ਹੁਸਨ ਲਾਲ ਚੌਹਾਨ ਸਰਕਲ ਮਾਲੇਵਾਲ ਕੰਡੀ ਦੇ ਯੂਥ ਪ੍ਰਧਾਨ ਨਿਯੁਕਤ ਹੁਸਨ ਲਾਲ ਚੌਹਾਨ ਸਰਕਲ ਮਾਲੇਵਾਲ ਕੰਡੀ ਦੇ ਯੂਥ ਪ੍ਰਧਾਨ ਨਿਯੁਕਤ
Publish Date: Mon, 31 Aug 2026 04:53 PM (IST)
Updated Date: Mon, 31 Aug 2026 04:55 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਜਮੀਨੀ ਪੱਧਰ ਤੇ ਹੋਰ ਮਜ਼ਬੂਤ ਕਰਨ ਅਤੇ ਬਲਾਚੌਰ ਹਲਕੇ ਵਿਚ ਪਾਰਟੀ ਗਤੀਵਿਧੀਆਂ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਨਵੀਂਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਪਾਰਟੀ ਪ੍ਰਤੀ ਵਫ਼ਾਦਾਰੀ, ਲੰਮੇ ਸਮੇਂ ਤੋਂ ਦਿੱਤੀਆਂ ਜਾ ਰਹੀਆਂ ਬੇਮਿਸਾਲ ਸੇਵਾਵਾਂ ਅਤੇ ਮਿਹਨਤ ਨੂੰ ਧਿਆਨ ਵਿਚ ਰੱਖਦਿਆਂ ਪਾਰਟੀ ਹਾਈਕਮਾਂਡ ਅਤੇ ਸੰਦੀਪ ਕੁਮਾਰ ਹਨੀ ਟੌਂਸਾ ਦੀ ਰਹਿਨੁਮਾਈ ਹੇਠ ਦੋ ਮਿਹਨਤੀ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪ ਕੇ ਨਿਯੁਕਤੀ ਪੱਤਰ ਦਿੱਤੇ ਗਏ। ਆਗੂਆਂ ਨੇ ਦੱਸਿਆ ਕਿ ਹੁਸਨ ਲਾਲ ਚੌਹਾਨ ਪਾਰਟੀ ਪ੍ਰਤੀ ਉਨ੍ਹਾਂ ਦੇ ਲੰਮੇ ਤਜਰਬੇ ਅਤੇ ਯੂਥ ਵਰਕਰਾਂ ਵਿਚ ਚੰਗੀ ਪਕੜ ਨੂੰ ਦੇਖਦਿਆਂ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਮਾਲੇਵਾਲ ਕੰਡੀ ਦੇ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਵਿੱਕੀ ਬਲਾਚੌਰ ਵੱਲੋਂ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਸਮਾਜ ਦੇ ਹਰ ਵਰਗ ਦੇ ਹੱਕਾਂ ਲਈ ਨਿਭਾਈਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਲਾਚੌਰ ਸ਼ਹਿਰੀ ਦੇ ਐੱਸ.ਸੀ. ਵਿੰਗ ਦਾ ਪ੍ਰਧਾਨ ਥਾਪਿਆ ਗਿਆ ਹੈ। ਨਵ-ਨਿਯੁਕਤ ਆਗੂਆਂ ਹੁਸਨ ਲਾਲ ਚੌਹਾਨ ਅਤੇ ਵਿੱਕੀ ਨੇ ਪਾਰਟੀ ਹਾਈਕਮਾਂਡ, ਸੀਨੀਅਰ ਲੀਡਰਸ਼ਿਪ ਅਤੇ ਸੰਦੀਪ ਕੁਮਾਰ ਹਨੀ ਟੌਂਸਾ ਦਾ ਤਹਿ ਦਿਲੋਂ ਧੰਨਵਾਦ ਪ੍ਰਗਟਾਇਆ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਵੱਲੋਂ ਜੋ ਮਾਣ-ਸਤਿਕਾਰ ਅਤੇ ਜਿੰਮੇਵਾਰੀ ਸੌਂਪੀ ਹੈ, ਉਹ ਉਸ ਤੇ ਪੂਰੀ ਇਮਾਨਦਾਰੀ ਨਾਲ ਖਰੇ ਉਤਰਨਗੇ। ਉਨ੍ਹਾਂ ਕਿਹਾ ਕਿ ਉਹ ਦਿਨ-ਰਾਤ ਮਿਹਨਤ ਕਰਕੇ ਪਾਰਟੀ ਦੀ ਚੜ੍ਹਦੀ ਕਲਾ, ਸੰਗਠਨ ਦੀ ਮਜ਼ਬੂਤੀ ਅਤੇ ਹਲਕਾ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਤਤਪਰ ਰਹਿਣਗੇ। ਇਨ੍ਹਾਂ ਨਿਯੁਕਤੀਆਂ ਦਾ ਐਲਾਨ ਹੁੰਦਿਆਂ ਹੀ ਬਲਾਚੌਰ ਅਤੇ ਆਸ-ਪਾਸ ਦੇ ਇਲਾਕੇ ਦੇ ਅਕਾਲੀ ਵਰਕਰਾਂ, ਸਮਰਥਕਾਂ ਅਤੇ ਸਥਾਨਕ ਆਗੂਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸੰਦੀਪ ਕੁਮਾਰ ਹਨੀ ਟੌਂਸਾ ਅਤੇ ਹਾਜ਼ਰ ਵਰਕਰਾਂ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਦਾ ਮੂੰਹ ਮਿੱਠਾ ਕਰਵਾ ਕੇ ਹਾਰ ਪਾਏ ਗਏ ਅਤੇ ਇੱਕ-ਦੂਜੇ ਨੂੰ ਵਧਾਈਆਂ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ।