ਸਿਹਤ ਵਿਭਾਗ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ : ਸਿਵਲ ਸਰਜਨ
ਸਿਹਤ ਵਿਭਾਗ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਨੂੰ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ-ਸਿਵਲ ਸਰਜਨ
Publish Date: Thu, 19 Feb 2026 04:29 PM (IST)
Updated Date: Fri, 20 Feb 2026 04:04 AM (IST)

ਸਿਹਤ ਬਲਾਕਾਂ ਦੇ ਇੰਫਰਮੇਸ਼ਨ ਅਸਿਸਟੈਂਟਾਂ ਨਾਲ ਸਮੀਖਿਆ ਮੀਟਿੰਗ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਸਿਵਲ ਸਰਜਨ ਦਫ਼ਤਰ ਵਿਖੇ ਜ਼ਿਲ੍ਹੇ ਵਿਚ ਆਰਸੀਐੱਚ 2.0 ਨੂੰ ਪੂਰੀ ਤਰ੍ਹਾਂ ਲਾਗੂ ਕਰਨ ਅਤੇ ਜੱਚਾ-ਬੱਚਾ ਸਿਹਤ ਸੇਵਾਵਾਂ ਦੀ ਸਮੇਂ ਸਿਰ ਅਪਡੇਟਿੰਗ ਯਕੀਨੀ ਬਣਾਉਣ ਲਈ ਵੱਖ-ਵੱਖ ਸਿਹਤ ਬਲਾਕਾਂ ਦੇ ਇੰਫਰਮੇਸ਼ਨ ਅਸਿਸਟੈਂਟਾਂ ਨਾਲ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਆਰਸੀਐੱਚ 2.0 ਪੋਰਟਲ ਰਾਹੀਂ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਦੀ ਰਜਿਸਟ੍ਰੇਸ਼ਨ, ਟੀਕਾਕਰਨ, ਐਂਟੀਨੇਟਲ ਚੈੱਕਅਪ, ਹਾਈਰਿਸਕ ਪ੍ਰੈਗਨੈਂਸੀ ਅਤੇ ਡਲਿਵਰੀ ਸੰਬੰਧੀ ਡਾਟਾ ਦੀ ਆਨਲਾਈਨ ਐਂਟਰੀ ਅਤੇ ਮਾਨੀਟਰਿੰਗ ਬਹੁਤ ਜ਼ਰੂਰੀ ਹੈ। ਉਨ੍ਹਾਂ ਹਦਾਇਤ ਦਿੱਤੀ ਕਿ ਸਾਰਾ ਡਾਟਾ ਰੀਅਲ-ਟਾਈਮ ਅਪਡੇਟ ਕੀਤਾ ਜਾਵੇ। ਤਾਂ ਜੋ ਕਿਸੇ ਵੀ ਲਾਭਪਾਤਰੀ ਨੂੰ ਸੇਵਾਵਾਂ ਤੋਂ ਵਾਂਝਾ ਨਾ ਰਹਿਣਾ ਪਵੇ। ਉਨ੍ਹਾਂ ਕਿਹਾ ਕਿ ਜੱਚਾ ਅਤੇ ਬੱਚੇ ਦੀ ਸਿਹਤ ਨਾਲ ਜੁੜੀਆਂ ਸੇਵਾਵਾਂ ਵਿਚ ਗੁਣਵੱਤਾ ਅਤੇ ਪਾਰਦਰਸ਼ਤਾ ਲਈ ਡਾਟਾ ਦੀ ਸਹੀ ਅਤੇ ਸਮੇਂ ਸਿਰ ਐਂਟਰੀ ਬਹੁਤ ਮਹੱਤਵ ਪੂਰਨ ਹੈ। ਉਨ੍ਹਾਂ ਇੰਫਰਮੇਸ਼ਨ ਅਸਿਸਟੈਂਟਾਂ ਨੂੰ ਹਦਾਇਤ ਦਿੱਤੀ ਕਿ ਪੋਰਟਲ ਤੇ ਪੈਂਡਿੰਗ ਕੇਸਾਂ ਨੂੰ ਤੁਰੰਤ ਅਪਡੇਟ ਕੀਤਾ ਜਾਵੇ ਅਤੇ ਹਰੇਕ ਬਲਾਕ ਆਪਣੀ ਕਾਰਗੁਜ਼ਾਰੀ ਦੀ ਨਿਯਮਿਤ ਸਮੀਖਿਆ ਕਰੇ। ਮੀਟਿੰਗ ਦੌਰਾਨ ਮਾਤਰੀ ਮੌਤ ਦਰ ਅਤੇ ਬਾਲ ਮੌਤ ਦਰ ਵਿਚ ਕਮੀ ਲਿਆਉਣ ਲਈ ਟੀਕਾਕਰਨ ਕਵਰੇਜ, ਸੰਸਥਾਗਤ ਡਲਿਵਰੀ ਅਤੇ ਹਾਈਰਿਸਕ ਮਾਮਲਿਆਂ ਦੀ ਨਿਗਰਾਨੀ ਨੂੰ ਹੋਰ ਮਜ਼ਬੂਤ ਕਰਨ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦਾ ਮੁੱਖ ਉਦੇਸ਼ ਜ਼ਿਲ੍ਹੇ ਦੇ ਹਰ ਗਰਭਵਤੀ ਔਰਤ ਤੇ ਹਰ ਬੱਚੇ ਤੱਕ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪਹੁੰਚਾਉਣਾ ਹੈ ਤੇ ਇਸ ਲਈ ਆਰਸੀਐੱਚ 2.0 ਦੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਬਹੁਤ ਲਾਜ਼ਮੀ ਹੈ। ਅੰਤ ’ਚ ਉਨ੍ਹਾਂ ਸਮੂਹ ਬਲਾਕਾਂ ਨੂੰ ਟੀਮ ਵਰਕ ਨਾਲ ਕੰਮ ਕਰਦੇ ਹੋਏ ਨਿਰਧਾਰਿਤ ਟਾਰਗਿਟ ਸਮੇਂ ਸਿਰ ਪੂਰੇ ਕਰਨ ਲਈ ਪ੍ਰੇਰਿਤ ਕੀਤਾ।