253 ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਵਿਰੋਧ 'ਚ ਸਰਕਾਰ ਦੀ ਅਰਥੀ ਫੂਕੀ 253 ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਵਿਰੋਧ 'ਚ ਸਰਕਾਰ ਦੀ ਅਰਥੀ ਫੂਕੀ
Publish Date: Wed, 04 Nov 2026 04:55 PM (IST)
Updated Date: Wed, 04 Nov 2026 04:56 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੰਜਾਬ ਸਰਕਾਰ ਵੱਲੋਂ 4161 ਭਰਤੀ ਤਹਿਤ ਨਿਯੁਕਤ 253 ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਫ਼ੈਸਲੇ ਦੇ ਵਿਰੋਧ ਵਿਚ ਅਧਿਆਪਕ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦੀ ਨਿਖੇਧੀ ਕਰਦਿਆਂ ਰਾਮ ਕਿਸ਼ਨ ਪੱਲੀ ਝਿੱਕੀ ਐੱਸਸੀਬੀਸੀ ਯੂਨੀਅਨ, ਅਜੇ ਕੁਮਾਰ ਚਾਹੜ ਮਾਜਰਾ, ਚੰਦਰ ਸ਼ੇਖਰ ਡੀਟੀਐਫ, ਸਤਨਾਮ ਮੀਰਪੁਰੀ, ਬਿਕਰਮਜੀਤ ਸਿੰਘ ਰਾਹੋਂ ਜੀਟੀਯੂ, ਵਿਨੈ ਕੁਮਾਰ, ਹਰਮਿੰਦਰ ਸਿੰਘ ਉਪਲ ਪ੍ਰਧਾਨ ਮਾਸਟਰ ਕੇਡਰ ਯੂਨੀਅਨ, ਪ੍ਰਸ਼ੋਤਮ ਲਾਲ ਜੀਟੀਯੂ, ਬਲਵੀਰ ਭੁੱਲਰ, ਸੁਰਿੰਦਰ ਨਾਈ ਮਜਾਰਾ, ਗੁਰਦੀਸ਼ ਸਿੰਘ, ਪੈਨਸ਼ਨਰ ਆਗੂ ਸ਼ੰਕਰ ਦਾਸ ਬੰਗਾ, ਆਸ਼ੂ ਬਤਰਾ 6625 ਨੇ ਦੋਸ਼ ਲਾਇਆ ਕਿ ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਫ਼ੈਸਲਾ ਅਧਿਆਪਕ ਵਰਗ ਦੇ ਭਵਿੱਖ ਨਾਲ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਇਕ ਅਧਿਆਪਕ ਲੰਬੀ ਪ੍ਰਕਿਰਿਆ ਤੋਂ ਬਾਅਦ ਭਰਤੀ ਹੋ ਕੇ ਨੌਕਰੀ ਵਿਚ ਆਉਂਦਾ ਹੈ ਪਰ ਹੁਣ ਉਸਦੀ ਨੌਕਰੀ ਤੇ ਖ਼ਤਰੇ ਦੇ ਬੱਦਲ ਮੰਡਰਾਉਂਦੇ ਹਨ। ਜਿਸ ਕਰਕੇ ਉਨ੍ਹਾਂ ਦੇ ਪਰਿਵਾਰਾਂ ਵਿਚ ਚਿੰਤਾ ਪਾਈ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਇਕ ਪ੍ਰਾਈਵੇਟ ਕੰਪਨੀ ਦੀ ਗਲਤੀ ਦਾ ਖਮਿਆਜਾ ਅਧਿਆਪਕ ਤੇ ਉਨ੍ਹਾਂ ਦੇ ਪਰਿਵਾਰ ਭੁਗਤ ਰਹੇ ਹਨ। ਜਦਕਿ ਟੈਸਟ ਵਿਚ 83 ਸਵਾਲ ਹੀ ਗ਼ਲਤ ਸਨ। ਆਗੂਆਂ ਨੇ ਕਿਹਾ ਕਿ ਸਿੱਖਿਆ ਨੂੰ ਉਪਰ ਚੁੱਕਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਨੂੰ ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੀ ਬਜਾਏ ਉਨ੍ਹਾਂ ਦੀ ਨੌਕਰੀ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਕਿਸੇ ਦੇਸ਼ ਦੀ ਸਿੱਖਿਆ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਅਧਿਆਪਕਾਂ ਨੂੰ ਨੌਕਰੀ ਤੋਂ ਫਾਰਗ ਕਰਨ ਨਾਲ ਸਕੂਲਾਂ ਦੀ ਸਿੱਖਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਅਧਿਆਪਕ ਆਗੂਆਂ ਨੇ ਕਿਹਾ ਕਿ 253 ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਦੀ ਕਾਰਵਾਈ ਤੁਰੰਤ ਰੋਕੀ ਜਾਵੇ ਤੇ ਇਨ੍ਹਾਂ ਦੀ ਨੌਕਰੀ ਸੁਰੱਖਿਅਤ ਕਰਨ ਲਈ ਢੁੱਕਵੇਂ ਕਦਮ ਚੁੱਕੇ ਜਾਣ। ਉਨ੍ਹਾਂ ਪੰਜਾਬ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ 253 ਅਧਿਆਪਕਾਂ ਦੇ ਹੱਕ ਵਿਚ ਵੱਧ ਤੋਂ ਵੱਧ ਆਵਾਜ਼ ਬੁਲੰਦ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਸਲੇ ਨੂੰ ਸਰਕਾਰ ਨੇ ਗੰਭੀਰਤਾ ਨਾਲ ਨਾ ਲਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸਰਵਜੀਤ ਸਿੰਘ ਹਿਆਲਾ, ਪ੍ਰੀਆ 4161, ਗੁਰਵਿੰਦਰ ਸਿੰਘ 4161, ਸੰਗੀਤਾ, ਰਾਜਵਿੰਦਰ ਸਿੰਘ ਬਾਹੜਾ, ਮਨਜੀਤ ਸਾਹਲੋਂ, ਸੰਦੀਪ ਕੁਮਾਰ, ਪ੍ਰਦੀਪ ਕੁਮਾਰ, ਹਰਮਨਪ੍ਰੀਤ, ਦਿਲਬਾਗ ਭਾਰਟਾ, ਲਖਵੀਰ ਰਾਮ ਆਦਿ ਹਾਜ਼ਰ ਸਨ।