
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਿਨੋਵਾ (ਸੰਧੂ) ਹਸਪਤਾਲ ਵੱਲੋਂ ਪਿੰਡ ਬੀਰੋਵਾਲ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ

ਲਖਵਿੰਦਰ ਸੋਨੂੰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਿਨੋਵਾ (ਸੰਧੂ) ਹਸਪਤਾਲ ਵੱਲੋਂ ਗੁਰਦੁਆਰਾ ਸ਼ਹੀਦਾਂ ਸਿੰਘਾ ਪਿੰਡ ਬੀਰੋਵਾਲ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ। ਜਿਸ ਦਾ ਮੁੱਖ ਉਦੇਸ਼ ਪਿੰਡ ਅਤੇ ਆਸ-ਪਾਸ ਦੇ ਲੋਕਾਂ ਨੂੰ ਮਾਹਿਰ ਡਾਕਟਰੀ ਸਲਾਹ ਅਤੇ ਸਿਹਤ ਸੇਵਾਵਾਂ ਉਨ੍ਹਾਂ ਦੇ ਨੇੜੇ ਹੀ ਮੁਹੱਈਆ ਕਰਵਾਉਣਾ ਸੀ। ਕੈਂਪ ਦੌਰਾਨ ਡਾ. ਵਿਕਾਸ ਦੀਪ ਹੰਸ ਐੱਮਡੀ ਮੈਡੀਸਿਨ ਅਤੇ ਡਾ. ਅਸ਼ੋਕ ਐੱਮਐੱਸ ਆਰਥੋ ਵੱਲੋਂ ਵਿਸ਼ੇਸ਼ ਡਾਕਟਰੀ ਸਲਾਹ ਦਿੱਤੀ ਗਈ। ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕਰ ਕੇ ਉਨ੍ਹਾਂ ਦੀਆਂ ਸਿਹਤ ਸਮੱਸਿਆਵਾਂ ਸਬੰਧੀ ਲੋੜੀਂਦੀ ਸਲਾਹ ਅਤੇ ਇਲਾਜ ਬਾਰੇ ਮਾਰਗ ਦਰਸ਼ਨ ਕੀਤਾ ਗਿਆ। ਕੈਂਪ ਨੂੰ ਇਲਾਕਾ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਲੋਕਾਂ ਨੂੰ ਨਿਯਮਿਤ ਸਿਹਤ ਜਾਂਚ, ਬਿਮਾਰੀਆਂ ਦੀ ਸਮੇਂ ਸਿਰ ਪਛਾਣ ਅਤੇ ਸਹੀ ਇਲਾਜ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ ਗਿਆ। ਇਹ ਕੈਂਪ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ ਦੀ ਅਗਵਾਈ ਹੇਠ ਲਗਾਇਆ। ਜਿਸ ਵਿਚ ਜਸਵਿੰਦਰ ਸਿੰਘ, ਕਸ਼ਮੀਰ ਸਿੰਘ ਸਰਪੰਚ, ਜਸਪਾਲ ਸਿੰਘ ਸਰਪੰਚ, ਚਰਨਜੀਤ ਸਿੰਘ ਪੰਚ, ਜਸਵਿੰਦਰ ਸਿੰਘ ਲੰਬੜਦਾਰ, ਲੱਖਾ ਪੰਚ ਬੀਰੋਵਾਲ, ਸੋਢੀ ਸਿੰਘ ਅਤੇ ਯਸ਼ਪਾਲ ਕਟਾਰੀਆ ਦਾ ਵਿਸ਼ੇਸ਼ ਸਹਿਯੋਗ ਰਿਹਾ। ਦਿਨੇਸ਼ ਮੈਡੀਕਲ ਹਾਲ ਐਂਡ ਡਾਇਗਨੋਸਟਿਕ ਲੈਬ ਵੱਲੋਂ ਕੈਂਪ ਵਿਚ ਆਉਣ ਵਾਲੇ ਮਰੀਜ਼ਾਂ ਲਈ ਦਵਾਈਆਂ ਮੁਹੱਈਆ ਕਰਵਾਉਣ ਲਈ ਵੀ ਵਿਸ਼ੇਸ਼ ਧੰਨਵਾਦ ਕੀਤਾ। ਸਿਨੋਵਾ (ਸੰਧੂ) ਹਸਪਤਾਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਜੇਐੱਸ ਸੰਧੂ ਅਤੇ ਪ੍ਰਬੰਧ ਨਿਰਦੇਸ਼ਕ ਡਾ. ਗੁਰਜੀਤ ਕੌਰ ਸੰਧੂ ਨੇ ਕਿਹਾ ਕਿ ਹਸਪਤਾਲ ਲੋਕਾਂ ਤੱਕ ਮਿਆਰੀ ਅਤੇ ਮਾਹਿਰ ਡਾਕਟਰੀ ਸੇਵਾਵਾਂ ਪਹੁੰਚਾਉਣ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੈਡੀਕਲ ਕੈਂਪਾਂ ਰਾਹੀਂ ਪੇਂਡੂ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਸਮੇਂ ਸਿਰ ਡਾਕਟਰੀ ਸਲਾਹ ਅਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹਸਪਤਾਲ ਦੀ ਸਮਾਜ ਪ੍ਰਤੀ ਵਚਨਬੱਧਤਾ ਦਾ ਅਹਿਮ ਹਿੱਸਾ ਹੈ।