
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ 'ਤੇ ਗਜਟਿਡ ਛੁੱਟੀ ਐਲਾਨੇ ਸਰਕਾਰ-ਰੋਹਨ ਚੱਡਾ

ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ : ਡੀਪੀਆਈ ਪਾਰਟੀ ਦੇ ਪ੍ਰਧਾਨ ਰੋਹਨ ਚੱਢਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ 5 ਸਤੰਬਰ ਨੂੰ ਰਿਸਟ੍ਰਿਕਟਿਡ ਦੀ ਵਜਾਏ ਗਜਟਿਡ ਸਰਕਾਰੀ ਛੁੱਟੀ ਐਲਾਨੀ ਜਾਵੇ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪਹਿਲਾਂ ਹੀ 5 ਸਤੰਬਰ ਦੀ ਛੁੱਟੀ ਰਿਸਟ੍ਰਿਕਟਿਡ ਛੁੱਟੀ ਵਜੋਂ ਸਰਕਾਰੀ ਮਾਨਤਾ ਪ੍ਰਾਪਤ ਹੈ। ਇਸ ਲਈ ਹੁਣ ਪੰਜਾਬ ਸਰਕਾਰ ਨੂੰ ਇਸ ਦਿਨ ਨੂੰ ਗਜਟਿਡ ਛੁੱਟੀ ਦਾ ਦਰਜਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਮੰਗ ਮੱਜਬੀ ਸਿੰਘ ਵਾਲਮੀਕਿ ਅਤੇ ਸਮੂਹ ਬਹੁਜਨ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਹੈ ਅਤੇ ਬਾਬਾ ਜੀਵਨ ਸਿੰਘ ਜੀ ਦੀ ਸੇਵਾ ਸ਼ਹਾਦਤ ਤੇ ਸਮਾਜਿਕ ਯੋਗਦਾਨ ਨੂੰ ਸਰਕਾਰੀ ਪੱਧਰ ’ਤੇ ਬਣਦਾ ਮਾਨ ਸਨਮਾਨ ਮਿਲਣਾ ਚਾਹੀਦਾ ਹੈ। ਇਤਿਹਾਸਿਕ ਪਰੰਪਰਾਵਾਂ ਅਨੁਸਾਰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਪਾਵਨ ਸੀਸ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਸੁਰੱਖਿਅਤ ਪਹੁੰਚਾਉਣ ਦੀ ਮਹਾਨ ਸੇਵਾ ਨਿਭਾਈ ਹੈ। ਉਨ੍ਹਾਂ ਦੀ ਵਿਰਾਸਤ ਸੇਵਾ ਸਮਾਜਿਕ ਬਰਾਬਰੀ ਅਤੇ ਮਨੁੱਖੀ ਸਨਮਾਨ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਗਜਟਿਡ ਛੁੱਟੀ ਦੀ ਮੰਗ ਕਿਸੇ ਹੋਰ ਧਰਮ ਸਖਸ਼ੀਅਤ ਜਾਂ ਭਾਈਚਾਰੇ ਦੇ ਸਨਮਾਨ ਨੂੰ ਘਟਾਉਣ ਲਈ ਨਹੀਂ ਸਗੋਂ ਇਤਿਹਾਸਕ ਯੋਗਦਾਨ ਨੂੰ ਬਣਦਾ ਸਨਮਾਨ ਦੇਣ ਅਤੇ ਸਮਾਜਿਕ ਬਰਾਬਰੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਕੀਤੀ ਜਾ ਰਹੀ ਹੈ। ਗਜਟਿਡ ਛੁੱਟੀ ਹੋਣ ਨਾਲ ਸਰਕਾਰੀ ਕਰਮਚਾਰੀ ਵਿਦਿਆਰਥੀ ਅਤੇ ਆਮ ਲੋਕ ਇਹ ਦਿਹਾੜਾ ਸ਼ਰਧਾ ਨਾਲ ਮਨਾ ਸਕਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਕੋਈ ਠੋਸ ਅਤੇ ਸਕਾਰਾਤਮਕ ਫੈਸਲਾ ਨਾ ਲਿਆ ਤਾਂ ਡੈਮੋਕ੍ਰੇਟਿਕ ਪਾਰਟੀ ਆਫ਼ ਇੰਡੀਆ ਅੰਬੇਡਕਰ ਵੱਲੋਂ ਸੰਵਿਧਾਨਿਕ ਤੇ ਲੋਕਤੰਤਰਿਕ ਢੰਗ ਨਾਲ ਸੂਬਾ ਪੱਧਰੀ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।