ਪੋਜੇਵਾਲ-ਬੀਤ ਇਲਾਕੇ ਨੂੰ ਜੋੜਨ ਵਾਲੇ ਪੁੱਲ ਤੋਂ ਪਾਬੰਦੀ ਦੇ ਬਾਵਜੂਦ ਲੰਘ ਰਹੇ ਭਾਰੀ ਵਾਹਨ ਪੋਜੇਵਾਲ-ਬੀਤ ਇਲਾਕੇ ਨੂੰ ਜੋੜਨ ਵਾਲੇ ਪੁੱਲ ਤੋਂ ਪਾਬੰਦੀ ਦੇ ਬਾਵਜੂਦ ਲੰਘ ਰਹੇ ਭਾਰੀ ਵਾਹਨ
Publish Date: Mon, 16 Nov 2026 04:49 PM (IST)
Updated Date: Mon, 16 Nov 2026 04:51 PM (IST)
ਹਰਦੀਪ ਚੌਧਰੀ, ਪੰਜਾਬੀ ਜਾਗਰਣ ਪੋਜੇਵਾਲ ਸਰਾਂ : ਕਸਬਾ ਪੋਜੇਵਾਲ ਅਤੇ ਬੀਤ ਇਲਾਕੇ ਨੂੰ ਆਪਸ ਵਿਚ ਜੋੜਨ ਵਾਲੇ ਮਹੱਤਵ ਪੂਰਨ ਪੁੱਲ ਦੀ ਖਸਤਾ ਹਾਲਤ ਅਤੇ ਇਸ ਤੋਂ ਲੰਘ ਰਹੇ ਭਾਰੀ ਵਾਹਨਾਂ ਦੀ ਆਵਾਜਾਈ ਇਲਾਕਾ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਪੁੱਲ ਤੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਰਾਹਗੀਰਾਂ ਤੋਂ ਇਲਾਵਾ ਦੋਪਹੀਆ ਵਾਹਨ, ਕਾਰਾਂ, ਹੋਰ ਛੋਟੇ ਵਾਹਨ ਅਤੇ ਸਕੂਲੀ ਬੱਸਾਂ ਵੀ ਲੰਘਦੀਆਂ ਹਨ। ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਪੁੱਲ ਦੀ ਕਮਜ਼ੋਰ ਹਾਲਤ ਦੇ ਬਾਵਜੂਦ ਭਾਰੀ ਵਾਹਨਾਂ ਦੀ ਆਵਾਜਾਈ ਜਾਰੀ ਹੈ। ਜ਼ਿਕਰਯੋਗ ਹੈ ਕਿ ਇਸ ਪੁੱਲ ਦਾ ਨਿਰਮਾਣ ਸਾਬਕਾ ਵਿਧਾਇਕ ਮਰਹੂਮ ਰਾਮ ਕਿਸ਼ਨ ਕਟਾਰੀਆ ਦੇ ਕਾਰਜ ਕਾਲ ਦੌਰਾਨ ਕਰਵਾਇਆ ਗਿਆ ਸੀ। ਉਸ ਸਮੇਂ ਇਲਾਕੇ ਵਿਚ ਅੱਜ ਦੇ ਮੁਕਾਬਲੇ ਆਵਾਜਾਈ ਦਾ ਦਬਾਅ ਕਾਫ਼ੀ ਘੱਟ ਸੀ ਅਤੇ ਭਾਰੀ ਵਾਹਨਾਂ ਦੀ ਆਵਾਜਾਈ ਵੀ ਇੰਨੀ ਜ਼ਿਆਦਾ ਨਹੀਂ ਹੁੰਦੀ ਸੀ। ਪਰ ਸਮੇਂ ਦੇ ਬਦਲਾਅ ਨਾਲ ਵਾਹਨਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋਇਆ ਹੈ। ਅੱਜ ਸੜਕਾਂ ਤੇ ਵਾਹਨਾਂ ਦਾ ਦਬਾਅ ਕਈ ਗੁਣਾ ਵੱਧ ਚੁੱਕਾ ਹੈ, ਜਿਸ ਕਾਰਨ ਪੁਰਾਣੇ ਸਮੇਂ ਵਿਚ ਬਣੇ ਪੁੱਲਾਂ ਦੀ ਮੌਜੂਦਾ ਸਮਰੱਥਾ ਅਤੇ ਸੁਰੱਖਿਆ ਦੀ ਜਾਂਚ ਕਰਵਾਉਣੀ ਬੇਹੱਦ ਜ਼ਰੂਰੀ ਹੋ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਪੁੱਲ ਦੀ ਹਾਲਤ ਨੂੰ ਦੇਖਦਿਆਂ ਭਾਰੀ ਵਾਹਨਾਂ ਸੰਬੰਧੀ ਚੇਤਾਵਨੀ ਬੋਰਡ ਲਗਾਇਆ ਗਿਆ ਹੈ, ਪਰ ਇਸ ਦੇ ਬਾਵਜੂਦ ਭਾਰੀ ਵਾਹਨ ਪੁੱਲ ਤੋਂ ਲੰਘਦੇ ਦਿਖਾਈ ਦਿੰਦੇ ਹਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਪੁੱਲ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੈ ਤਾਂ ਸਿਰਫ਼ ਚੇਤਾਵਨੀ ਬੋਰਡ ਲਗਾਉਣ ਨਾਲ ਜ਼ਿੰਮੇਵਾਰੀ ਕਿਵੇਂ ਪੂਰੀ ਹੋ ਸਕਦੀ ਹੈ? ਇਸ ਮਾਮਲੇ ਦਾ ਸਭ ਤੋਂ ਗੰਭੀਰ ਪੱਖ ਇਹ ਹੈ ਕਿ ਇਸ ਪੁੱਲ ਤੋਂ ਰੋਜ਼ਾਨਾ ਸਕੂਲੀ ਬੱਸਾਂ ਵੀ ਗੁਜ਼ਰਦੀਆਂ ਹਨ। ਇਨ੍ਹਾਂ ਬੱਸਾਂ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀ ਸਫ਼ਰ ਕਰਦੇ ਹਨ। ਅਜਿਹੇ ਵਿਚ ਪੁੱਲ ਦੀ ਸੁਰੱਖਿਆ ਨੂੰ ਨਜ਼ਰ ਅੰਦਾਜ਼ ਕਰਨਾ ਬੱਚਿਆਂ ਦੀ ਸੁਰੱਖਿਆ ਦੇ ਪੱਖ ਤੋਂ ਵੀ ਚਿੰਤਾਜਨਕ ਹੈ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਸੰਬੰਧਤ ਵਿਭਾਗ ਪੁੱਲ ਦੀ ਮੌਜੂਦਾ ਹਾਲਤ ਦਾ ਤਕਨੀਕੀ ਨਿਰੀਖਣ ਕਰਵਾਏ ਅਤੇ ਇਸ ਦੀ ਭਾਰ ਝੱਲਣ ਦੀ ਸਮਰੱਥਾ ਬਾਰੇ ਸਪੱਸ਼ਟ ਜਾਣਕਾਰੀ ਜਨਤਕ ਕਰੇ। ਜੇਕਰ ਭਾਰੀ ਵਾਹਨਾਂ ਦੀ ਆਵਾਜਾਈ ਖ਼ਤਰਨਾਕ ਹੈ। ਤਾਂ ਇਸ ਨੂੰ ਰੋਕਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ ਅਤੇ ਲੋੜ ਪੈਣ ਤੇ ਬਦਲਵੇਂ ਰਸਤੇ ਦੀ ਵਿਵਸਥਾ ਕੀਤੀ ਜਾਵੇ। ਹੁਣ ਸਵਾਲ ਇਹ ਨਹੀਂ ਕਿ ਪੁੱਲ ਕਿੰਨਾ ਪੁਰਾਣਾ ਹੈ, ਸਗੋਂ ਸਵਾਲ ਇਹ ਹੈ ਕਿ ਅੱਜ ਦੀ ਵਧਦੀ ਆਵਾਜਾਈ ਅਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਸ ਦੀ ਮੁਰੰਮਤ, ਮਜ਼ਬੂਤੀ ਜਾਂ ਨਵੇਂ ਪੁੱਲ ਦੀ ਉਸਾਰੀ ਲਈ ਸਰਕਾਰ ਅਤੇ ਸੰਬੰਧਤ ਵਿਭਾਗ ਕਦੋਂ ਕਦਮ ਚੁੱਕਣਗੇ ? ਕਿਸੇ ਅਣਸੁਖਾਵੀਂ ਘਟਨਾ ਤੋਂ ਬਾਅਦ ਕਾਰਵਾਈ ਕਰਨ ਦੀ ਬਜਾਏ ਸਮੇਂ ਸਿਰ ਕਦਮ ਚੁੱਕਣੇ ਹੀ ਸਮਝਦਾਰੀ ਹੋਵੇਗੀ।