ਰੁਸਤਮ-ਏ-ਹਿੰਦ ਕੁਸ਼ਤੀ ਸੰਸਥਾ ਇੰਡੀਆ ਦਾ ‘ਭਾਰਤ ਰਤਨ ਸੇਵਾ ਸਨਮਾਨ-2026’ ਨਾਲ ਸਨਮਾਨ ਰੁਸਤਮ-ਏ-ਹਿੰਦ ਕੁਸ਼ਤੀ ਸੰਸਥਾ ਇੰਡੀਆ ਦਾ 'ਭਾਰਤ ਰਤਨ ਸੇਵਾ ਸਨਮਾਨ-2026' ਨਾਲ ਸਨਮਾਨ
Publish Date: Fri, 25 Sep 2026 04:20 PM (IST)
Updated Date: Fri, 25 Sep 2026 04:21 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਭਾਰਤ ਸਰਕਾਰ ਦੇ ਮਾਨਤਾ ਪ੍ਰਾਪਤ ਅਦਾਰਾ ਹੈਲਪਿੰਗ ਹਿਊਮਨਸ ਵੱਲੋਂ ਕਰਵਾਏ ਗਏ ਰਾਸ਼ਟਰੀ ਸੰਮੇਲਨ ਦੌਰਾਨ ਭਾਰਤੀ ਰਵਾਇਤੀ ਮਿੱਟੀ ਦੀ ਕੁਸ਼ਤੀ ਦੀ ਪ੍ਰਚਾਰ-ਪ੍ਰਸਾਰ, ਸੰਭਾਲ ਅਤੇ ਉੱਨਤੀ ਲਈ ਕੀਤੇ ਜਾ ਰਹੇ ਯਤਨਾਂ ਨੂੰ ਮਾਨਤਾ ਦਿੰਦਿਆਂ ਰੁਸਤਮ-ਏ-ਹਿੰਦ ਕੁਸ਼ਤੀ ਸੰਸਥਾ ਇੰਡੀਆ ਨੂੰ ‘ਭਾਰਤ ਰਤਨ ਸੇਵਾ ਸਨਮਾਨ-2026’ ਨਾਲ ਸਨਮਾਨਿਤ ਕੀਤਾ। ਸਨਮਾਨ ਸਮਾਰੋਹ ਦੌਰਾਨ ਫੈੱਡਰੇਸ਼ਨ ਦੇ ਰਾਸ਼ਟਰੀ ਚੇਅਰਮੈਨ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਨੇ ਸਨਮਾਨ ਪ੍ਰਾਪਤ ਕੀਤਾ। ਸਨਮਾਨ ਪੱਤਰ ਵਿਚ ਸੰਸਥਾ ਵੱਲੋਂ ਭਾਰਤੀ ਕੁਸ਼ਤੀ ਲਈ ਸ਼ਾਨਦਾਰ ਸੇਵਾਵਾਂ ਅਤੇ ਰਵਾਇਤੀ ਮਿੱਟੀ ਦੀ ਕੁਸ਼ਤੀ ਦੀ ਵਿਰਾਸਤ ਨੂੰ ਸੰਭਾਲਣ ਅਤੇ ਅੱਗੇ ਵਧਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਗਿਆ। ਇਸ ਮੌਕੇ ਸੰਸਥਾ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵੱਡੇ ਪੱਧਰ ’ਤੇ ਦੰਗਲ ਅਤੇ ਕੁਸ਼ਤੀ ਮੁਕਾਬਲੇ ਕਰਵਾਏ ਜਾਂਦੇ ਹਨ। ਇਨ੍ਹਾਂ ਮੁਕਾਬਲਿਆਂ ਰਾਹੀਂ ਉੱਭਰਦੇ ਅਤੇ ਪ੍ਰਸਿੱਧ ਪਹਿਲਵਾਨਾਂ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਵੱਕਾਰੀ ਮੰਚ ਪ੍ਰਦਾਨ ਕੀਤਾ ਜਾਂਦਾ ਹੈ। ਸੰਸਥਾ ਵੱਲੋਂ ਰੁਸਤਮ-ਏ-ਹਿੰਦ, ਭਾਰਤ ਕੇਸਰੀ, ਭਾਰਤ ਕੁਮਾਰ, ਸ਼ਾਨ-ਏ-ਇੰਡੀਆ ਅਤੇ ਪੰਜਾਬ ਕੇਸਰੀ ਵਰਗੇ ਖ਼ਿਤਾਬਾਂ ਨਾਲ ਜੁੜੇ ਕੁਸ਼ਤੀ ਮੁਕਾਬਲਿਆਂ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਮੌਕੇ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ ਨੇ ਕਿਹਾ ਕਿ ਰਵਾਇਤੀ ਮਿੱਟੀ ਦੀ ਕੁਸ਼ਤੀ ਭਾਰਤ ਦੀ ਅਮੀਰ ਖੇਡ ਵਿਰਾਸਤ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਇਸ ਵਿਰਾਸਤ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਲਈ ਯਤਨ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਪਹਿਲਵਾਨਾਂ ਨੂੰ ਵਧੀਆ ਮੰਚ, ਮੁਕਾਬਲੇ ਦੇ ਮੌਕੇ ਅਤੇ ਸਨਮਾਨ ਪ੍ਰਦਾਨ ਕਰਨਾ ਐਸੋਸੀਏਸ਼ਨ ਦੇ ਮੁੱਖ ਉਦੇਸ਼ਾਂ ਵਿਚ ਸ਼ਾਮਲ ਹੈ। ‘ਭਾਰਤ ਰਤਨ ਸੇਵਾ ਸਨਮਾਨ-2026’ ਮਿਲਣ ’ਤੇ ਕੁਸ਼ਤੀ ਪ੍ਰੇਮੀਆਂ ਅਤੇ ਸੰਸਥਾ ਨਾਲ ਜੁੜੇ ਖੇਡ ਪ੍ਰੇਮੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਭਾਰਤੀ ਰਵਾਇਤੀ ਕੁਸ਼ਤੀ ਨੂੰ ਹੋਰ ਉੱਚਾਈਆਂ ਤੱਕ ਲੈ ਕੇ ਜਾਣ ਲਈ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਜਾਰੀ ਰੱਖਣ ਦੀ ਉਮੀਦ ਜਤਾਈ ਗਈ।