ਦੀਵਾਲੀ ਮੌਕੇ ਸੰਭਾਵੀ ਸਿਹਤ ਐਮਰਜੈਂਸੀ ਲਈ ਸਿਹਤ ਵਿਭਾਗ ਚੌਕਸ : ਸਿਵਲ ਸਰਜਨ ਦੀਵਾਲੀ ਮੌਕੇ ਸੰਭਾਵੀ ਸਿਹਤ ਐਮਰਜੈਂਸੀ ਲਈ ਸਿਹਤ ਵਿਭਾਗ ਚੌਕਸ-ਸਿਵਲ ਸਰਜਨ
Publish Date: Sun, 01 Nov 2026 04:19 PM (IST)
Updated Date: Sun, 01 Nov 2026 04:20 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਦੀਵਾਲੀ ਦੇ ਤਿਉਹਾਰ ਦੌਰਾਨ ਕਿਸੇ ਵੀ ਸੰਭਾਵੀ ਸਿਹਤ ਐਮਰਜੈਂਸੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ। ਲੋਕਾਂ ਨੂੰ ਸੁਰੱਖਿਅਤ, ਸੁਚਾਰੂ ਤੇ ਨਿਰਵਿਘਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਨੇ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਆਉਂਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਚ ਸਾਫ਼-ਸਫ਼ਾਈ, ਜ਼ਰੂਰੀ ਦਵਾਈਆਂ ਦੀ ਉਪਲੱਬਧਤਾ, ਐਮਰਜੈਂਸੀ ਸੇਵਾਵਾਂ ਅਤੇ ਸਿਹਤ ਸਟਾਫ਼ ਦੀ ਹਾਜ਼ਰੀ ਯਕੀਨੀ ਬਣਾਉਣ। ਉਨ੍ਹ੍ਰਾਂ ਕਿਹਾ ਕਿ ਦੀਵਾਲੀ ਦੌਰਾਨ ਪਟਾਕਿਆਂ ਕਾਰਨ ਅੱਗ ਨਾਲ ਝੁਲਸਣ, ਅੱਖਾਂ ਦੀਆਂ ਸੱਟਾਂ ਅਤੇ ਹੋਰ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਦਾ ਖ਼ਦਸ਼ਾ ਰਹਿੰਦਾ ਹੈ। ਇਸ ਲਈ ਸਿਹਤ ਸੰਸਥਾਵਾਂ ਵਿਚ ਐਮਰਜੈਂਸੀ ਪ੍ਰਬੰਧਾਂ ਦਾ ਪਹਿਲਾਂ ਹੀ ਪੁਖ਼ਤਾ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਵਿਭਾਗ ਦੀ ਮੁੱਖ ਤਰਜੀਹ ਹੈ ਅਤੇ ਇਸ ਸੰਬੰਧੀ ਕਿਸੇ ਵੀ ਪੱਧਰ ਤੇ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਫ਼ਾਈ ਪ੍ਰਬੰਧਾਂ ਬਾਰੇ ਹਦਾਇਤ ਕਰਦਿਆਂ ਐੱਸਐਮਓ ਅਜੇ ਬਸਰਾ ਨੇ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਸਾਰੀਆਂ ਸਿਹਤ ਸੰਸਥਾਵਾਂ ਵਿਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾਵੇ। ਇਸ ਤਹਿਤ ਬਾਹਰੀ ਮਰੀਜ਼ ਵਿਭਾਗ (ਓਪੀਡੀ), ਦਾਖ਼ਲ ਮਰੀਜ਼ਾਂ ਦੇ ਵਾਰਡਾਂ, ਪਖਾਨਿਆਂ, ਗਲਿਆਰਿਆਂ, ਵਿਹੜਿਆਂ, ਬਗੀਚਿਆਂ ਅਤੇ ਇਮਾਰਤਾਂ ਦੇ ਬਾਹਰੀ ਖੇਤਰਾਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਦੇ ਨਾਲ ਹੀ ਬਾਇਓ-ਮੈਡੀਕਲ ਰਹਿੰਦ-ਖੂੰਹਦ ਦਾ ਨਿਯਮਾਂ ਅਨੁਸਾਰ ਨਿਪਟਾਰਾ ਕਰਨ ਅਤੇ ਸਿਹਤ ਸੰਸਥਾਵਾਂ ਵਿਚ ਸਾਫ਼-ਸੁਥਰਾ ਮਾਹੌਲ ਬਣਾਈ ਰੱਖਣ ਲਈ ਵੀ ਕਿਹਾ ਗਿਆ ਹੈ।।ਉਨ੍ਹਾਂ ਸਮੂਹ ਸਿਹਤ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੀਆਂ ਸਿਹਤ ਸੰਸਥਾਵਾਂ ਵਿਚ ਲੋੜੀਂਦੀਆਂ ਦਵਾਈਆਂ, ਐਮਰਜੈਂਸੀ ਦਵਾਈਆਂ, ਮੈਡੀਕਲ ਉਪਕਰਨ ਅਤੇ ਹੋਰ ਜ਼ਰੂਰੀ ਸਮੱਗਰੀ ਲੋੜੀਂਦੀ ਮਾਤਰਾ ਵਿਚ ਉਪਲੱਬਧ ਹੋਵੇ। ਕਿਸੇ ਵੀ ਸੰਭਾਵੀ ਐਮਰਜੈਂਸੀ ਨਾਲ ਨਜਿੱਠਣ ਲਈ ਸਬੰਧਤ ਮੈਡੀਕਲ ਟੀਮਾਂ ਨੂੰ ਤਿਆਰ-ਬਰ-ਤਿਆਰ ਰੱਖਿਆ ਜਾਵੇ ਅਤੇ ਐਮਰਜੈਂਸੀ ਪ੍ਰਬੰਧਾਂ ਦੀ ਪਹਿਲਾਂ ਹੀ ਸਮੀਖਿਆ ਕਰ ਲਈ ਜਾਵੇ। ਐਂਬੂਲੈਂਸ ਸੇਵਾਵਾਂ ਬਾਰੇ ਉਨ੍ਹਾਂ ਹਦਾਇਤ ਕੀਤੀ ਕਿ ਸਾਰੀਆਂ ਐਂਬੂਲੈਂਸਾਂ ਚਾਲੂ ਹਾਲਤ ਵਿਚ ਹੋਣ, ਉਨ੍ਹਾਂ ਵਿਚ ਲੋੜੀਂਦਾ ਐਮਰਜੈਂਸੀ ਸਾਜ਼ੋ-ਸਾਮਾਨ ਮੌਜੂਦ ਹੋਵੇ ਅਤੇ ਉਹ 24 ਘੰਟੇ ਸੇਵਾ ਲਈ ਤਿਆਰ ਰਹਿਣ। ਨਾਲ ਹੀ ਮੈਡੀਕਲ, ਪੈਰਾ-ਮੈਡੀਕਲ ਸਟਾਫ਼ ਅਤੇ ਹੋਰ ਸੰਬੰਧਤ ਕਰਮਚਾਰੀਆਂ ਦੀ ਹਾਜ਼ਰੀ ਪ੍ਰਵਾਨਿਤ ਡਿਊਟੀ ਰੋਸਟਰ ਅਨੁਸਾਰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ, ਤਾਂ ਜੋ ਤਿਉਹਾਰ ਦੌਰਾਨ ਐਮਰਜੈਂਸੀ ਸਿਹਤ ਸੇਵਾਵਾਂ ਵਿਚ ਕੋਈ ਵਿਘਨ ਨਾ ਪਵੇ।