ਹੰਸ ਰਾਜ ਬਣੇ ਚੇਅਰਮੈਨ ਅਤੇ ਵਰਿੰਦਰ ਕੌਰ ਬਣੀ ਉਪ ਚੇਅਰਪਰਸਨ
ਹੰਸ ਰਾਜ ਬਣੇ ਚੇਅਰਮੈਨ ਅਤੇ ਵਰਿੰਦਰ ਕੌਰ ਬਣੀ ਉਪ ਚੇਅਰਪਰਸਨ
Publish Date: Mon, 30 Mar 2026 03:54 PM (IST)
Updated Date: Mon, 30 Mar 2026 03:57 PM (IST)

- ਸਾਬਕਾ ਵਿਧਾਇਕ ਅੰਗਦ ਸਿੰਘ ਨੇ 15 ਬਲਾਕ ਸੰਮਤੀ ਮੈਂਬਰਾਂ ਨੂੰ ਵੀ ਜੇਤੂ ਹਾਰ ਪਹਿਨਾ ਕੇ ਜਿੱਤ ਦੀ ਖੁਸ਼ੀ ਮਨਾਈ ਪ੍ਰਦੀਪ ਭਨੋਟ, ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੰਚਾਇਤ ਸੰਮਤੀ ਨਵਾਂਸ਼ਹਿਰ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਨੂੰ ਲੈ ਕੇ ਪਿਛਲੇ ਕੁੱਝ ਸਮੇਂ ਤੋਂ ਚੱਲ ਰਿਹਾ ਰੇੜਕਾ ਅੱਜ ਖ਼ਤਮ ਹੋ ਗਿਆ। ਅੱਜ ਕਾਂਗਰਸ ਪਾਰਟੀ ਦੇ 15 ਜੇਤੂਆਂ ਵੱਲੋਂ ਹੰਸ ਰਾਜ ਨੂੰ ਚੇਅਰਮੈਨ ਅਤੇ ਵਰਿੰਦਰ ਕੌਰ ਨੂੰ ਉਪ ਚੇਅਰਪਰਸਨ ਵੱਜੋਂ ਸਮਰਥਨ ਦੇ ਕੇ ਜੇਤੂ ਐਲਾਨ ਦਿੱਤਾ ਗਿਆ। ਇਸ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸਿੰਘ ਵੱਲੋਂ ਚੇਅਰਮੈਨ ਅਤੇ ਉਪ ਚੇਅਰਸਪਰਸਨ ਨੂੰ ਜੇਤੂ ਹਾਰ ਪਹਿਨਾਉਂਦੇ ਹੋਏ ਸਮੂਹ 15 ਬਲਾਕ ਸੰਮਤੀ ਮੈਂਬਰਾਂ ਨੂੰ ਵੀ ਜੇਤੂ ਹਾਰ ਪਹਿਨਾ ਕੇ ਜਿੱਤ ਦੀ ਖੁਸ਼ੀ ਮਨਾਈ ਗਈ। ਇਸ ਮੌਕੇ ਅੰਗਦ ਸਿੰਘ ਨੇ ਕਿਹਾ ਕਿ ਇਸ ਸੰਘਰਸ਼ ਵਿਚ ਲੋਕਾਂ ਨੇ ਕਾਂਗਰਸ ਦਾ ਡੱਟਵਾਂ ਸਾਥ ਦਿੱਤਾ ਹੈ। ਇਸ ਜਿੱਤ ਸੱਚਾਈ ਦੀ ਜਿੱਤ ਹੈ। ਉਨ੍ਹਾਂ ਇਸ ਜਿੱਤ ਲਈ ਸਹਿਯੋਗ ਕਰਨ ਤੇ ਲੋਕਾਂ ਸਮੇਤ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ---------------------- ਚੋਣ ’ਚ 25 ਮੈੰਬਰਾਂ ਸਮੇਤ ਵਿਧਾਇਕ, ਏਡੀਸੀ, ਕਾਰਜ ਸਾਧਕ ਅਫ਼ਸਰ ਨੇ ਕੀਤੀ ਸ਼ਮੂਲੀਅਤ ਜ਼ਿਕਰਯੋਗ ਹੈ ਕਿ ਪੰਚਾਇਤ ਸੰਮਤੀ ਨਵਾਂਸ਼ਹਿਰ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਕਰਵਾਉਣ ਲਈ ਡੀਸੀ ਵੱਲੋਂ ਜਾਰੀ ਪੱਤਰ ਨੰਬਰ 396-398 ਮਿਤੀ 27 ਫਰਵਰੀ 2026 ਰਾਹੀਂ ਪੰਚਾਇਤ ਸੰਮਤੀ ਨਵਾਂਸ਼ਹਿਰ ਦੇ ਚੇਅਰਮੈਨ ਅਤੇ ਵਾਇਸ ਚੇਅਰਮੈਨ ਦੀ ਚੋਣ ਕਰਵਾਉਣ ਲਈ ਪ੍ਰੀਜਾਈਡਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇੰਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਮਿਤੀ 27-3-2026 ਨੂੰ ਸਮਾਂ 11 ਵਜੇ ਦਫਤਰ ਬੀਡੀਪੀਓ ਨਵਾਂਸ਼ਹਿਰ ਵਿਖੇ ਦੂਜੀ ਮੀਟਿੰਗ/ਵਿਸ਼ੇਸ਼ ਇਕੱਤਰਤਾ ਹੋਣੀ ਨਿਸ਼ਚਿਤ ਕੀਤੀ ਗਈ ਹੈ। ਇਸ ਲਈ ਸਾਰੇ ਮੈਂਬਰਾਂ ਨੂੰ ਇਸ ਮੀਟਿੰਗ ਵਿਚ ਸਮੇਂ ਸਿਰ ਹਾਜ਼ਰ ਹੋਣ ਲਈ ਅਪੀਲ ਕੀਤੀ ਗਈ ਸੀ। ਇਸ ਪੱਤਰ ਦਾ ਉਤਾਰਾ ਸਮੂਹ ਮੈਂਬਰਾਂ ਮਹਿੰਦਰ ਸਿੰਘ ਜੋਨ ਪੱਲੀ ਝਿੱਕੀ, ਬਲਵਿੰਦਰ ਕੌਰ ਜੋਨ ਮਹਾਲੋਂ, ਪ੍ਰੀਤੀ ਰਾਣੀ ਜੋਨ ਭੀਣ, ਜਗਤਾਰ ਸਿੰਘ ਜੋਨ ਮੁਬਾਰਕਪੁਰ, ਵਰਿੰਦਰ ਕੌਰ ਜੋਨ ਬਰਨਾਲਾ ਕਲਾਂ, ਗੁਰਦੇਵ ਸਿੰਘ ਜੋਨ ਲੰਗੜੋਆ, ਪਰਮਜੀਤ ਕੌਰ ਜੋਨ ਰਾਮਰਾਏਪੁਰ, ਮਨਦੀਪ ਸਿੰਘ ਜੋਨ ਦੌਲਤਪੁਰ, ਰਜਿੰਦਰ ਪਾਲ ਜੋਨ ਜਾਡਲਾ, ਹੰਸ ਰਾਜ ਜੋਨ ਮੀਰਪੁਰ ਜੱਟਾਂ, ਸੁੱਚਾ ਰਾਮ ਜੋਨ ਜਲਵਾਹਾ, ਰਾਕੇਸ਼ ਕੁਮਾਰ ਜੋਨ ਨੀਲੋਵਾਲ, ਸੁਮਨ ਦੇਵੀ ਜੋਨ ਉਸਮਾਨਪੁਰ, ਮਨਜੀਤ ਕੌਰ ਜੋਨ ਪੱਲੀਆਂ ਕਲਾਂ, ਮਨਦੀਪ ਕੌਰ ਜੋਨ ਬੈਰਸੀਆਂ, ਬਲਵੀਰ ਕੌਰ ਜੋਨ ਸਲੋਹ, ਹਰਵਿੰਦਰ ਕੌਰ ਜੋਨ ਧਰਮਕੋਟ, ਮਨਜੀਤ ਕੌਰ ਜੋਨ ਕਰਿਆਮ, ਗੋਦਾਵਰ ਸਿੰਘ ਜੋਨ ਕਾਹਮਾ, ਅਮਨਦੀਪ ਕੌਰ ਜੋਨ ਬੈਂਸ, ਬਲਵੀਰ ਸਿੰਘ ਜੋਨ ਫਾਂਬੜਾ, ਪਰਮਜੀਤ ਕੌਰ ਗਰਚਾ ਜੋਨ ਗੜ੍ਹਪਧਾਣਾ, ਮੋਹਨ ਸਿੰਘ ਜੋਨ ਭਾਰਟਾ ਕਲਾਂ, ਭੁਪਿੰਦਰ ਸਿੰਘ ਜੋਨ ਬਜੀਦਪੁਰ, ਮਹਿੰਦਰ ਸਿੰਘ ਜੋਨ ਉੜਾਪੜ ਸਮੇਤ ਨਵਾਂਸ਼ਹਿਰ ਵਿਧਾਇਕ ਨਛੱਤਰ ਪਾਲ, ਏਡੀਸੀ (ਪੇਂਡੂ, ਵਿਕਾਸ), ਕਾਰਜ ਸਾਧਕ ਅਫ਼ਸਰ ਮਨੀਸ਼ ਕੁਮਾਰ ਨੂੰ ਭੇਜਿਆ ਗਿਆ ਸੀ। ਪੁਲਿਸ ਛੌਣੀ ਵਿਚ ਤਬਦੀਲ ਸੀ ਬੀਡੀਪੀਓ ਦਫ਼ਤਰ ਅੱਜ ਸਵੇਰੇ ਤੋਂ ਹੀ ਐੱਸਪੀ ਸਰਬਜੀਤ ਸਿੰਘ ਬਾਹੀਆ ਦੀ ਜੇਰੇ ਨਿਗਰਾਨੀ ਹੇਠ ਡੀਐੱਸਪੀ ਰਾਜ ਕੁਮਾਰ ਦੀ ਅਗਵਾਈ ਹੇਠ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸਐੱਚਓ ਅਵਤਾਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਬੀਡੀਪੀਓ ਦਫਤਰ ਨੂੰ ਪੁਲਿਸ ਛੌਣੀ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਇਹੇ ਨਹੀਂ ਪ੍ਰਸ਼ਾਸਨਿਕ ਅਫ਼ਸਰਾਂ ਦੀ ਹਾਜ਼ਰੀ ਵਿਚ ਸਵੇਰੇ ਨਿਰਧਾਰਿਤ ਸਮੇਂ ਤੇ ਸਾਰੇ ਬਲਾਕ ਸੰਮਤੀ ਮੈਂਬਰਾਂ ਨੂੰ ਉਨ੍ਹਾਂ ਦੇ ਪਹਿਚਾਣ ਪੱਤਰਾਂ ਨਾਲ ਤਸਦੀਕ ਕਰਕੇ ਬੀਡੀਪੀਓ ਦਫਤਰ ਵਿਚ ਜਾਣ ਦੀ ਇਜਾਜਤ ਦਿੱਤੀ ਗਈ। ਇਸ ਮੌਕੇ ਕਾਂਗਰਸ ਦੇ 15 ਜਦਕਿ ਬਸਪਾ ਤੋਂ ਨਵਾਂਸ਼ਹਿਰ ਵਿਧਾਇਕ ਨਛੱਤਰ ਪਾਲ, ਬਸਪਾ, ਸ਼੍ਰੋਮਣੀ ਅਕਾਲੀ ਦਲ ਅਤੇ ਆਪ ਪਾਰਟੀ ਦੇ ਬਲਾਕ ਸੰਮਤੀ ਮੈਂਬਰ ਵੀ ਚੋਣ ਪ੍ਰਕ੍ਰਿਆ ਵਿਚ ਸ਼ਾਮਲ ਹੋਣ ਲਈ ਪੁੱਜੇ ਸਨ। ਉਧਰ ਪੁਲਿਸ ਵੱਲੋਂ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸਿੰਘ ਅਤੇ ਕਾਂਗਰਸੀ ਆਗੂਆਂ ਅਤੇ ਸਮਰਥਕਾਂ ਦੇ ਭਾਰੀ ਗਿਣਤੀ ਨੂੰ ਦੇਖਦਿਆਂ ਉਨ੍ਹਾਂ ਨੂੰ ਬੀਡੀਪੀਓ ਦਫਤਰ ਦੇ ਬਾਹਰ ਖੜ੍ਹੇ ਹੋਣ ਦੀ ਅਪੀਲ ਲਗਾਤਾਰ ਕੀਤੀ ਗਈ। ਜਦਕਿ ਚੰਡੀਗੜ੍ਹ ਰੋਡ ਤੇ ਬੀਡੀਪੀਓ ਦਫਤਰ ਵਿਖੇ ਇਕੱਠੇ ਹੋਏ ਲੋਕਾਂ ਨੂੰ ਦੇਖਦਿਆਂ ਪੁਲਿਸ ਵੱਲੋਂ ਲੰਗੜੋਆ ਬਾਈਪਾਸ, ਬਰਨਾਲਾ ਗੇਟ ਸਮੇਤ ਹੋਰਨਾਂ ਥਾਵਾਂ ਤੋਂ ਰੂਟ ਨੂੰ ਡਾਈਵਰਟ ਕਰਨ ਦੇ ਵੀ ਯੋਗ ਉਪਰਾਲੇ ਕੀਤੇ ਗਏ। ਤਾਂ ਜੋ ਚੰਡੀਗੜ੍ਹ ਰੋਡ ਤੇ ਆਵਾਜਾਹੀ ਵਿਚ ਕਿਸੇ ਵੀ ਤਰ੍ਹਾਂ ਦਾ ਵਿਘਨ ਨਾ ਪਵੇ। ----------------------- ਆਪ ਸਰਕਾਰ ਅਤੇ ਪ੍ਰਸ਼ਾਸਨ ਨੇ ਹੋਰਨਾਂ ਇਲਾਕਿਆਂ ਚ ਕੀਤੀ ਧੱਕੇਸ਼ਾਹੀ-ਅੰਗਦ ਸਿੰਘ ਸਵੇਰੇ ਚੋਣ ਪ੍ਰਕ੍ਰਿਆ ਸ਼ੁਰੂ ਹੋਣ ਤੋਂ ਪਹਿਲਾ ਬੀਡੀਪੀਓ ਦਫਤਰ ਨੇੜੇ ਸਮਰਥਕਾਂ ਸਮੇਤ ਖੜੇ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸਿੰਘ ਨੇ ਦੱਸਿਆ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਈ ਇਲਾਕਿਆਂ ਵਿਚ ਧੱਕੇਸ਼ਾਹੀ ਕਰਕੇ ਜੇਤੂਆਂ ਨਾਲ ਕਥਿਤ ਤੌਰ ਤੇ ਧੱਕੇਸ਼ਾਹੀ ਕੀਤੀ ਗਈ ਹੈ। ਜਿਸ ਕਾਰਨ ਉਨ੍ਹਾਂ ਨੂੰ ਕਾਂਗਰਸ ਦੇ ਜੇਤੂ ਉਮੀਦਵਾਰਾਂ ਦੇ ਨਾਲ ਨਾਲ ਸਮਰਥਕਾਂ ਸਮੇਤ ਚੋਣ ਵਾਲੀ ਥਾਂ ਤੇ ਪੁੱਜਣਾ ਪਿਆ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਤਿੰਨ ਵਾਰ ਬਲਾਕ ਸੰਮਤੀ ਚੋਣਾਂ ਕਰਵਾਉਣ ਲਈ ਸੱਦਣ ਤੋਂ ਬਾਅਦ ਵੀ ਚੋਣ ਨਹੀਂ ਕਰਵਾਈ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨਵਾਂਸ਼ਹਿਰ ਚ ਹੋਈ ਧੱਕੇਸ਼ਾਹੀ ਕਿਸੇ ਤੋਂ ਲੁਕੀ ਨਹੀਂ ਹੈ। ਜਿਸ ਕਾਰਨ ਲੋਕਾਂ ਵਿਚ ਰੋਸ ਵੱਧਦਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਜੇਕਰ ਆਪ ਸਰਕਾਰ ਦੀ ਸ਼ਹਿ ਤੇ ਪ੍ਰਸ਼ਾਸਨ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਕੀਤੀ ਤਾਂ ਉਸ ਦਾ ਮੁੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਇਸ ਦੌਰਾਨ ਅੰਗਦ ਸਿੰਘ ਸਮੂਹ ਵਰਕਰਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਪ੍ਰਸ਼ਾਸਨ ਵੱਲੋਂ ਦਿੱਤੀ ਜਾ ਰਹੀ ਹਿਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕਰਦੇ ਵੀ ਨਜ਼ਰ ਆਏ। --------------------- ਢੋਲ ਢੱਮਕੇ ਨਾਲ ਜਿੱਤ ਦੀ ਖੁਸ਼ੀ ਮਨਾਈ ਉਧਰ ਚੋਣ ਪ੍ਰਕ੍ਰਿਆ ਪੂਰੀ ਹੋਣ ਅਤੇ ਕਾਂਗਰਸ ਉਮੀਦਵਾਰ ਹੰਸ ਰਾਜ ਦੇ ਚੇਅਰਮੈਨ ਅਤੇ ਵਰਿੰਦਰ ਕੌਰ ਬਘੌਰਾਂ ਦੇ ਉਪ ਚੇਅਰਪਰਸਨ ਨਿਯੁਕਤ ਹੋਣ ਦਾ ਪਤਾ ਚਲਦਿਆਂ ਕਾਂਗਰਸੀ ਆਗੂਆਂ ਅਤੇ ਸਮਰਥਕਾਂ ਵੱਲੋਂ ਢੋਲ ਢੱਮਕੇ ਨਾਲ ਜੇਤੂਆਂ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਸਾਰੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਮਰ ਰਹੇ, ਕਾਂਗਰਸ ਪਾਰਟੀ ਜਿੰਦਾਬਾਦ, ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਅੰਗਦ ਸਿੰਘ ਜਿੰਦਾਬਾਦ ਦੇ ਨਾਅਰੇ ਵੀ ਲਗਾਏ। ਉਧਰ ਬੀਡੀਪੀਓ ਦਫਤਰ ਵਿਖੇ ਸਾਬਕਾ ਵਿਧਾਇਕ ਅੰਗਦ ਸਿੰਘ ਨੇ ਜੇਤੂਆਂ ਸਮੇਤ ਸਮੂਹ ਬਲਾਕ ਸੰਮਤੀ ਮੈਂਬਰਾਂ ਨੂੰ ਵੀ ਹਾਰ ਪਹਿਨਾ ਕੇ ਜਿੱਤ ਦੀ ਖੁਸ਼ੀ ਮਨਾਈ ਗਈ। ਅੰਗਦ ਸਿੰਘ ਨੇ ਕਿਹਾ ਕਿ ਉਹ ਪਹਿਲਾ ਸ਼ਹੀਦ ਭਗਤ ਸਿੰਘ ਦੀ ਪ੍ਰਤਿਮਾ ਅਤੇ ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੇ ਸ਼ਰਦਾ ਦੇ ਫੁੱਲ ਭੇਂਟ ਕਰਕੇ ਆਪਣੀ ਜਿੱਤ ਦੀ ਖੁਸੀ ਮਨਾਉਂਣਗੇ। ਇਸ ਮੌਕੇ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਕਾਂਗਰਸ ਪਾਰਟੀ ਦੇ ਝੰਡੇ ਹੱਥਾਂ ਵਿਚ ਫੱੜਕੇ ਢੋਲ ਢੱਮਕੇ ਨਾਲ ਜਿੱਤ ਦਾ ਜਸ਼ਨ ਮਨਾਇਆ ਗਿਆ। -------------------- ਸਰਕਾਰ, ਪ੍ਰਸ਼ਾਸਨ ਤੇ ਐਮਐਲਏ ਕੋਈ ਧੱਕਾ ਨਹੀਂ ਕਰ ਰਹੇ- ਨਛੱਤਰ ਪਾਲ ਬਸਪਾ ਦੇ ਨਵਾਂਸ਼ਹਿਰ ਤੋਂ ਵਿਧਾਇਕ ਨਛੱਤਰ ਪਾਲ ਨੇ ਕਿਹਾ ਕਿ ਸਾਬਕਾ ਵਿਧਾਇਕ ਅਤੇ ਕਾਂਗਰਸੀਆਂ ਵੱਲੋਂ ਆਪ ਸਰਕਾਰ, ਪ੍ਰਸ਼ਾਸਨ ਅਤੇ ਵਿਧਾਇਕ ਵੱਲੋਂ ਚੋਣਾਂ ਵਿਚ ਧੱਕੇਸਾਹੀ ਕਰਨ ਦਾ ਜੋ ਆਰੋਪ ਲਗਾਇਆ ਜਾ ਰਿਹਾ ਸੀ। ਪਰ ਅੱਜ ਐੱਸਡੀਐਮ ਅਨਮਜਯੋਤ ਕੌਰ ਦੀ ਅਗਵਾਈ ਹੇਠ ਸਰਵਸੰਮਤੀ ਨਾਲ ਸ਼ਾਂਤਮਈ ਢੰਗ ਨਾਲ ਹੋਈ ਚੋਣ ਨੇ ਸੱਚਾਈ ਜਗ ਜਾਹਿਰ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਚੋਣ ਵਿਚ 15 ਕਾਂਗਰਸੀ ਉਮੀਦਵਾਰਾਂ ਨੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਈ ਹੈ। ਸਾਰਾ ਕੰਮ ਸਰਵਸੰਮਤੀ ਅਤੇ ਸੁਚਾਰੂ ਢੰਗ ਨਾਲ ਨੇਪਰੇ ਚੜਿਆ ਹੈ।