ਸਿਆਸੀ ਪਾਰਟੀਆੰ ਦੇ ਰੰਗ 'ਚ ਰੰਗੇ ਵਾਈਸ ਪ੍ਰਧਾਨ ਤੇ ਕੌਂਸਲਰ ਆਪਸ 'ਚ ਉਲਝੇ ਸੋਧੀ ਹੋਈ ਖ਼ਬਰ ਹੈ ਜੀ---
Publish Date: Wed, 28 Oct 2026 04:19 PM (IST)
Updated Date: Wed, 28 Oct 2026 04:22 PM (IST)
ਵਿੱਕੀ ਗਿੱਲ, ਗਗਨ ਅਗਨੀਹੋਤਰੀ ਸਮੇਤ ਹੋਰਨਾਂ ਨੇ ਮਾਮਲਾ ਸ਼ਾਂਤ ਕਰਵਾਉਣ ਚ ਨਿਭਾਈ ਅਹਿਮ ਭੂਮਿਕਾ ਪ੍ਰਦੀਪ ਭਨੋਟ, ਪੰਜਾਬੀ ਜਾਗਰਣ• ਨਵਾਂਸ਼ਹਿਰ : ਨਗਰ ਕੌਂਸਲ ਨਵਾਂਸ਼ਹਿਰ ਦੀ ਆਰਡੀਨਰੀ ਮੀਟਿੰਗ ਜੋ ਕਿ ਪ੍ਰਧਾਨ ਸੁਮਨ ਲਾਲ ਦੀ ਅਗਵਾਈ ਹੇਠ ਕੀਤੀ ਜਾ ਰਹੀ ਸੀ। ਇਸ ਮੀਟਿੰਗ ਵਿਚ ਕਿਸੇ ਮਤੇ ਤੇ ਆਪਣਾ ਵਿਰੋਧ ਜਤਾਉਂਦਿਆਂ ਕੌਂਸਲਰ ਬਲਵਿੰਦਰ ਕੁਮਾਰ ਵੱਲੋਂ ਵਿਰੋਧ ਜਤਾਉਂਦਿਆਂ ਆਪਣੇ ਹੱਥ ਵਿਚ ਫੜੇ ਕਾਗਜਾਂ ਨੂੰ ਟੇਬਲ ਤੇ ਮਾਰਨ ਤੋਂ ਬਾਅਦ ਮਾਮਲਾ ਇੰਨ੍ਹਾਂ ਮਘਿਆ ਕਿ ਹਾਲਤ ਹੱਥੋਂ ਪਾਈ ਤੱਕ ਪੁੱਜਦੀ ਨਜ਼ਰ ਆਈ। ਇਸੇ ਦੌਰਾਨ ਵਾਇਸ ਪ੍ਰਧਾਨ ਰਮਨ ਕੁਮਾਰ ਵੱਲੋਂ ਤੈਸ਼ ਵਿਚ ਆ ਕੇ ਆਪਣੇ ਹੱਥ ਵਿਚ ਫੜੀ ਕਿਸੇ ਚੀਜ ਨੂੰ ਕੌਂਸਲਰ ਬਲਵਿੰਦਰ ਕੁਮਾਰ ਵੱਲ ਸੁੱਟਣ ਤੋਂ ਬਾਅਦ ਰੋਸ ਵਿਚ ਆਏ ਬਲਵਿੰਦਰ ਕੁਮਾਰ ਨੇ ਕਿਹਾ ਕਿ ਜੇ ਇਦਾਂ ਥੱਪੜ ਮਾਰਨੇ ਹਨ ਤਾਂ ਮੈਂ ਵੀ ਮਾਰ ਸਕਦਾ ਹਾਂ। ਜਿਸ ਕਾਰਨ ਮਾਮਲਾ ਇੰਨ੍ਹਾਂ ਮਘਿਆ ਕਿ ਸਾਰੇ ਕੌਂਸਲਰ ਆਪਣੀ ਪਾਰਟੀ ਬਾਜੀ ਨੂੰ ਦੇਖਦਿਆਂ ਇਕ ਦੂਜੇ ਵੱਲੋਂ ਕੀਤੀ ਕਾਰਵਾਈ ਨੂੰ ਗਲਤ ਕਰਾਰ ਦੱਸਣ ਅਤੇ ਇਕ ਦੂਜੇ ਦਾ ਪੱਖ ਪੂਰਦੇ ਨਜ਼ਰ ਆਏ। ਜਿਸ ਕਾਰਨ ਸਾਰੇ ਕੌਂਸਲਰਾਂ ਵਿਚਾਲੇ ਬਹਿਸਬਾਜੀ ਦਾ ਦੌਰ ਸ਼ੁਰੂ ਹੋ ਗਿਆ। ਜੋ ਕਿ ਅੱਜ ਸਾਰਾ ਦਿਨ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਰਿਹਾ। ਬਲਵਿੰਦਰ ਕੁਮਾਰ ਨੇ ਤੈਸ਼ ਵਿਚ ਆ ਕੇ ਕਿਹਾ ਕਿ ਤੂੰ ਵੱਡਾ ਪ੍ਰਧਾਨ ਬਣਿਆ ਫਿਰਦਾ ਹੈ। ਰਮਨ ਕੁਮਾਰ ਵੱਲੋਂ ਆਪਣੀ ਗਲਤੀ ਲਈ ਮੁਆਫੀ ਨਾ ਮੰਗਣ ਤੇ ਬਲਵਿਦਰ ਕੁਮਾਰ ਨੇ ਕਿਹਾ ਕਿ ਮੈਂ ਪੁਲਿਸ ਥਾਣਾ ਸਿਟੀ ਜਾ ਕੇ ਆਪਣੇ ਵੱਲੋਂ ਰਮਨ ਕੁਮਾਰ ਦੇ ਮਾੜੇ ਵਿਵਹਾਰ ਲਈ ਸ਼ਿਕਾਇਤ ਦਰਜ਼ ਕਰਵਾਉਣ ਜਾ ਰਿਹਾ ਹਾਂ। ਕਿਉਂ ਕਿ ਉਨ੍ਹਾਂ ਨੇ ਹਾਉਸ ਵਿਚ ਉਨ੍ਹਾਂ ਤੇ ਹੱਥ ਉਠਾਏ ਹਨ। ਉਨ੍ਹਾਂ ਕਿਹਾ ਕਿ ਹੱਥ ਚਲਾਉਣੇ ਸਾਨੂੰ ਵੀ ਆਉਂਦੇ ਹਨ। ਅਜਿਹਾ ਕਰਨ ਵਾਲੇ ਦਾ ਮੂੰਹ ਭੰਨਣਾ ਸਾਨੂੰ ਵੀ ਆਉਂਦਾ ਹੈ। ਉਧਰ ਵਾਈਸ ਪ੍ਰਧਾਨ ਰਮਨ ਕੁਮਾਰ ਦਾ ਕਹਿਣਾ ਸੀ ਕਿ ਵਿਰੋਧ ਜਤਾਉਣਾ ਸਾਰਿਆਂ ਦਾ ਹੱਕ ਹੈ ਪਰ ਇਸ ਤਰ੍ਹਾਂ ਪ੍ਰਧਾਨ ਅਤੇ ਸਾਰੇ ਹਾਉਸ ਦੇ ਸਾਹਮਣੇ ਟੇਬਲ ਤੇ ਹੱਥ ਮਾਰ ਕੇ ਗੱਲ ਕਰਨੀ ਠੀਕ ਨਹੀਂ ਹੈ। ਜਿਸ ਕਾਰਨ ਉਨ੍ਹਾਂ ਨੂੰ ਰੋਸ ਆ ਗਿਆ। ਉਨ੍ਹਾਂ ਬਲਵਿੰਦਰ ਕੁਮਾਰ ਦੇ ਮਾੜੇ ਵਿਵਹਾਰ ਲਈ ਮੁਆਫੀ ਮੰਗਣ ਦੀ ਗੱਲ ਆਖੀ। ਜਿਸ ਕਾਰਨ ਮਾਮਲਾ ਮਘਿਆ ਰਿਹਾ। ਰਮਨ ਕੁਮਾਰ ਨੇ ਕਿਹਾ ਕਿ ਬਲਵਿੰਦਰ ਕੁਮਾਰ ਵੱਲੋਂ ਮੀਟਿੰਗ ਵਿਚ ਬਾਹਰ ਜਾ ਕੇ ਦੋਬਾਰਾ ਵਾਪਸ ਆ ਕੇ ਮਾਹੌਲ ਨੂੰ ਤਨਾਅ ਪੂਰਣ ਬਣਾਇਆ ਜਾ ਰਿਹਾ ਸੀ। ਜਿਸ ਕਾਰਨ ਇਹ ਸਭ ਕੁੱਝ ਵਾਪਰਿਆ। ਉਧਰ ਸਾਰੇ ਕਾਂਗਰਸੀ ਕੌਂਸਲਰ ਰਮਨ ਕੁਮਾਰ ਨੂੰ ਸਹੀ ਅਤੇ ਬਲਵਿੰਦਰ ਕੁਮਾਰ ਨੂੰ ਗਲਤ ਆਖਦੇ ਨਜ਼ਰ ਆਏ। ਜਦਕਿ ਬਲਵਿੰਦਰ ਕੁਮਾਰ ਦੇ ਸਮਰਥਕ ਉਸ ਨੂੰ ਸਹੀ ਅਤੇ ਰਮਨ ਕੁਮਾਰ ਨੂੰ ਗਲਤ ਆਖਦੇ ਨਜ਼ਰ ਆਏ। ਉਧਰ ਮੌਕੇ ਤੇ ਪੁੱਜੇ ਕੌਂਸਲਰ ਸੰਗੀਤਾ ਗਿੱਲ ਦੇ ਪਤੀ ਵਿੱਕੀ ਗਿੱਲ ਵੱਲੋਂ ਵੀ ਮਾਮਲੇ ਦੀ ਨਜਾਕਤ ਨੂੰ ਸਮਝਦਿਆਂ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਉਂਣ ਦੀ ਕੋਸ਼ਿਸ਼ ਜਾਰੀ ਰੱਖਦਿਆਂ ਕਿਹਾ ਕਿ ਆਪਾ ਸਰਕਾਰਾਂ ਤੋਂ ਲੋਕਾਂ ਦੇ ਹੱਕਾਂ ਨੂੰ ਪ੍ਰਾਪਤ ਕਰਨ ਲਈ ਅਤੇ ਵਾਰਡਾਂ ਦੇ ਵਿਕਾਸ ਲਈ ਲੜਾਈ ਲੜਣੀ ਹੈ ਨਾ ਕਿ ਆਪਸ ਵਿਚ ਹੀ ਲੜਾਈ ਲੜਣੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਸਾਨੂੰ ਨੁਮਾਇੰਦਾ ਚੁਣ ਕੇ ਭੇਜਿਆ ਹੈ। ਸਾਨੂੰ ਆਪਸੀ ਲੜਾਈ ਝਗੜਿਆਂ ਚ ਉਲਝ ਕੇ ਮਾਹੌਲ ਨੂੰ ਖਰਾਬ ਨਹੀਂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਪਾਰਟੀ ਬਾਜੀ ਤੋਂ ਉਪਰ ਉਠ ਕੇ ਨਵਾਂਸ਼ਹਿਰ ਦੇ ਲੋਕਾਂ ਦੀ ਭਲਾਈ ਲਈ ਇਕਜੁਟ ਹੋ ਕੇ ਕਾਰਜ ਕਰਨੇ ਚਾਹੀਦੇ ਹਨ। ਉਧਰ ਮਾਰਕੀਟ ਕਮੇਟੀ ਨਵਾਂਸ਼ਹਿਰ ਦੇ ਚੇਅਰਮੈਨ ਗਗਨ ਅਗਨੀਹੋਤਰੀ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਉਂਦਿਆਂ ਕਿਹਾ ਕਿ ਜੇ ਰਮਨ ਕੁਮਾਰ ਨੇ ਕੁੱਝ ਮਾਰਿਆ ਹੈ ਤਾਂ ਉਨ੍ਹਾਂ ਨੂੰ ਆਪਣੀ ਗਲਤੀ ਲਈ ਮੁਆਫੀ ਮੰਗਣੀ ਚਾਹੀਦੀ ਹੈ। ਇਸੇ ਤਰ੍ਹਾਂ ਜੇਕਰ ਬਲਵਿੰਦਰ ਕੁਮਾਰ ਨੇ ਗਲਤੀ ਕੀਤੀ ਹੈ ਤਾਂ ਉਨ੍ਹਾਂ ਨੂੰ ਮੁਆਫੀ ਮੰਗ ਕੇ ਮਾਮਲਾ ਨਿਬੇੜ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਾਉਸ਼ ਦੀ ਮੀਟਿੰਗ ਵਿਚ ਅਜਿਹਾ ਕਰਕੇ ਮਾਹੌਲ ਖਰਾਬ ਕਰਨ ਦੀ ਥਾਂ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਕੇ ਨਵਾਂਸ਼ਹਿਰ ਦੇ ਵਾਰਡਾਂ ਦੇ ਵਿਕਾਸ ਵਿਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਛੋਟੀ ਜਿਹੀ ਗੱਲ ਪਿੱਛੇ ਵਿਵਾਦ ਕਰਨਾ ਠੀਕ ਨਹੀਂ ਹੈ। ਉਨ੍ਹਾਂ ਸਾਰੇ ਕੌਂਸਲਰਾਂ ਨੂੰ ਆਪਸੀ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਵੀ ਕੀਤੀ। ਇਸ ਮੌਕੇ ਕੌਂਸਲਰ ਜਸਕਰਨ ਚੇਚੀ, ਸ਼ਿਵ ਕੁਮਾਰ, ਸੁਮਿਤ ਪਰਿਹਾਰ, ਰੀਤੂ ਬੜਵਾਲ, ਨੀਸ਼ੂ ਚੋਪੜਾ, ਵਰਿੰਦਰ ਚੋਪੜਾ, ਇੰਦਰਜੀਤ ਪਾਠਕ, ਰਾਜਾ ਬਖਸ਼ੀ, ਸੰਗੀਤਾ ਗਿੱਲ, ਮਮਤਾ, ਪੁਸ਼ਪਾ ਦੇਵੀ, ਜਸਵੀਰ ਕੌਰ ਬਡਵਾਲ ਆਦਿ ਹਾਜ਼ਰ ਸਨ।