ਮਾਨਸਿਕ ਪ੍ਰੇਸ਼ਾਨੀ ਨੂੰ ਛੁਪਾਉਣਾ ਵੱਡਾ ਖਤਰਾ : ਰਾਜ ਹੀਉਂ ਲੋਕ ਕੀ ਕਹਿਣਗੇ ਦੇ ਡਰੋਂ ਮਾਨਸਿਕ ਪ੍ਰੇਸ਼ਾਨੀ ਨੂੰ ਛੁਪਾਉਣਾ ਵੱਡਾ ਖਤਰਾ-ਰਾਜ ਹੀਉਂ
Publish Date: Thu, 22 Oct 2026 06:18 PM (IST)
Updated Date: Thu, 22 Oct 2026 06:21 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਸ੍ਰੀ ਗੁਰੂ ਹਰ ਗੋਬਿੰਦ ਖਾਲਸਾ ਹਾਈ ਸਕੂਲ ਵਿਖੇ ਬੱਚਿਆਂ ਨੂੰ ਮਾਨਿਸਕ ਰੋਗਾਂ ਪ੍ਰਤੀ ਜਾਗ੍ਰਿਤ ਕਰਨ ਦੇ ਇਰਾਦੇ ਨਾਲ ਮਾਇੰਡ ਕਲੈਰਿਟੀ ਸੈਂਟਰ ਬੰਗਾ ਵੱਲੋਂ ਪ੍ਰੋਗਰਾਮ ਦਾ ਆਯੋਜਨ ਕੀਤਾ। ਜਿਸ ਦੀ ਪ੍ਰਧਾਨਗੀ ਸਕੂਲ ਪ੍ਰਿੰ. ਰਜਿੰਦਰ ਸਿੰਘ ਆਹਲੁਵਾਲੀਆ ਨੇ ਕੀਤੀ। ਮਾਨਸਿਕ ਸਿਹਤ ਸਲਾਹਕਾਰ ਵਜੋਂ ਹਾਜ਼ਰ ਹੋਏ ਰਾਜ ਹੀਉਂ ਨੇ ਆਖਿਆ ਕਿ ਸਰੀਰਕ ਪੱਖੋਂ ਬਿਮਾਰ ਪੈਣ ਤੇ ਤਾਂ ਬੰਦਾ ਹਰ ਕਿਸੇ ਕੋਲ ਆਪਣੀ ਸਾਰੀ ਰਾਮ ਕਹਾਣੀ ਖੋਲ੍ਹ ਕੇ ਬਹਿ ਜਾਂਦਾ ਹੈ ਪਰ ਮਾਨਸਿਕ ਪ੍ਰੇਸ਼ਾਨੀ ਹੋਣ ਤੇ ਉਹ ਕਿਸੇ ਆਪਣੇ ਪਿਆਰੇ ਨਾਲ ਸਾਂਝ ਪਾ ਲੈਣੀ ਯੋਗ ਨਹੀਂ ਸਮਝਦਾ। ਇਸ ਦਾ ਇੱਕੋ-ਇਕ ਕਾਰਨ ਉਸਦੇ ਅੰਦਰਲਾ ਡਰ ਹੈ ਕਿ ਇਹ ਸਭ ਜਾਨਣ ਤੋਂ ਬਾਅਦ ਲੋਕ ਉਸ ਬਾਰੇ ਕੀ ਕਹਿਣਗੇ। ਇਹ ਡਰ ਹੀ ਇਕ ਦਿਨ ਉਸ ਬੰਦੇ ਨੂੰ ਆਤਮ ਹੱਤਿਆ ਕਰ ਲੈਣ ਬਾਰੇ ਸੋਚਣ ਲਈ ਮਜਬੂਰ ਕਰ ਦਿੰਦਾ ਹੈ। ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਮਾ. ਅਸ਼ੋਕ ਕੁਮਾਰ ਹੀਉਂ ਦੀ ਉਪਸਥਿਤੀ ਵਿਚ ਰਾਜ ਨੇ ਦੱਸਿਆ ਕਿ ਸਿਆਣੇ ਕਿਹਾ ਕਰਦੇ ਹਨ ਕਿ ਮਨ ਉੱਤੇ ਪਿਆ ਬੋਝ ਤਨ ਤੇ ਪਏ ਬੋਝ ਨਾਲੋਂ ਕਿਤੇ ਵੱਧ ਖਤਰਨਾਕ ਹੁੰਦਾ ਹੈ ਅਤੇ ਇਸ ਨੂੰ ਮਨ ਉੱਤੇ ਲੱਦ ਕੇ ਰੱਖਣ ਦੀ ਬਜਾਏ ਆਪਣੇ ਕਿਸੇ ਵਿਸ਼ਵਾਸ ਦੇ ਪਾਤਰ ਨਾਲ਼ ਸਾਂਝਾ ਕਰਦੇ ਹੋਏ ਮਨ ਹਲਕਾ ਕਰਦੇ ਰਹਿਣਾ ਚਾਹੀਦਾ ਹੈ। ਕੌਂਸਲਰ ਰਾਜ ਹੀਉਂ ਨੇ ਦੱਸਿਆ ਕਿ ਉਨ੍ਹਾਂ ਮਾਇੰਡ ਕਲੈਰਿਟੀ ਸੈਂਟਰ ਬੰਗਾ ਵੱਲੋਂ ਅਰੰਭੇ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ। ਮਿਸ਼ਨ ਤਹਿਤ ਸਕੂਲਾਂ ਕਾਲਜਾਂ ਰਾਹੀਂ ਜ਼ਿਲ੍ਹੇ ਦੇ ਹਰ ਬੱਚੇ ਤੱਕ ਪਹੁੰਚ ਕਰਨੀ ਹੈ। ਤਾਂ ਜੋ ਉਹ ਆਪਣੇ ਮਨ ਪ੍ਰਤੀ ਜਾਗਰੂਕ ਰਹਿਣ ਅਤੇ ਜ਼ਿੰਦਗੀ ਬਗੈਰ ਕਿਸੇ ਮਾਨਸਿਕ ਪ੍ਰੇਸਾਨੀ ਦੇ ਗੁਜ਼ਾਰਨ। ਇਸ ਮੌਕੇ ਮੁੱਖ ਮਹਿਮਾਨ ਮਾ. ਅਸ਼ੋਕ ਕੁਮਾਰ ਨੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੌਰਾਨ ਆਪਣੇ ਸਰੀਰ ਦੇ ਨਾਲ-ਨਾਲ ਆਪਣੀ ਮਾਨਸਿਕ ਸਿਹਤ ਪ੍ਰਤੀ ਵੀ ਚੌਕਸ ਰਹਿਣਾ ਦਾ ਸੱਦਾ ਦਿੱਤਾ। ਪ੍ਰਿੰ. ਰਜਿੰਦਰ ਸਿੰਘ ਨੇ ਆਏ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਸਕੂਲ ਨਾਲ ਹਮੇਸ਼ਾ ਜੁੜੇ ਰਹਿਣ ਦਾ ਸੱਦਾ ਦਿੱਤਾ। ਪ੍ਰੋਗਰਾਮ ਦੌਰਾਨ ਸੁਖਵਿੰਦਰ ਸਿੰਘ, ਨਰਿੰਦਰ ਸਿੰਘ, ਬਬੀਤਾ ਕੁਮਾਰੀ, ਰਜਨੀ ਬਾਲਾ, ਜੌਲੀ ਚੰਦੇਲ, ਸੁਖਵਿੰਦਰ ਕੌਰ, ਅਮਨਦੀਪ ਕੌਰ, ਸੰਦੀਪ ਕੌਰ, ਅੰਜਲੀ ਅਤੇ ਨੀਰਜ ਨੇ ਸ਼ਿਰਕਤ ਕੀਤੀ।