- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੈੱਡਮਿੰਟਨ ਲੜਕੀਆਂ ਦੀ ਟੀਮ ਨੇ ਮਾਰੀਆਂ ਮੱਲ੍ਹਾਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ : ਐੱਸਜੀਪੀਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦੀ ਬੈੱਡਮਿੰਟਨ ਟੀਮ ਦੀਆਂ ਹੋਣਹਾਰ ਖਿਡਾਰਨਾਂ ਮਨਰੀਤ ਕੌਰ, ਅਮਨਦੀਪ ਕੌਰ, ਸੁਖਪ੍ਰੀਤ ਕੌਰ, ਜੂਲੀ ਕੁਮਾਰੀ ਅਤੇ ਸਿਮਰਨ ਕੌਰ ਨੇ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਹੋਏ ਇੰਟਰ-ਕਾਲਜ ਬੈਡਮਿੰਟਨ ਮੁਕਾਬਲਿਆਂ ਵਿਚ ਸਿਲਵਰ ਮੈਡਲ ਹਾਸਿਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਨਾਂ ਖਿਡਾਰਨਾਂ ਦੇ ਕਾਲਜ ਪੁੱਜਣ ’ਤੇ ਪ੍ਰਿੰ. ਡਾ. ਰਣਜੀਤ ਸਿੰਘ ਅਤੇ ਸਮੂਹ ਸਟਾਫ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁਬਾਰਕਬਾਦ ਦਿੰਦਿਆਂ ਸਨਮਾਨਿਤ ਕੀਤਾ। ਡਾ. ਰਣਜੀਤ ਸਿੰਘ ਨੇ ਕਿਹਾ ਕਿ ਖਿਡਾਰਨਾਂ ਨੂੰ ਇਸ ਮੁਕਾਮ ਤੇ ਪੁੱਜਦਾ ਕਰਨ ਦਾ ਸਿਹਰਾ ਕੋਚ ਰੁਪਿੰਦਰ ਕੌਰ ਨੂੰ ਜਾਂਦਾ ਹੈ। ਜਿਸ ਦੀ ਯੋਗ ਅਗਵਾਈ ਅਧੀਨ ਸੰਸਥਾ ਦਾ ਖੇਡ ਵਿਭਾਗ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੰਸਥਾ ਜਿੱਥੇ ਇਲਾਕੇ ਦੇ ਵਿਦਿਆਰਥੀਆਂ ਨੂੰ ਮਿਆਰੀ ਵਿੱਦਿਆ ਪ੍ਰਦਾਨ ਕਰ ਰਹੀ ਹੈ ਉੱਥੇ ਨੌਜਵਾਨ ਪੀੜੀ ਨੂੰ ਨਸ਼ਿਆਂ ਜਿਹੀਆਂ ਭੈੜੀਆਂ ਅਲਾਮਤਾਂ ਤੋਂ ਬਚਾਉਣ ਲਈ ਖੇਡਾਂ ਨਾਲ ਜੋੜਨ ਦਾ ਵਿਸ਼ੇਸ਼ ਉਪਰਾਲਾ ਕਰ ਰਹੀ ਹੈ। ਉਹਨਾਂ ਕਿਹਾ ਕਿ ਖਿਡਾਰੀਆਂ ਨੂੰ ਇਸ ਸੰਸਥਾ ਵਿੱਚ ਫੀਸਾਂ ਵਿੱਚ ਭਾਰੀ ਰਿਆਇਤ ਦਿੱਤੀ ਜਾਂਦੀ ਹੈ ਤਾਂ ਕਿ ਉਹ ਪੜ੍ਹਾਈ ਦੇ ਨਾਲ ਨਾਲ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਸਕਣ। ਉਹਨਾਂ ਕਿਹਾ ਕਿ ਇਸ ਸੰਸਥਾ ਦੇ ਖੇਡ ਵਿਭਾਗ ਦਾ ਮੁੱਖ ਮੰਤਵ ਇਲਾਕੇ ਦੇ ਖਿਡਾਰੀਆਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਕੇ ਉਚ ਪੱਧਰ ਦੇ ਖਿਡਾਰੀ ਬਣਾਉਣਾ ਹੈ। ਇਸ ਮੌਕੇ ਸੰਸਥਾ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।