ਮੈਗਾ ਐਂਟੀ ਡੇਂਗੂ ਮੁਹਿੰਮ ਤਹਿਤ ਘਰਾਂ ਦੀ ਚੈਕਿੰਗ ਜਾਰੀ
ਨਵਾਂਸ਼ਹਿਰ ’ਚ ਮੈਗਾ ਐਂਟੀ ਡੇਂਗੂ ਮੁਹਿੰਮ ਤਹਿਤ ਘਰਾਂ ਦੀ ਚੈਕਿੰਗ ਜਾਰੀ
Publish Date: Fri, 20 Nov 2026 04:47 PM (IST)
Updated Date: Fri, 20 Nov 2026 04:49 PM (IST)
ਬਲਿਹਾਰ ਸਿੰਘ, ਪੰਜਾਬੀ ਜਾਗਰਣ ਨਵਾਂਸ਼ਹਿਰ : ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਡਾ. ਰਾਕੇਸ਼ ਪਾਲ ਅਤੇ ਸ਼ਿਆਮਾ ਵੇਦਾ ਜ਼ਿਲ੍ਹਾ ਐਪੀਡੀਮੈਲੋਜਿਸਟ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਦੀ ਅਗਵਾਈ ਕਰਦਿਆਂ ਡਾ. ਰਮਨਦੀਪ, ਜੋਗਿੰਦਰ ਪਾਲ ਹੈਲਥ ਇੰਸਪੈਕਟਰ, ਆਸ਼ਾ ਵਰਕਰ ਅਤੇ ਬਰੀਡਿੰਗ ਚੈਕਰਾਂ ਵੱਲੋਂ ਅਰਬਨ ਏਰੀਏ ਨਵਾਂਸ਼ਹਿਰ ਵਿਚ ਡੇਂਗੂ ਸਬੰਧੀ ਗਤੀਵਿਧੀਆ ਦੌਰਾਨ ਅੱਜ ਘਰ ਘਰ ਜਾਕੇ ਡੇਂਗੂ ਲਾਰਵੇ ਸਬੰਧੀ ਲੋਕਾਂ ਨੂੰ ਸਿਹਤ ਸਿੱਖਿਆ ਦਿੱਤੀ। ਇਸ ਮੌਕੇ ਡੇਂਗੂ ਬੁਖਾਰ ਦੀਆਂ ਨਿਸ਼ਾਨੀਆਂ ਜਿਵੇਂ ਕਿਸੇ ਮਰੀਜ ਨੂੰ ਬੁਖਾਰ, ਜੋੜਾਂ ਵਿਚ ਦਰਦ ਆਦਿ ਮਹਿਸੂਸ ਹੋਣ ਤੇ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਆਮ ਆਦਮੀ ਕਲੀਨਿਕ ਵਿਚ ਜਾ ਕੇ ਆਪਣੀ ਜਾਂਚ ਕਰਵਾਉਣ ਲਈ ਜਾਗਰੂਕ ਕੀਤਾ। ਡਾ. ਰਮਨਦੀਪ ਨੇ ਦੱਸਿਆ ਕਿ ਲੋਕ ਸਰਕਾਰੀ ਹਸਪਤਾਲ ਵਿਚ ਜਾ ਕੇ ਆਪਣੇ ਮੁਫ਼ਤ ਬਲੱਡ ਟੈਸਟ ਕਰਵਾਉਣ ਅਤੇ ਮੁਫ਼ਤ ਚ ਆਪਣਾ ਇਲਾਜ ਕਰਵਾਉਣ। ਉਨ੍ਹਾਂ ਕਿਹਾ ਕਿ ਲਾਰਵੇ ਤੋਂ ਬਚਾਅ ਲਈ ਹਫਤੇ ਵਿਚ ਦੋ ਵਾਰ ਬਰਤਨਾਂ, ਘਰਾਂ ਵਿਚ ਫਰਿੱਜਾਂ ਦੀਆ ਟਰੇਆਂ, ਗਮਲਿਆਂ ਅਤੇ ਪਾਣੀ ਵਾਲੀਆਂ ਟੈਂਕੀਆਂ ਆਦਿ ਦੀ ਜਾਂਚ ਕੀਤੀ ਜਾਵੇ। ਪੀਣ ਵਾਲੇ ਪਾਣੀ ਨੂੰ ਕਲੋਰੀਨੇਟ ਕਰਨ ਜਾਂ ਉਬਾਲ ਕੇ ਪੀਣ ਦੀ ਸਿਹਤ ਸਿਖਿਆ ਦਿੱਤੀ। ਤਾਂ ਜੋ ਪੀਲੀਆ, ਉਲਟੀਆਂ, ਡਾਇਰੀਆ ਅਤੇ ਪੇਟ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਨਰਸਿੰਗ ਵਿਦਿਆਰਥੀ ਵੀ ਹਾਜ਼ਰ ਸਨ।