ਸਰਕਾਰੀ ਕਾਲਜ ਪੋਜੇਵਾਲ ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਿਹਾ ਸਰਕਾਰੀ ਕਾਲਜ ਪੋਜੇਵਾਲ ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਿਹਾ
Publish Date: Sat, 10 Oct 2026 04:53 PM (IST)
Updated Date: Sat, 10 Oct 2026 04:56 PM (IST)
ਹਰਦੀਪ ਚੌਧਰੀ, ਪੰਜਾਬੀ ਜਾਗਰਣ ਪੋਜੇਵਾਲ ਸਰਾਂ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਿਤ ਸਰਕਾਰੀ ਕਾਲਜ ਪੋਜੇਵਾਲ ਪਿਛਲੇ ਲੰਮੇ ਸਮੇਂ ਤੋਂ ਆਧੁਨਿਕ ਸਹੂਲਤਾਂ ਅਤੇ ਲੋੜੀਂਦੇ ਬੁਨਿਆਦੀ ਢਾਂਚੇ ਦੀ ਘਾਟ ਨਾਲ ਜੂਝ ਰਿਹਾ ਹੈ। ਇਲਾਕਾ ਵਾਸੀਆਂ ਵੱਲੋਂ ਸਰਕਾਰ ਅਤੇ ਸਬੰਧਿਤ ਵਿਭਾਗ ਤੋਂ ਕਾਲਜ ਦੀਆਂ ਲੋੜਾਂ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪੇਂਡੂ ਖੇਤਰ ਵਿਚ ਸਥਿਤ ਇਹ ਉੱਚ ਸਿੱਖਿਆ ਸੰਸਥਾ ਇਲਾਕੇ ਦੇ ਵਿਦਿਆਰਥੀਆਂ ਲਈ ਬਹੁਤ ਮਹੱਤਵ ਪੂਰਨ ਹੈ ਪਰ ਲੋੜੀਂਦੀਆਂ ਸਹੂਲਤਾਂ ਦੀ ਘਾਟ ਕਾਰਨ ਕਾਲਜ ਦੇ ਵਿਕਾਸ ਨੂੰ ਪ੍ਰਭਾਵਿਤ ਹੋਣਾ ਪੈ ਰਿਹਾ ਹੈ। ਉਨ੍ਹਾਂ ਅਨੁਸਾਰ ਕਾਲਜ ਵਿਚ ਆਧੁਨਿਕ ਲੈਬਾਂ, ਡਿਜੀਟਲ ਸਹੂਲਤਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਕੰਪਿਊਟਰ, ਕਾਮਰਸ ਤੇ ਸਾਇੰਸ ਦੇ ਕੋਰਸ ਸ਼ੁਰੂ ਕਰਨ ਦੀ ਮੰਗ : ਇਲਾਕਾ ਵਾਸੀਆਂ ਨੇ ਦੱਸਿਆ ਕਿ ਕਾਲਜ ਵਿਚ ਮੁੱਖ ਤੌਰ ’ਤੇ ਆਰਟਸ ਵਿਸ਼ਿਆਂ ਨਾਲ ਸਬੰਧਿਤ ਕੋਰਸ ਚੱਲ ਰਹੇ ਹਨ। ਅੱਜ ਦੇ ਸਮੇਂ ਵਿਚ ਕੰਪਿਊਟਰ, ਕਾਮਰਸ ਅਤੇ ਸਾਇੰਸ ਵਿਸ਼ਿਆਂ ਦੀ ਸਿੱਖਿਆ ਦੀ ਵੀ ਵੱਡੀ ਲੋੜ ਹੈ। ਇਨ੍ਹਾਂ ਵਿਸ਼ਿਆਂ ਨਾਲ ਸਬੰਧਿਤ ਕੋਰਸਾਂ ਲਈ ਵਿਦਿਆਰਥੀਆਂ ਨੂੰ ਦੂਰ-ਦੁਰਾਡੇ ਦੇ ਕਾਲਜਾਂ ਵਿਚ ਜਾਣਾ ਪੈਂਦਾ ਹੈ। ਇਸ ਲਈ ਪੋਜੇਵਾਲ ਕਾਲਜ ਵਿਚ ਨਵੇਂ ਅਤੇ ਰੁਜ਼ਗਾਰ ਮੁਖੀ ਕੋਰਸ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ। ਬੀਤ ਇਲਾਕੇ ਦੇ ਵਿਦਿਆਰਥੀਆਂ ਲਈ ਬੱਸ ਸੇਵਾ ਦੀ ਲੋੜ : ਕਾਲਜ ਵਿਚ ਬੀਤ ਇਲਾਕੇ ਸਮੇਤ ਆਸ-ਪਾਸ ਦੇ ਪੇਂਡੂ ਖੇਤਰਾਂ ਤੋਂ ਵੱਡੀ ਗਿਣਤੀ ਵਿਚ ਵਿਦਿਆਰਥੀ ਪੜ੍ਹਨ ਲਈ ਆਉਂਦੇ ਹਨ। ਇਲਾਕਾ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਦੀ ਆਵਾਜਾਈ ਦੀ ਸਮੱਸਿਆ ਨੂੰ ਦੇਖਦਿਆਂ ਕਾਲਜ ਲਈ ਬੱਸ ਜਾਂ ਉਚਿਤ ਟਰਾਂਸਪੋਰਟ ਸਹੂਲਤ ਮੁਹੱਈਆ ਕਰਵਾਈ ਜਾਵੇ ਤਾਂ ਜੋ ਦੂਰ-ਦੁਰਾਡੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਆਉਣ-ਜਾਣ ਵਿਚ ਮੁਸ਼ਕਿਲ ਨਾ ਆਵੇ। ਖੇਡ ਮੈਦਾਨ ਤੇ ਇਨਡੋਰ ਸਟੇਡੀਅਮ ਦਾ ਕੰਮ ਤੇਜ਼ ਕਰਨ ਦੀ ਮੰਗ : ਕਾਲਜ ਵਿਚ ਖੇਡ ਗਰਾਊਂਡ ਦੇ ਨਿਰਮਾਣ ਦਾ ਕੰਮ ਵੀ ਲੰਮੇ ਸਮੇਂ ਤੋਂ ਲਟਕਿਆ ਹੋਇਆ ਹੈ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਖੇਡ ਮੈਦਾਨ ਦੇ ਨਿਰਮਾਣ ਕਾਰਜ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਇਸ ਨੂੰ ਆਧੁਨਿਕ ਸਹੂਲਤਾਂ ਨਾਲ ਤਿਆਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੋਜੇਵਾਲ ਕਾਲਜ ਵਿਚ ਹਾਈਟੈਕ ਖੇਡ ਮੈਦਾਨ ਅਤੇ ਇਨਡੋਰ ਖੇਡ ਸਟੇਡੀਅਮ ਤਿਆਰ ਹੁੰਦਾ ਹੈ ਤਾਂ ਇਸ ਦਾ ਲਾਭ ਪੋਜੇਵਾਲ ਦੇ ਨਾਲ-ਨਾਲ ਪੂਰੇ ਬੀਤ ਇਲਾਕੇ ਦੇ ਨੌਜਵਾਨਾਂ ਨੂੰ ਮਿਲ ਸਕਦਾ ਹੈ। ਸਟਾਫ ਦੀ ਸਥਿਰਤਾ ਵੱਲ ਵੀ ਧਿਆਨ ਦੇਣ ਦੀ ਮੰਗ : ਕਾਲਜ ਵਿਚ ਕੰਮ ਕਰ ਰਹੇ ਸਟਾਫ ਮੈਂਬਰਾਂ ਦੀ ਨੌਕਰੀ ਵਿਚ ਸਥਿਰਤਾ ਦਾ ਮੁੱਦਾ ਵੀ ਇਲਾਕਾ ਵਾਸੀਆਂ ਵੱਲੋਂ ਉਠਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਿਆ ਸੰਸਥਾ ਦੇ ਸੁਚਾਰੂ ਸੰਚਾਲਨ ਅਤੇ ਵਿਦਿਆਰਥੀਆਂ ਨੂੰ ਗੁਣਵੱਤਾ ਵਾਲੀ ਸਿੱਖਿਆ ਦੇਣ ਲਈ ਲੋੜੀਂਦਾ ਅਤੇ ਸਥਿਰ ਸਟਾਫ ਹੋਣਾ ਜ਼ਰੂਰੀ ਹੈ। ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਲਈ ਬਣ ਸਕਦਾ ਹੈ ਵੱਡਾ ਸਹਾਰਾ : ਇਲਾਕਾ ਵਾਸੀਆਂ ਨੇ ਕਿਹਾ ਕਿ ਪੋਜੇਵਾਲ ਅਤੇ ਆਸ-ਪਾਸ ਦੇ ਪੇਂਡੂ ਖੇਤਰਾਂ ਵਿਚ ਬਹੁਤ ਸਾਰੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਵਿਦਿਆਰਥੀ ਹਨ। ਜੇਕਰ ਕਾਲਜ ਵਿਚ ਆਧੁਨਿਕ ਸਹੂਲਤਾਂ, ਨਵੇਂ ਕੋਰਸ, ਮਜ਼ਬੂਤ ਬੁਨਿਆਦੀ ਢਾਂਚਾ ਅਤੇ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਇਹ ਸੰਸਥਾ ਇਲਾਕੇ ਦੇ ਵਿਦਿਆਰਥੀਆਂ ਲਈ ਉੱਚ ਸਿੱਖਿਆ ਦਾ ਹੋਰ ਮਜ਼ਬੂਤ ਕੇਂਦਰ ਬਣ ਸਕਦੀ ਹੈ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸਰਕਾਰੀ ਕਾਲਜ ਪੋਜੇਵਾਲ ਦੀਆਂ ਲੋੜਾਂ ਦਾ ਵਿਸਥਾਰ ਨਾਲ ਜਾਇਜ਼ਾ ਲੈ ਕੇ ਆਧੁਨਿਕ ਸਹੂਲਤਾਂ, ਲੈਬਾਂ, ਡਿਜੀਟਲ ਢਾਂਚਾ, ਨਵੇਂ ਕੋਰਸ, ਟਰਾਂਸਪੋਰਟ ਸਹੂਲਤ, ਖੇਡ ਮੈਦਾਨ ਅਤੇ ਇਨਡੋਰ ਸਟੇਡੀਅਮ ਦੇ ਵਿਕਾਸ ਲਈ ਠੋਸ ਕਦਮ ਚੁੱਕੇ ਜਾਣ।