ਜ਼ਿਲ੍ਹੇ ’ਚ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਕੀਤਾ ਜਾਵੇਗਾ ਭਰਵਾਂ ਸਵਾਗਤ : ਸ਼ੁਕਾਰ ਜ਼ਿਲ੍ਹੇ 'ਚ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਕੀਤਾ ਜਾਵੇਗਾ ਭਰਵਾਂ ਸਵਾਗਤ-ਸੁਖਦੀਪ ਸਿੰਘ ਸ਼ੁਕਾਰ
Publish Date: Tue, 15 Sep 2026 06:45 PM (IST)
Updated Date: Tue, 15 Sep 2026 06:47 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੀਰੀ-ਪੀਰੀ ਦਿਵਸ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਛੇਵੇਂ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਗੁਰੂ ਸਾਹਿਬਾਨਾਂ ਦੇ ਸ਼ਾਸਤਰਾਂ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਬਹੁਤ ਵੱਡਾ ਮੀਰੀ-ਪੀਰੀ ਖਾਲਸਾ ਮਾਰਚ ਮਾਝੇ-ਮਾਲਵੇ ਦੀ ਧਰਤੀ ਤੋਂ ਹੁੰਦਾ ਹੋਇਆ, ਮਿਤੀ 17 ਸਤੰਬਰ 26 ਨੂੰ ਸਵੇਰੇ 9 ਵਜੇ ਸ੍ਰੀ ਆਨੰਦਪੁਰ ਸਾਹਿਬ ਤੋਂ ਆਰੰਭ ਹੋ ਕੇ 2 ਦਿਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਸੰਗਤਾਂ ਨੂੰ ਗੁਰੂ ਸਾਹਿਬਾਨਾਂ ਦੇ ਇਤਿਹਾਸ ਦੇ ਨਾਲ ਜੋੜਨ ਲਈ ਅਤੇ ਮੀਰੀ-ਪੀਰੀ ਦੇ ਸਿਧਾਂਤਾਂ ਨੂੰ ਘਰ-ਘਰ ਪਹੁੰਚਾਉਣ ਲਈ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿਚ ਅਤੇ ਵੱਖ-ਵੱਖ ਥਾਵਾਂ ’ਤੇ ਪੜਾਅ ਕਰੇਗਾ। ਇਸੇ ਤਹਿਤ ਹਲਕਾ ਬਲਾਚੌਰ ਦੇ ਪਿੰਡ ਕਰੀਮਪੁਰ ਚਾਹਵਾਲਾ ਸਥਾਨ-ਗੜ੍ਹਸ਼ੰਕਰ ਰੋਡ ਗੁਰਦੁਆਰਾ ਸਾਹਿਬ ਵਿਖੇ ਪੁੱਜੇਗਾ ਅਤੇ 11 ਵਜੇ ਗੜ੍ਹਸ਼ੰਕਰ ਵਿਖੇ ਦੁਪਿਹਰ ਦਾ ਲੰਗਰ ਵਰਤਾਇਆ ਜਾਵੇਗਾ। ਪਿੰਡ ਅਲਾਚੌਰ ਸਥਾਨ- ਨਿਰਮਲ ਕੁਟੀਆ ਦੇ ਬਾਹਰ ਮੁਬਾਰਕਪੁਰ, ਮਹਿੰਦੀਪੁਰ ਅਤੇ ਨੇੜਲੇ ਹੋਰ ਪਿੰਡਾਂ ਦੀਆਂ ਸੰਗਤਾਂ 3 ਵਜੇ ਦਰਸ਼ਨ ਦੀਦਾਰੇ ਕਰਨਗੀਆਂ। ਇਸ ਉਪਰੰਤ ਬਾਬਾ ਸ੍ਰੀ ਚੰਦ ਜੀ ਦੇ ਸਥਾਨ (ਟਾਹਲੀ ਸਾਹਿਬ) ਵਿਖੇ 3:30 ਵਜੇ ਪੁੱਜਣਗੀਆਂ। ਇਸ ਉਪਰੰਤ 4 ਵਜੇ ਬੰਗਾ ਰੋਡ ਮੰਜੀ ਸਾਹਿਬ ਗੁਰਦੁਆਰਾ ਗੇਟ ਦੇ ਬਾਹਰ ਪੁਜਣਗੇ। 4.30 ਵਜੇ ਮਹਾਲੋਂ ਗੋਟ (ਸੀਆਈਏ ਸਟਾਫ) ਦੇ ਨਜ਼ਦੀਕ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਉਪਰੰਤ 5 ਵਜੇ ਮੱਲਪੁਰ ਅੜਕਾਂ (ਬੱਸ-ਸਟੈਂਡ) ਤੇ ਭਰਵਾਂ ਸਵਾਗਤ ਕੀਤਾ ਜਾਵੇਗਾ। ਉਪਰੰਤ 5.15 ਵਜੇ ਪਿੰਡ ਕਾਹਮਾ ਵਿਖੇ, 5.30 ਵਜੇ ਖਟਕੜ ਕਲਾਂ ਦੇ ਗੁਰਦੁਆਰਾ ਸ਼੍ਰੀ ਬਾਬਾ ਝੰਡਾ ਜੀ ਦੇ ਬਾਹਰ ਸਵਾਗਤ ਕੀਤਾ ਜਾਵੇਗਾ। ਉਪਰੰਤ ਰਹਿਰਾਸ ਸਾਹਿਬ ਅਤੇ ਰਾਤ ਦੇ ਵਿਸ਼ਰਾਮ ਕਰਨ ਲਈ ਗੁਰਦੁਆਰਾ ਚਰਨ ਕੰਵਲ ਸਾਹਿਬ ਬੰਗਾ ਵਿਖੇ ਪੁੱਜਣਗੇ। ਇਸ ਮੌਕੇ ਅਕਾਲੀ ਆਗੂ ਮਨਮੋਹਨ ਸਿੰਘ ਗੁਲ੍ਹਾਟੀ, ਕੌਂਸਲਰ ਪਰਮ ਸਿੰਘ ਖ਼ਾਲਸਾ, ਸਮੇਤ ਹੋਰ ਪਤਵੰਤੇ ਹਾਜ਼ਰ ਸਨ।