ਸਿਹਤ ਵਿਭਾਗ ਟੀਮ ਵੱਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਕੀਤਾ ਜਾਗਰੂਕ ਸਿਹਤ ਵਿਭਾਗ ਟੀਮ ਵੱਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਕੀਤਾ ਜਾਗਰੂਕ
Publish Date: Fri, 27 Nov 2026 04:20 PM (IST)
Updated Date: Fri, 27 Nov 2026 04:22 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਡਾ. ਰਾਕੇਸ਼ ਪਾਲ ਅਤੇ ਸ਼ਿਆਮਾ ਵੇਦਾ ਜ਼ਿਲ੍ਹਾ ਐਪੀਡੀਮੈਲੋਜਿਸਟ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸਿਹਤ ਟੀਮ ਜਿਸ ਵਿਚ ਜੋਗਿੰਦਰ ਪਾਲ ਹੈਲਥ ਇੰਸਪੈਕਟਰ, ਆਸ਼ਾ ਵਰਕਰਾਂ ਅਤੇ ਬਰੀਡਿੰਗ ਚੈਕਰਾਂ ਵੱਲੋਂ ਅਰਬਨ ਏਰੀਏ ਨਵਾਂਸ਼ਹਿਰ ਵਿਚ ਡੇਂਗੂ ਸੰਬੰਧੀ ਗਤੀਵਿਧੀਆਂ ਦੌਰਾਨ ਮੋਹਨ ਨਗਰ, ਹੀਰਾਂ ਜੱਟਾਂ ਮੁਹੱਲਾ ਵਿਚ ਜਾ ਕੇ ਡੇਂਗੂ ਦੇ ਲਾਰਵੇ ਸੰਬੰਧੀ ਸਿਹਤ ਸਿੱਖਿਆ ਦਿੱਤੀ ਅਤੇ ਬਦਲਦੇ ਮੌਸਮ ਵਿਚ ਡੇਂਗੂ ਦੇ ਖ਼ਤਰੇ ਨੂੰ ਟਾਲਣ ਲਈ ਥੋੜ੍ਹੀ ਜਿਹੀ ਸਾਵਧਾਨੀ ਵਰਤਣੀ ਬੇਹੱਦ ਜ਼ਰੂਰੀ ਹੈ। ਡੇਂਗੂ ਸਾਫ਼ ਪਾਣੀ ਵਿਚ ਪਲਣ ਵਾਲੇ ਏਡੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਜੋ ਜ਼ਿਆਦਾਤਰ ਦਿਨ ਵੇਲੇ ਕੱਟਦਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਲੱਛਣ ਤੇਜ਼ ਬੁਖਾਰ, ਅੱਖਾਂ ਦੇ ਪਿਛਲੇ ਹਿੱਸੇ ਤੇ ਸਿਰ ਵਿਚ ਦਰਦ, ਜੋੜਾਂ-ਮਾਸਪੇਸ਼ੀਆਂ ਵਿਚ ਜਕੜਨ, ਉਲਟੀਆਂ ਆਉਣਾ ਅਤੇ ਸਰੀਰ ਤੇ ਲਾਲ ਦਾਣੇ ਹੋਣਾ ਡੇਂਗੂ ਦੇ ਸ਼ੁਰੂਆਤੀ ਸੰਕੇਤ ਹਨ। ਉਨ੍ਹਾਂ ਕਿਹਾ ਕਿ ਹਰ ਸੋਮਵਾਰ ਤੇ ਹਰ ਸ਼ੁੱਕਰਵਾਰ ਕੂਲਰ, ਗਮਲੇ, ਫਰਿੱਜ ਦੀ ਟ੍ਰੇਅ ਅਤੇ ਛੱਤ ਤੇ ਪਏ ਵਾਧੂ ਬਰਤਨਾਂ ਦਾ ਪਾਣੀ ਖ਼ਾਲੀ ਕਰਕੇ ਸੁਕਾਓ। ਦਿਨ ਵੇਲੇ ਪੂਰੀਆਂ ਬਾਹਾਂ ਦੇ ਕੱਪੜੇ ਪਾਓ ਅਤੇ ਮੱਛਰ ਭਜਾਉਣ ਵਾਲੀ ਕਰੀਮ ਜਾਂ ਜਾਲੀ ਦੀ ਵਰਤੋਂ ਕਰੋ। ਬੁਖਾਰ ਹੋਣ ਤੇ ਖ਼ੁਦ ਦਰਦ ਨਿਵਾਰਕ ਦਵਾਈਆਂ ਨਾ ਖਾਓ, ਸਗੋਂ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਵਿਚ ਮੁਫ਼ਤ ਜਾਂਚ ਕਰਵਾਓ। ਸਿਹਤ ਟੀਮ ਨੇ ਪੀਣ ਵਾਲੇ ਪਾਣੀ ਨੂੰ ਕਲੋਰੀਨੇਟ ਕਰਨ ਜਾਂ ਉਬਾਲ ਕੇ ਪੀਣ ਦੀ ਸਿਹਤ ਸਿੱਖਿਆ ਵੀ ਦਿੱਤੀ ਤਾਂ ਜੋ ਪੀਲੀਆ, ਉਲਟੀਆਂ, ਡਾਇਰੀਆ ਅਤੇ ਹੋਰ ਪੇਟ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।