- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੂੰ-ਟੂੰ ਦੇ ਪ੍ਰਚਾਰ 'ਚ ਵਿਅਸਥ ਸਰਕਾਰ ਠਾਹ-ਠਾਹ ਰੋਕਣ 'ਚ ਫੇਲ੍ਹ-ਕਾ. ਨੂਰਪੁਰੀ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਸਮਾਜਿਕ ਐਕਟੀਵਿਸਟ ਪਰਮਿੰਦਰ ਸਿੰਘ ਝੋਟਾ ਨੂੰ ਚਿੱਟੇ ਦਿਨ ਗੋਲੀ ਮਾਰ ਕੇ ਕਤਲ ਕਰ ਦੇਣ ਦੀ ਘਟਨਾ ਨੇ ਪੰਜਾਬ ਸਰਕਾਰ ਦਾ ਚਿਹਰਾ ਨੰਗਾ ਕਰ ਦਿੱਤਾ ਹੈ। ਅਜਿਹੀਆਂ ਘਟਨਾਵਾਂ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੇ ਪ੍ਰਚਾਰ ਤੇ ਖਜ਼ਾਨੇ ਦਾ ਕਰੋੜਾਂ ਰੁਪਇਆ ਫੂਕ ਦੇਣ ਵਾਲੀ ਆਪ ਸਰਕਾਰ ਨੂੰ ਅਕਸਰ ਸ਼ੀਸ਼ਾ ਵਿਖਾਉਂਦੀਆਂ ਹਨ। ਸੀਪੀਆਈ (ਐੱਮ) ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ ਨੇ ਦੱਸਿਆ ਕਿ ਬੀਬੀਆਂ ਨੂੰ ਪੈਸੇ ਪਾ ਕੇ ਟੂੰ-ਟੂੰ ਦਾ ਪ੍ਰਚਾਰ ਇਸ ਕਦਰ ਕੀਤਾ ਜਾ ਰਿਹਾ ਹੈ ਕਿ ਜਿਵੇਂ ਮੁੱਖ ਮੰਤਰੀ ਪੰਜਾਬ ਇਹ ਪੈਸੇ ਆਪਣੀ ਜੇਬ ਵਿਚੋਂ ਦੇ ਰਹੇ ਹੋਣ। ਕਰਜ਼ੇ ਚੁੱਕ-ਚੁੱਕ ਕੇ ਅਤੇ ਸਰਕਾਰੀ ਪ੍ਰਾਪਰਟੀ ਵੇਚ ਕੇ ਅੰਨ੍ਹੇਵਾਹ ਲੁੱਟ ਮਚਾ ਰਹੀ ਮਾਨ ਸਰਕਾਰ ਆਪਣਾ ਕੋਈ ਵੀ ਵਾਅਦਾ ਲਾਗੂ ਕਰਨ ਵਿਚ ਪੂਰੀ ਤਰ੍ਹਾਂ ਨਾਕਾਮਯਾਬ ਰਹੀ ਹੈ। ਪੰਜਾਬ ਵਿਚ ਆਏ ਦਿਨ ਹੁੰਦੀ ਠਾਹ-ਠਾਹ ਨੇ ਆਮ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਪੰਜਾਬ ਦੇ ਹਰ ਖੇਤਰ ਦੇ ਮੁਲਾਜ਼ਮ ਸੜਕਾਂ ’ਤੇ ਹਨ। ਉਨ੍ਹਾਂ ਨਾਲ ਮੀਟਿੰਗਾਂ ਵਿਚ ਵਾਅਦੇ ਕਰ ਦੇਣ ਦੇ ਬਾਵਜੂਦ ਵੀ ਸਰਕਾਰ ਕੁਝ ਵੀ ਲਾਗੂ ਨਹੀਂ ਕਰ ਰਹੀ। ਅਜਿਹੇ ਵਿਵਹਾਰ ਕਾਰਨ ਸਰਕਾਰ ਟਾਈਮ ਪਾਸ ਕਰ ਰਹੀ ਹੈ ਅਤੇ ਆਪਣੇ ਪਤਨ ਦੀ ਤਿਆਰੀ ਆਪਣੇ ਪੱਧਰ ’ਤੇ ਹੀ ਕਰ ਰਹੀ ਹੈ। ਕਾਮਰੇਡ ਨੂਰਪੁਰੀ ਨੇ ਆਖਿਆ ਕਿ ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਜਿਵੇਂ ਦੇਸ਼ ਭਰ ਵਿਚ ਕੇਂਦਰ ਸਰਕਾਰ ਦੇ ਦਮਨ ਖ਼ਿਲਾਫ਼ ਪੂਰੇ ਦੇਸ਼ ਵਿਚ ਸੰਘਰਸ਼ਸੀਲ ਹੈ। ਇਸ ਤਰ੍ਹਾਂ ਪਾਰਟੀ ਦੀ ਪੰਜਾਬ ਰਾਜ ਇਕਾਈ ਪੰਜਾਬ ਦੀ ਮਾਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਲੋਕ ਘੋਲ ਜਾਰੀ ਰੱਖੇਗੀ ਅਤੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਲੋਕਾਂ ਨੂੰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਲਾਮਬੰਦ ਕਰੇਗੀ।