- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
104 ਮੈਡੀਕਲ ਹੈਲਪਲਾਈਨ ਸੇਵਾ ਰਾਹੀਂ ਲਓ ਸਿਹਤ ਸਲਾਹ ਤੇ ਜਾਣਕਾਰੀ-ਸਿਵਲ ਸਰਜਨ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਲੋਕਾਂ ਨੂੰ ਸਿਹਤ ਸੰਬੰਧੀ ਸਹੀ ਭਰੋਸੇਯੋਗ ਅਤੇ ਸਮੇਂ ਸਿਰ ਜਾਣਕਾਰੀ ਦੇ ਨਾਲ ਡਾਕਟਰੀ ਮਾਰਗ ਦਰਸ਼ਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਿਹਤ ਵਿਭਾਗ ਪੰਜਾਬ ਵੱਲੋਂ 104 ਮੈਡੀਕਲ ਹੈਲਪਲਾਈਨ ਸੇਵਾ ਚਲਾਈ ਜਾ ਰਹੀ ਹੈ। ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ 104 ਮੈਡੀਕਲ ਹੈਲਪ ਲਾਈਨ ਸੇਵਾ ਲੋਕਾਂ ਨੂੰ ਸਿਹਤ ਸੇਵਾਵਾਂ ਨਾਲ ਜੋੜਨ ਦਾ ਇੱਕ ਸੁਵਿਧਾਜਨਕ ਅਤੇ ਪ੍ਰਭਾਵਸ਼ਾਲੀ ਮਾਧਿਅਮ ਹੈ। ਉਨ੍ਹਾਂ ਦੱਸਿਆ ਕਿ 104 ਹੈਲਪ ਲਾਈਨ ਸੇਵਾ ਇੱਕ ਮੁਫ਼ਤ ਸਿਹਤ ਸੇਵਾ ਹੈ, ਜੋ ਹਫ਼ਤੇ ਦੇ ਸੱਤ ਦਿਨ 24 ਘੰਟੇ ਉਪਲੱਬਧ ਹੈ। ਲੋਕ ਆਪਣੀ ਬਿਮਾਰੀ ਜਾਂ ਕਿਸੇ ਆਮ ਸਿਹਤ ਸਮੱਸਿਆ ਸੰਬੰਧੀ ਫ਼ੋਨ ਰਾਹੀਂ ਡਾਕਟਰੀ ਸਲਾਹ ਅਤੇ ਲੋੜੀਂਦਾ ਮਾਰਗ ਦਰਸ਼ਨ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ 104 ਹੈਲਪ ਲਾਈਨ ਰਾਹੀਂ ਲੋਕਾਂ ਨੂੰ ਵੱਖ-ਵੱਖ ਸਿਹਤ ਸੇਵਾਵਾਂ, ਸਰਕਾਰੀ ਹਸਪਤਾਲਾਂ, ਉਪਲੱਬਧ ਸਿਹਤ ਸਹੂਲਤਾਂ, ਦਵਾਈਆਂ ਅਤੇ ਸਰਕਾਰੀ ਸਿਹਤ ਯੋਜਨਾਵਾਂ ਸੰਬੰਧੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਦੀਆਂ ਸਮੂਹ ਸਰਕਾਰੀ ਸਿਹਤ ਸੰਸਥਾਵਾਂ, ਆਮ ਆਦਮੀ ਕਲੀਨਿਕਾਂ, ਸਬ-ਸੈਂਟਰਾਂ, ਆਯੂਸ਼ਮਾਨ ਆਰੋਗਿਆ ਕੇਂਦਰਾਂ ਅਤੇ ਹੋਰ ਸਿਹਤ ਸੰਸਥਾਵਾਂ ਰਾਹੀਂ 104 ਹੈਲਪਲਾਈਨ ਸੇਵਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਕਿਹਾ ਕਿ ਜਾਗਰੂਕਤਾ ਗਤੀਵਿਧੀਆਂ ਤਹਿਤ ਪੋਸਟਰ, ਬੈਨਰ, ਪੈਂਫਲੈਟ, ਡਿਜੀਟਲ ਡਿਸਪਲੇਅ, ਸੋਸ਼ਲ ਮੀਡੀਆ ਅਤੇ ਹੋਰ ਪ੍ਰਚਾਰ ਮਾਧਿਅਮਾਂ ਰਾਹੀਂ 104 ਹੈਲਪਲਾਈਨ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾਵੇ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਸੰਬੰਧੀ ਸਹੀ ਜਾਣਕਾਰੀ ਅਤੇ ਡਾਕਟਰੀ ਮਾਰਗ ਦਰਸ਼ਨ ਲਈ 104 ਹੈਲਪਲਾਈਨ ਦਾ ਵੱਧ ਤੋਂ ਵੱਧ ਲਾਭ ਲੈਣ।