ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਫਰੈਸ਼ਰ ਪਾਰਟੀ 'ਵਾਈਬਰੈਂਸ-2026' ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਫਰੈਸ਼ਰ ਪਾਰਟੀ 'ਵਾਈਬਰੈਂਸ-2026' ਆਯੋਜਿਤ
Publish Date: Mon, 02 Nov 2026 05:18 PM (IST)
Updated Date: Mon, 02 Nov 2026 05:20 PM (IST)
ਕਾਇਆ ਬਣੀ ਮਿਸ ਫਰੈਸ਼ਰ, ਟੋਪੂ ਨੇ ਜਿੱਤਿਆ ਮਿਸਟਰ ਫਰੈਸ਼ਰ ਦਾ ਖ਼ਿਤਾਬ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਸੁਆਗਤ ਲਈ ਫਰੈਸ਼ਰ ਪਾਰਟੀ ਵਾਈਬਰੈਂਸ-2026 ਉਤਸ਼ਾਹ, ਉਮੰਗ, ਰਚਨਾਤਮਕਤਾ ਅਤੇ ਸਭਿਆਚਾਰਕ ਵੰਨਗੀਆਂ ਦਾ ਯਾਦਗਾਰੀ ਉਤਸਵ ਬਣ ਗਿਆ। ਕੇਸੀ ਗਰੁੱਪ ਦੇ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਨੇ ਇਸ ਸਮਾਗਮ ਵਿਚ ਪੂਰੇ ਜੋਸ਼ ਨਾਲ ਭਾਗ ਲੈਂਦਿਆਂ ਆਪਣੀ ਪ੍ਰਤਿਭਾ, ਆਤਮ-ਵਿਸ਼ਵਾਸ ਅਤੇ ਕਲਾਤਮਕ ਪੇਸ਼ਕਾਰੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮਾਗਮ ਦੀ ਸ਼ੁਰੂਆਤ ਕੇਸੀ ਗਰੁੱਪ ਦੇ ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ ਵੱਲੋਂ ਜੋਤ ਪ੍ਰਜਵਲਿਤ ਕਰਕੇ ਕੀਤੀ ਗਈ। ਉਨ੍ਹਾਂ ਨਾਲ ਪ੍ਰਿੰਸੀਪਲ ਡਾ. ਬਲਜੀਤ ਕੌਰ, ਡਾ. ਕੁਲਜਿੰਦਰ ਕੌਰ, ਡਾ. ਨਵਜੋਤ ਸਿੰਘ ਸੇਠੀ, ਡਾ. ਵਿਕਾਸ ਕੁਮਾਰ, ਸਕੂਲ ਪ੍ਰਿੰਸੀਪਲ ਪੂਜਾ ਸ਼ਾਰਦਾ, ਐੱਸਏਓ ਇੰਜ. ਆਰਕੇ ਮੂਮ, ਇੰਜ. ਹਰਪ੍ਰੀਤ ਕੌਰ ਅਤੇ ਐੱਚਆਰ ਨਿਰਦੋਸ਼ ਕਪੂਰ ਸਮੇਤ ਹੋਰ ਸ਼ਖਸੀਅਤਾਂ ਹਾਜ਼ਰ ਸਨ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਪੰਜਾਬੀ ਲੋਕ ਨਾਚ ਲੁੱਡੀ, ਗਿੱਧਾ-ਭੰਗੜਾ ਦੇ ਨਾਲ-ਨਾਲ ਡੋਗਰੀ, ਲੱਦਾਖੀ, ਮਨੀਪੁਰੀ, ਨਾਟੀ ਅਤੇ ਕੁਕੀ ਲੋਕ ਨਾਚਾਂ ਦੇ ਨਾਲ ਬਾਲੀਵੁੱਡ ਡਾਂਸ, ਕਲਾਸੀਕਲ ਨਾਚ, ਗੀਤ-ਸੰਗੀਤ, ਕਵਿਤਾ, ਸ਼ਾਇਰੀ ਅਤੇ ਸਿੱਖਿਆਦਾਇਕ ਸਕਿੱਟ ਪੇਸ਼ ਕਰਕੇ ਪ੍ਰੋਗਰਾਮ ਨੂੰ ਹੋਰ ਵੀ ਆਕਰਸ਼ਕ ਬਣਾ ਦਿੱਤਾ। ਮਾਡਲਿੰਗ ਮੁਕਾਬਲੇ ਵਿੱਚ ਲਗਭਗ 50 ਜੂਨੀਅਰ ਵਿਦਿਆਰਥੀਆਂ ਦੇ ਜੋੜਿਆਂ ਨੇ ਰੈਂਪ ਤੇ ਆਪਣੇ ਆਤਮ-ਵਿਸ਼ਵਾਸ, ਸਖਸ਼ੀਅਤ ਅਤੇ ਪੇਸ਼ਕਾਰੀ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ। ਜੱਜ ਦੀ ਭੂਮਿਕਾ ਡਾ. ਵਿਕਾਸ ਕੁਮਾਰ, ਇੰਜ. ਹਰਪ੍ਰੀਤ ਕੌਰ ਅਤੇ ਅਮਨਜੋਤ ਕੌਰ ਨੇ ਨਿਭਾਉਂਦਿਆਂ ਭਾਗੀਦਾਰਾਂ ਤੋਂ ਰੋਚਕ ਸਵਾਲ-ਜਵਾਬ ਕਰਕੇ ਉਨ੍ਹਾਂ ਦੀ ਬੌਧਿਕ ਸਮਰੱਥਾ, ਆਤਮ-ਵਿਸ਼ਵਾਸ ਅਤੇ ਸ਼ਖਸੀਅਤ ਦਾ ਮੁਲਾਂਕਣ ਕੀਤਾ। ਡਾ. ਕੁਲਜਿੰਦਰ ਕੌਰ ਨੇ ਦੱਸਿਆ ਕਿ ਫਾਰਮੇਸੀ ਵਿਭਾਗ ਦੀ ਕਾਇਆ ਨੇ ਮਿਸ ਫਰੈਸ਼ਰ ਤੇ ਫਾਰਮੇਸੀ (ਓਟੀਟੀ) ਦੇ ਟੋਪੂ ਨੇ ਮਿਸਟਰ ਫਰੈਸ਼ਰ ਦਾ ਖ਼ਿਤਾਬ ਆਪਣੇ ਨਾਮ ਕੀਤਾ, ਉੱਥੇ ਹੀ ਹੋਟਲ ਮੈਨੇਜਮੈਂਟ ਦੀ ਆਰਤੀ ਨੂੰ ਮਿਸ ਬਿਊਟੀਫੁੱਲ ਅਤੇ ਫਾਰਮੇਸੀ ਦੇ ਹਾਜਿਮ ਨੂੰ ਮਿਸਟਰ ਡੈਸ਼ਿੰਗ ਦੇ ਖ਼ਿਤਾਬ ਨਾਲ ਨਵਾਜਿਆ ਗਿਆ। ਡਾਇਰੈਕਟਰ ਡਾ. ਅੰਕੁਰ ਜੌਹਰੀ ਨੇ ਕਿਹਾ ਕਿ ਜੀਵਨ ਵਿਚ ਆਪਣੀ ਪਛਾਣ ਬਣਾਉਣ ਲਈ ਭੀੜ ਦਾ ਹਿੱਸਾ ਬਣਨਾ ਜ਼ਰੂਰੀ ਨਹੀਂ, ਸਗੋਂ ਆਪਣੀ ਸੋਚ, ਮਿਹਨਤ ਅਤੇ ਪ੍ਰਤਿਭਾ ਨਾਲ ਭੀੜ ਤੋਂ ਵੱਖਰੀ ਪਛਾਣ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਕਾਲਜ ਵਿੱਚ ਸਿਰਫ਼ ਪ੍ਰੀਖਿਆ ਪਾਸ ਕਰਨ ਅਤੇ ਡਿਗਰੀ ਪ੍ਰਾਪਤ ਕਰਨ ਦੇ ਮਕਸਦ ਨਾਲ ਨਾ ਆਉਣ, ਸਗੋਂ ਇੱਥੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ, ਆਪਣੀਆਂ ਸੀਮਾਵਾਂ ਨੂੰ ਚੁਣੌਤੀ ਦੇਣ ਅਤੇ ਆਪਣੀਆਂ ਸਮਰੱਥਾਵਾਂ ਨੂੰ ਅਸਾਧਾਰਨ ਉਪਲਬਧੀਆਂ ਵਿਚ ਬਦਲਣ ਦਾ ਸੰਕਲਪ ਲੈ ਕੇ ਆਉਣ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਭਿਆਚਾਰਕ ਗਤੀਵਿਧੀਆਂ, ਖੇਡਾਂ, ਮੁਕਾਬਲਿਆਂ ਅਤੇ ਲੀਡਰਸ਼ਿਪ ਦੇ ਮੌਕਿਆਂ ਵਿਚ ਸਰਗਰਮ ਭਾਗੀਦਾਰੀ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਅੱਜ ਮੰਚ ਤੇ ਆਪਣੀ ਪ੍ਰਤਿਭਾ ਦਿਖਾਉਣ ਵਾਲੇ ਇਹ ਵਿਦਿਆਰਥੀ ਆਉਣ ਵਾਲੇ ਸਮੇਂ ਵਿੱਚ ਆਪਣੇ-ਆਪਣੇ ਖੇਤਰਾਂ ਵਿੱਚ ਨਵੀਆਂ ਉਪਲਬਧੀਆਂ ਹਾਸਲ ਕਰਕੇ ਅਦਾਰੇ ਅਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਣਗੇ। ਮੰਚ ਸੰਚਾਲਨ ਸੋਨਾਲੀ, ਕੁਸ਼, ਸ਼ਿਖਾ ਰਾਜੂ, ਧਾਰਨਾ, ਡਾ. ਮਨਦੀਪ ਅਤੇ ਮਨਪ੍ਰੀਤ ਕੌਰ ਨੇ ਸੰਯੁਕਤ ਰੂਪ ਵਿਚ ਪ੍ਰਭਾਵਸ਼ਾਲੀ ਅੰਦਾਜ਼ ਵਿਚ ਕੀਤਾ। ਪ੍ਰੋਗਰਾਮ ਦੌਰਾਨ ਕੇਸੀ ਗਰੁੱਪ ਦੇ ਵੱਖੋ-ਵੱਖ ਕਾਲਜਾਂ ਦਾ ਸਟਾਫ਼ ਦੇ ਨਾਲ, ਆਤਮਜੀਤ ਸਿੰਘ, ਸੰਜੀਵ ਕੰਵਰ, ਗੁਰਪ੍ਰੀਤ ਅਤੇ ਪੀਆਰਓ ਵਿਪਨ ਕੁਮਾਰ ਸਮੇਤ ਹੋਰ ਪੱਤਵੰਤੇ ਹਾਜ਼ਰ ਰਹੇ।