ਗੁਰੂ ਨਾਨਕ ਮਿਸ਼ਨ ਸਕੂਲ ਨੇ ਇੰਟਰ ਸਕੂਲ ਮੁਕਾਬਲੇ ’ਚ ਆਲ ਓਵਰ ਟਰਾਫੀ ਜਿੱਤੀ ਗੁਰੂ ਨਾਨਕ ਮਿਸ਼ਨ ਸਕੂਲ ਨੇ ਇੰਟਰ ਸਕੂਲ ਮੁਕਾਬਲੇ ਵਿਚ ਆਲ ਓਵਰ ਟਰਾਫੀ ਜਿੱਤੀ
Publish Date: Mon, 02 Nov 2026 05:43 PM (IST)
Updated Date: Mon, 02 Nov 2026 05:44 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਦੇ ਵਿਦਿਆਰਥੀਆਂ ਨੇ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਕਰਵਾਏ ਗਏ ਇੰਟਰ ਸਕੂਲ ਸੱਭਿਆਚਾਰਕ, ਅਕਾਦਮਿਕ ਅਤੇ ਵਿਰਾਸਤੀ ਮੁਕਾਬਲਿਆਂ ਵਿਚ ਓਵਰ ਆਲ ਵਿਜੇਤਾ ਦੀ ਟਰਾਫੀ ਜਿੱਤ ਕੇ ਇਤਹਾਸ ਰਚਿਆ ਹੈ। ਇਸ ਮੁਕਾਬਲੇ ਵਿਚ ਸਕੂਲ ਦੇ 40 ਹੋਣਹਾਰ ਵਿਦਿਆਰਥੀਆਂ ਨੇ ਵੱਖ-ਵੱਖ ਸੋਲੋ ਅਤੇ ਗਰੁੱਪ ਮੁਕਾਬਿਲਆਂ ਵਿਚ ਭਾਗ ਲਿਆ ਅਤੇ ਲਗਭਗ ਹਰ ਮੁਕਾਬਲੇ ਵਿਚ ਹੀ ਇਨਾਮ ਜਿੱਤੇ। ਪ੍ਰਿੰ. ਵਨੀਤਾ ਚੋਟ ਨੇ ਦੱਸਿਆ ਕਿ ਇਸ ਇੰਟਰ ਸਕੂਲ ਮੁਕਾਬਲੇ ਵਿਚ ਵਿਦਿਆਰਥੀਆਂ ਨੇ 17 ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਜਿਨ੍ਹਾਂ ਵਿਚ ਰੰਗੋਲੀ, ਸ਼ੁੱਧ ਗੁਰਬਾਣੀ ਉਚਾਰਨ, ਬਿਜ਼ਨਸ ਮਾਡਲ, ਆਨ-ਦ-ਸਪਾਟ ਪੇਂਟਿੰਗ, ਕਲੇ ਮਾਡਲਿੰਗ, ਮਿੱਟੀ ਦੇ ਖਿਡੌਣੇ ਬਣਾਉਣਾ, ਮੱਕੀ ਦੀ ਰੋਟੀ ਬਣਾਉਣਾ, ਸ਼ਬਦ ਗਾਇਨ, ਕੰਪਿਊਟਰ ਟਾਈਪਿੰਗ, ਦਮਾਲਾ ਸਜਾਉਣਾ, ਭਾਸ਼ਣ, ਮਹਿੰਦੀ ਡਿਜ਼ਾਈਨ, ਫੁੱਲਕਾਰੀ, ਕਵਿਤਾ ਉਚਾਰਨ, ਕੋਲਾਜ ਮੇਕਿੰਗ, ਪੰਜਾਬੀ ਮਾਡਲ ਅਤੇ ਸੋਲੋ ਭੰਗੜਾ ਦੇ ਮੁਕਾਬਲੇ ਸ਼ਾਮਿਲ ਹਨ। ਜਦਕਿ ਕੁਇਜ਼, ਸਾਜ਼ ਵਜਾਉਣ, ਸਲਾਦ ਸਜਾਵਟ, ਗੀਤ-ਗ਼ਜ਼ਲ ਅਤੇ ਲੋਕ ਗੀਤ ਦੇ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਵੀਸ਼ਰੀ, ਕਾਰਟੂਨਿੰਗ, ਰਵਾਇਤੀ ਭਾਂਡਿਆਂ ਦੀ ਪ੍ਰਦਰਸ਼ਨੀ, ਆਟੇ ਦੀ ਚਿੜੀ ਬਣਾਉਣੀ, ਦਸਤਾਰ ਸਜਾਉਣੀ ਅਤੇ ਪੋਸਟਰ ਮੇਕਿੰਗ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਨੇ ਇੰਟਰ ਸਕੂਲ ਮੁਕਾਬਲੇ ਵਿਚ ਆਲ ਓਵਰ ਟਰਾਫੀ ਜਿੱਤਣ ਵਾਲੇ ਸਕੂਲ ਦੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਿਰਫ ਸਕੂਲੀ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਵਿਚ ਆਤਮ-ਵਿਸ਼ਵਾਸ ਪੈਦਾ ਕਰਨਾ, ਬੋਲਣ ਦੀ ਕਲਾ ਸਿੱਖਣੀ ਅਤੇ ਉਨ੍ਹਾਂ ਸੱਭਿਆਚਾਰ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਇਹ ਆਲ ਉਵਰ ਟਰਾਫੀ ਦੀ ਜਿੱਤ ਸਾਡੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਕੀਤੀ ਸਖਤ ਮਿਹਨਤ ਦਾ ਸ਼ਾਨਦਾਰ ਖੁਸ਼ੀ ਭਰਿਆ ਨਤੀਜਾ ਹੈ ਜਿਸ ਨਾਲ ਸਾਡਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਇਸ ਮੌਕੇ ਰਮਨ ਕੁਮਾਰ ਵਾਈਸ ਪ੍ਰਿੰਸੀਪਲ, ਭਾਈ ਜੋਗਾ ਸਿੰਘ, ਬਲਜੀਤ ਕੌਰ ਭੋਗਲ, ਸੰਦੀਪ ਕੌਰ, ਗੁਰਪ੍ਰੀਤ ਕੌਰ, ਪ੍ਰਭਪ੍ਰੀਤ ਕੌਰ , ਜਸਵੀਰ ਕੌਰ, ਕੋਮਲ, ਕੁਲਜੀਤ ਸਿੰਘ ਡੀਪੀਈ ਅਤੇ ਹੋਰ ਹਾਜ਼ਰ ਸਨ।