ਬੰਗਾ ਦੇ ਵਿਕਾਸ ਲਈ 13 ਕਰੋੜ ਰੁਪਏ ਦੀਆਂ ਗ੍ਰਾਂਟਾਂ ਜਾਰੀ : ਡਾ. ਸੁੱਖੀ ਬੰਗਾ ਦੇ ਵਿਕਾਸ ਲਈ 13 ਕਰੋੜ ਰੁਪਏ ਦੀਆਂ ਗਰਾਂਟਾਂ ਜਾਰੀ-ਡਾ. ਸੁਖਵਿੰਦਰ ਕੁਮਾਰ ਸੁੱਖੀ
Publish Date: Sun, 23 Aug 2026 03:36 PM (IST)
Updated Date: Sun, 23 Aug 2026 03:39 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਹਲਕਾ ਬੰਗਾ ਦੇ ਸਰਵਪੱਖੀ ਵਿਕਾਸ ਨੂੰ ਹੋਰ ਗਤੀ ਦੇਣ ਲਈ ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਵੱਲੋਂ ਵਿਕਾਸ ਕਾਰਜਾਂ ਲਈ ਕੁੱਲ 13 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਇਸ ਵਿੱਚੋਂ 5 ਕਰੋੜ ਰੁਪਏ ਦੀਆਂ ਵਿਕਾਸ ਗਰਾਂਟਾਂ ਦੇ ਚੈੱਕ ਵੱਖ-ਵੱਖ ਗ੍ਰਾਮ ਪੰਚਾਇਤਾਂ ਨੂੰ ਸੌਂਪੇ ਗਏ। ਜਦਕਿ 8 ਕਰੋੜ ਰੁਪਏ ਦੀ ਰਾਸ਼ੀ 20 ਸਟੇਡੀਅਮਾਂ ਅਤੇ 95 ਓਪਨ ਜਿੰਮਾਂ ਲਈ ਜਾਰੀ ਕੀਤੀ ਹੈ।।ਬੰਗਾ ਵਿਧਾਇਕ ਨੇ ਕਿਹਾ ਕਿ ਹਲਕਾ ਬੰਗਾ ਦੇ ਹਰੇਕ ਪਿੰਡ ਦਾ ਸਰਵਪੱਖੀ ਵਿਕਾਸ ਉਨ੍ਹਾਂ ਦੀ ਮੁੱਖ ਤਰਜੀਹ ਹੈ। ਗ੍ਰਾਮ ਪੰਚਾਇਤਾਂ ਨੂੰ ਦਿੱਤੀਆਂ ਗਰਾਂਟਾਂ ਨਾਲ ਪਿੰਡਾਂ ਵਿਚ ਲੋਕਾਂ ਦੀਆਂ ਲੋੜਾਂ ਅਨੁਸਾਰ ਵੱਖ-ਵੱਖ ਬੁਨਿਆਦੀ ਅਤੇ ਵਿਕਾਸ ਕਾਰਜ ਕਰਵਾਏ ਜਾਣਗੇ। ਇਨ੍ਹਾਂ ਕਾਰਜਾਂ ਨਾਲ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਸਟੇਡੀਅਮਾਂ ਅਤੇ ਓਪਨ ਜਿੰਮਾਂ ਦੀ ਉਸਾਰੀ ਨਾਲ ਹਲਕੇ ਦੇ ਨੌਜਵਾਨਾਂ ਅਤੇ ਖਿਡਾਰੀਆਂ ਨੂੰ ਲਾਭ ਮਿਲੇਗਾ। ਇਸ ਨਾਲ ਪਿੰਡ ਪੱਧਰ ਤੇ ਖੇਡਾਂ ਲਈ ਬਿਹਤਰ ਮਾਹੌਲ ਤਿਆਰ ਹੋਵੇਗਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਨਾਲ ਕੀਤੇ ਵਿਕਾਸ ਦੇ ਵਾਅਦਿਆਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀਆਂ ਜ਼ਰੂਰਤਾਂ ਅਨੁਸਾਰ ਨਵੇਂ ਵਿਕਾਸ ਕਾਰਜਾਂ ਨੂੰ ਵੀ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਲਕਾ ਬੰਗਾ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਵਿਕਾਸ ਕਾਰਜਾਂ ਦਾ ਇਹ ਸਿਲਸਿਲਾ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਮੌਕੇ ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐੱਸਸੀ ਵਿੰਗ ਅਤੇ ਮੈਂਬਰ ਜ਼ਿਲ੍ਹਾ ਪਰਿਸ਼ਦ, ਪਵਨਜੀਤ ਸਿੰਘ ਸਿੱਧੂ ਹਲਕਾ ਸੰਗਠਨ ਇੰਚਾਰਜ ਬੰਗਾ ਤੋਂ ਇਲਾਵਾ ਵੱਖ-ਵੱਖ ਵਿੰਗਾਂ ਦੇ ਚੇਅਰਮੈਨ, ਜ਼ਿਲ੍ਹਾ ਪਰਿਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ, ਸਰਪੰਚ, ਪੰਚ ਅਤੇ ਵੱਖ-ਵੱਖ ਪਿੰਡਾਂ ਦੇ ਆਗੂ ਤੇ ਵਰਕਰ ਹਾਜ਼ਰ ਸਨ।