ਅਧਿਆਪਕ ਦੀ ਘਾਟ ਕਾਰਨ ਬੱਲੋਵਾਲ ਸੌਂਖੜੀ ਦਾ ਸਰਕਾਰੀ ਸਮਾਰਟ ਸਕੂਲ ਬੰਦ ਹੋਣ ਦੀ ਕਗਾਰ ’ਤੇ : ਅਜੇ ਮੰਗੂਪੁਰ ਅਧਿਆਪਕ ਦੀ ਘਾਟ ਕਾਰਨ ਬੱਲੋਵਾਲ ਸੌਂਖੜੀ ਦਾ ਸਰਕਾਰੀ ਸਮਾਰਟ ਸਕੂਲ ਬੰਦ ਹੋਣ ਦੀ ਕਗਾਰ 'ਤੇ-ਅਜੇ ਮੰਗੂਪੁਰ
Publish Date: Wed, 26 Aug 2026 07:08 PM (IST)
Updated Date: Wed, 26 Aug 2026 07:10 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਹਲਕਾ ਬਲਾਚੌਰ ਦੇ ਪਿੰਡ ਬੱਲੋਵਾਲ ਸੌਂਖੜੀ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਚ ਅਧਿਆਪਕ ਨਾ ਹੋਣ ਕਾਰਨ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਅਤੇ ਸਕੂਲ ਬੰਦ ਹੋਣ ਦੀ ਕਗਾਰ ’ਤੇ ਪਹੁੰਚ ਗਿਆ ਹੈ। ਅਜੇ ਮੰਗੂਪੁਰ ਵੱਲੋਂ ਸਕੂਲ ਵਿਖੇ ਪਹੁੰਚ ਸਾਰੇ ਹਾਲਾਤਾਂ ਬਾਰੇ ਲੋਕਾਂ ਨੂੰ ਜਨਤਕ ਕਰਾਇਆ। ਇਸ ਗੰਭੀਰ ਮਾਮਲੇ ਨੂੰ ਲੈ ਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਵੱਲੋਂ ਪੰਜਾਬ ਦੀ ਆਪ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੱਲੋਵਾਲ ਸੌਂਖੜੀ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਚ ਤੁਰੰਤ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾਵੇ। ਅਜੇ ਮੰਗੂਪੁਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ। ਜੇਕਰ ਕਿਸੇ ਸਕੂਲ ਵਿਚ ਅਧਿਆਪਕ ਹੀ ਨਹੀਂ ਹੋਣਗੇ ਤਾਂ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਭਵਿੱਖ ਨਾਲ ਸਿੱਧਾ ਖਿਲਵਾੜ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਕਈ ਸਰਕਾਰੀ ਸਕੂਲ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਹਨ। ਬੱਲੋਵਾਲ ਸੌਂਖੜੀ ਦਾ ਮਾਮਲਾ ਇਸਦੀ ਇੱਕ ਗੰਭੀਰ ਉਦਾਹਰਨ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਂਦਿਆਂ ਸਕੂਲ ਵਿਚ ਲੋੜੀਂਦੇ ਅਧਿਆਪਕਾਂ ਦੀ ਤਾਇਨਾਤੀ ਕੀਤੀ ਜਾਵੇ। ਤਾਂ ਜੋ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ ਅਤੇ ਸਕੂਲ ਨੂੰ ਬੰਦ ਹੋਣ ਤੋਂ ਬਚਾਇਆ ਜਾ ਸਕੇ। ਅਜੇ ਮੰਗੂਪੁਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਇਸ ਮਾਮਲੇ ਤੇ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਇਲਾਕੇ ਦੇ ਲੋਕਾਂ ਨਾਲ ਮਿਲ ਕੇ ਬੱਚਿਆਂ ਦੇ ਹੱਕ ਅਤੇ ਸਿੱਖਿਆ ਦੇ ਹੱਕ ਲਈ ਆਵਾਜ਼ ਹੋਰ ਵੀ ਬੁਲੰਦ ਕੀਤੀ ਜਾਵੇਗੀ। ਇਸ ਮੌਕੇ ਦੇਸ ਰਾਜ ਸਰਪੰਚ, ਜੈ ਚੰਦ, ਗੁਰਪਾਲ, ਸੰਤੋਖ ਸਿੰਘ, ਮਿਹਰ ਚੰਦ, ਰੂਪ ਲਾਲ ਆਦਿ ਹਾਜ਼ਰ ਸਨ।