪਤਾਲ ਤੋਂ ਸਿਵਲ ਸਰਜਨ ਦਫ਼ਤਰ, ਧੀਰ ਹਸਪਤਾਲ, ਐੱਸਐੱਲ ਹਸਪਤਾਲ, ਤੋਂ ਹੁੰਦੇ ਹੋਏ ਪੁਰਾਣੀ ਕਚਹਿਰੀ ਰੋਡ ਕੇਕੇ ਮੈਡੀਕਲ ਸ਼ਾਪ ਤੱਕ ਵਾਲੀ ਸੜਕ ’ਤੇ ਅਕਸਰ ਰਾਂਗ ਪਾਰਕਿੰਗ ਦੇਖੀ ਜਾ ਰਹੀ ਹੈ। ਇਹੇ ਨਹੀਂ ਡੀਸੀ ਦਫ਼ਤਰ ਦੇ ਬਾਹਰ ਗਲਤ ਪਾਰਕਿੰਗ ਦੇ ਨਾਲ-ਨਾਲ ਚੰਡੀਗੜ੍ਹ ਚੌਕ, ਫੱਟੀ ਬਸਤਾ ਚੌਕ, ਅੰਬੇਡਕਰ ਚੌਕ, ਬੰਗਾ ਰੋਡ, ਗੜ੍ਹਸ਼ੰਕਰ ਰੋਡ, ਬੱਸ ਅੱਡਾ ਨਵਾਂਸ਼ਹਿਰ, ਰੇਲਵੇ ਰੋਡ, ਕੋਠੀ ਬਾਜ਼ਾਰ, ਤਾਰਾ ਆਈਸ ਫੈਕਟਰੀ ਰੋਡ ਸਮੇਤ ਮੁੱਖ ਬਾਜ਼ਾਰਾਂ ’ਚ ਗਲਤ ਪਾਰਕਿੰਗ ਦੇ ਨਾਲ-ਨਾਲ ਫੁੱਟਪਾਥ ਵਾਲੀ ਥਾਂ ’ਤੇ ਰੇਹੜੀਆਂ, ਫੜੀਆਂ ਅਤੇ ਖੋਖੇ ਵਾਲਿਆਂ ਵੱਲੋਂ ਆਪਣਾ ਸਾਮਾਨ ਖਿਲਾਰ ਕੇ ਨਾਜਾਇਜ਼ ਕਬਜ਼ੇ ਕੀਤੇ ਗਏ ਹਨ। ਜਿਸ ਕਾਰਨ ਮੁੱਖ ਮਾਰਗਾਂ ਤੇ ਆਵਾਜਾਈ ਵੀ ਬਾਧਿਤ ਹੁੰਦੀ ਰਹਿੰਦੀ ਹੈ ਅਤੇ ਰਾਹਗੀਹਾਂ ਨੂੰ ਪੈਦਲ ਚੱਲਣ ਵਿਚ ਵੀ ਪਰੇਸ਼ਾਨੀ ਹੁੰਦੀ ਹੈ। ਜਿਸ ਕਾਰਨ ਆਏ ਦਿਨ ਹਾਦਸੇ ਵਾਪਰ ਜਾਂਦੇ ਹਨ। ਇਲਾਕੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਵਿਚ ਰਾਂਗ ਪਾਰਕਿੰਗ ਅਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਸਮੇਂ ਰਹਿੰਦੇ ਯੋਗ ਉਪਰਾਲੇ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦੂਰ ਹੋ ਸਕੇ।
- ਰੇਹੜੀ ਵਾਲੇ ਵਾਰਡਾਂ ’ਚ ਜਾ ਕੇ ਸਾਮਾਨ ਵੇਚਣ ਨੂੰ ਦੇਣ ਤਰਜੀਹ
ਭਾਵੇਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਾਮ ਪ੍ਰਕਾਸ਼ ਵੱਲੋਂ ਰੇਹੜੀ ਅਤੇ ਫਲਾਂ ਵਾਲਿਆਂ ਨੂੰ ਵੱਖ-ਵੱਖ ਵਾਰਡਾਂ ’ਚ ਘੁੰਮ ਫਿਰ ਕੇ ਫਲ ਅਤੇ ਸਬਜੀਆਂ ਵੇਜਣ ਨੂੰ ਪ੍ਰੇਰਿਤ ਕੀਤਾ ਗਿਆ ਸੀ ਪਰ ਫਿਰ ਜ਼ਿਆਦਾਤਰ ਰੇਹੜੀ ਵਾਲੇ ਮੁੱਖ ਮਾਰਗਾਂ ’ਤੇ ਸੜਕ ਕਿਨਾਰੇ ਫੁੱਟਪਾਥਾਂ ’ਤੇ ਅਤੇ ਬਾਜ਼ਾਰਾਂ ਵਿਚ ਆਪਣੀਆਂ ਰੇਹੜੀਆਂ ਸਜਾ ਕੇ ਬੈਠ ਗਏ ਹਨ। ਇਨ੍ਹਾਂ ਤੋਂ ਸਾਮਾਨ ਦੀ ਖਰੀਦਦਾਰੀ ਕਰਨ ਦੇ ਚਾਹਵਾਨ ਵਾਹਨ ਚਾਲਕ ਸੜਕਾਂ ’ਤੇ ਹੀ ਆਪਣੀਆਂ ਗੱਡੀਆਂ ਨੂੰ ਖੜ੍ਹੀਆਂ ਕਰ ਕੇ ਖਰੀਦਦਾਰੀ ਵਿਚ ਜੁਟ ਜਾਂਦੇ ਹਨ। ਜਿਸ ਕਾਰਨ ਟ੍ਰੈਫਿਕ ਜਾਮ ਵਰਗੇ ਹਾਲਾਤ ਬਣੇ ਰਹਿੰਦੇ ਹਨ। ਮੌਸਮ ਨੂੰ ਬਦਲਦੇ ਮਿਜਾਜ਼ ਨੂੰ ਦੇਖਦਿਆਂ ਮੁੱਖ ਚੌਕਾਂ ਵਿਚ ਗੋਲਗੱਪਿਆਂ ਦੀ ਰੇਹੜੀ, ਬਰਗਰ, ਮੋਮੋਜ਼, ਐਨਕਾਂ, ਦਸਤਾਨੇ, ਟੋਪੀਆਂ, ਜੁਰਾਬਾਂ, ਮੋਬਾਈਲ ਕਵਰ ਸਮੇਤ ਹੋਰਨਾਂ ਫਲਾਂ ਅਤੇ ਸਬਜ਼ੀਆਂ ਦੀਆਂ ਰੇਹੜੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ।
- ਦੁਕਾਨਦਾਰਾਂ ਦੀ ਸ਼ਹਿ ’ਤੇ ਹੁੰਦੇ ਹਨ ਸੜਕ ਕਿਨਾਰਿਆਂ ’ਤੇ ਨਾਜਾਇਜ਼ ਕਬਜ਼ੇ
ਲੋਕਾਂ ਨੇ ਦੱਸਿਆ ਕਿ ਕੁਝ ਕੁ ਦੁਕਾਨਦਾਰਾਂ ਵੱਲੋਂ ਪੈਸੇ ਲੈ ਕੇ ਦੁਕਾਨਾਂ ਅੱਗੇ ਰੇਹੜੀਆਂ ਖੜ੍ਹੀਆਂ ਕਰਵਾਈਆਂ ਜਾ ਰਹੀਆਂ ਹਨ। ਜਦਕਿ ਕੁਝ ਕੁ ਰੇਹੜੀ ਵਾਲਿਆਂ ਵੱਲੋਂ ਦੁਕਾਨ ’ਤੇ ਅੱਗੇ ਸਾਫ-ਸਫ਼ਾਈ, ਪਾਣੀ ਦਾ ਛਿੜਕਾਅ ਅਤੇ ਹੋਰ ਜ਼ਰੂਰੀ ਕੰਮਕਾਰ ਕਰ ਕੇ ਦੁਕਾਨਦਾਰਾਂ ਨਾਲ ਨੇੜਤਾ ਵਧਾਈ ਹੈ। ਰੇਹੜੀ ਵਾਲਿਆਂ ਵੱਲੋਂ ਦੁਕਾਨਾਂ ਖੋਲ੍ਹਣ ਅਤੇ ਬੰਦ ਕਰਨ ਸਮੇਂ ਦੁਕਾਨਦਾਰਾਂ ਦਾ ਸਮਾਨ ਦੁਕਾਨਾਂ ਤੇ ਬਾਹਰ ਸਜਾਉਣ ਨੂੰ ਵੀ ਮਦਦ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਰਿਕਸ਼ੇ ਵਾਲਿਆਂ, ਆਟੋ ਚਾਲਕਾਂ ਨੂੰ ਵੀ ਨਿਰਧਾਰਿਤ ਥਾਂ ਨਾ ਮਿਲਣ ਕਾਰਨ ਉਹ ਵੀ ਆਪਣੇ ਵਾਹਨ ਲੈ ਕੇ ਚੌਕਾਂ ’ਚ ਘੁੰਮਦੇ ਜਾਂ ਡੇਰਾ ਜਮਾਏ ਆਮ ਦੇਖੇ ਜਾ ਰਹੇ ਹਨ। ਜਿਸ ਕਾਰਨ ਨਵਾਂਸ਼ਹਿਰ ’ਚ ਦਿਨ-ਬ-ਦਿਨ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਵੱਧਦੀ ਜਾ ਰਹੀ ਹੈ।