ਕੇਸੀ ਪਬਲਿਕ ਸਕੂਲ 'ਚ ਸ਼ਰਧਾ ਨਾਲ ਮਨਾਇਆ ਗੁਰਪੁਰਬ ਕੇਸੀ ਪਬਲਿਕ ਸਕੂਲ 'ਚ ਗੁਰਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ
Publish Date: Tue, 24 Nov 2026 05:25 PM (IST)
Updated Date: Tue, 24 Nov 2026 05:28 PM (IST)
ਸਟਾਫ਼ ਰਿਪੋਰਟਰ,.ਪੰਜਾਬੀ ਜਾਗਰਣ, ਨਵਾਂਸ਼ਹਿਰ : ਕੇਸੀ ਪਬਲਿਕ ਸਕੂਲ ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪਰਬ ਦੇ ਸੰਬੰਧ ਵਿਚ ਸਕੂਲ ਕੈਂਪਸ ਚ ਅੰਮ੍ਰਿਤਧਾਰੀ ਵਿਦਿਆਰਥੀ ਹਰਸ਼ਦੀਪ ਸਿੰਘ ਨੇ ਸਭ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ। ਟੀਚਰ ਹਰਦੀਪ ਸੰਧੂ ਨੇ ਦੱਸਿਆ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਲਿਆ ਤਾਂ ਸਮਾਜ ’ਚ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸਥਿਤੀ ਬਹੁਤ ਵਿਗੜੀ ਹੋਈ ਸੀ। ਔਰਤਾਂ ਤੇ ਜ਼ੁਲਮ ਹੋ ਰਹੇ ਸਨ ਅਤੇ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸਥਿਤੀ ਅਜਿਹੀ ਸੀ ਕਿ ਕਿਸੇ ਨੂੰ ਵੀ ਇਨਸਾਫ ਨਹੀਂ ਮਿਲ ਰਿਹਾ ਸੀ। ਸਮਾਜ ਵਿਚ ਜਾਤੀ ਅਤੇ ਵਰਗ ਵਿਤਕਰਾ ਵਧ ਗਿਆ ਸੀ। ਗੁਰੂ ਜੀ ਨੇ ਇਸ ਸਥਿਤੀ ਨੂੰ ਸੁਧਾਰਨਾ ਸ਼ੁਰੂ ਕੀਤਾ। ਇਸ ਤੋਂ ਬਾਅਦ ਵਿਦਿਆਰਥੀ ਸੋਨਾਕਸ਼ੀ, ਸਹਿਜ, ਸਮੀਕਸ਼ਾ, ਪ੍ਰੀਤਮ ਕੌਰ ਅਤੇ ਹੋਰ ਵਿਦਿਆਰਥੀਆਂ ਨੇ ਸ਼ਬਦ ਸਤਿਗੁਰੂ ਨਾਨਕ ਪ੍ਰਗਟਾਇਆ, ਨਾਨਕ ਦੀ ਗੁਝੀਆ ਵੇ ਸਮਝ ਜਮਾਨਾ ਅਤੇ ਬਾਬਰ ਦੇ ਦਰਬਾਰ ਆਇਆ ਇਕ ਮਸਤਾਨਾ ਯੋਗੀ ਸੁਣਾ ਕੇ ਸਾਰਿਆ ਨੂੰ ਨਿਹਾਲ ਕੀਤਾ। ਵਿਦਿਆਰਥੀਆਂ ਨੇ ਸਮਝਾਇਆ ਕਿ ਗੁਰੂ ਨਾਨਕ ਦੇਵ ਜੀ ਸਾਰੇ ਜੀਵਾਂ ਨੂੰ ਬਰਾਬਰ ਮੰਨਦੇ ਸਨ। ਉਨ੍ਹਾਂ ਜਨਤਾ ਦੇ ਭਲੇ ਲਈ ਕਰਮਾ ਕਾਂਡਾਂ, ਅੰਧ-ਵਿਸ਼ਵਾਸ ਅਤੇ ਗਲਤ ਰੀਤੀ-ਰਿਵਾਜਾਂ ਨੂੰ ਤਿਆਗਣ ਦਾ ਉਪਦੇਸ਼ ਦਿੱਤਾ। ਸਕੂਲ ਪ੍ਰਿੰ. ਪੂਜਾ ਸ਼ਾਰਦਾ ਨੇ ਆਪਣੇ ਮਾਪਿਆਂ ਦੀ ਸੇਵਾ ਕਰਨ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਯਤਨ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਕਿਰਤ ਕਰਨ, ਨਾਮ ਜਪਣ ਅਤੇ ਪਾਪ ਤੋਂ ਬਚਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਨੇ ਸਮਾਜ ਨੂੰ ਸਿੱਖਿਆ ਰਾਹੀਂ ਅੰਧ-ਵਿਸ਼ਵਾਸ ਨੂੰ ਦੂਰ ਕਰਨ ਦਾ ਸੰਦੇਸ਼ ਦਿੱਤਾ। ਅਧਿਆਪਕ ਹਰਦੀਪ ਸੰਧੂ ਨੇ ਸ੍ਰੀ ਆਨੰਦ ਸਾਹਿਬ ਦਾ ਪਾਠ ਕੀਤਾ ਅਤੇ ਅਰਦਾਸ ਕੀਤੀ। ਇਸ ਮੌਕੇ ਕੈਂਪਸ ਡਾਇਰੈਕਟਰ ਡਾ. ਅੰਕੁਸ਼ ਜੌਹਰੀ, ਐਸਏਓ ਆਰਕੇ ਮੂੰਮ, ਰੰਜਨਾ ਖੰਨਾ, ਗੁਰਪ੍ਰੀਤ ਸਿੰਘ, ਰਾਜਵੀਰ ਕੌਰ, ਅਮਨਦੀਪ ਕੌਰ, ਰਜਨੀ, ਕੁਸੁਮ, ਮੋਨਿਕਾ ਰਾਣੀ, ਸਾਹਿਲ, ਕਿਰਨ ਸੋਬਤੀ, ਹਰਦੀਪ ਸਿੰਘ, ਮਨੀਸ਼ਾ ਰਾਣੀ, ਸੁਜਾਤਾ, ਵਿਪਨ ਕੁਮਾਰ ਅਤੇ ਸਟਾਫ਼ ਹਾਜ਼ਰ ਸਨ।