ਪੀਜੀਆਈ ਚੰਡੀਗੜ੍ਹ ਦੇ ਮਰੀਜ਼ਾਂ ਲਈ ਮੁਫ਼ਤ ਬੱਸ ਸੇਵਾ ਤੇ ਰੋਜ਼ਾਨਾ ਲੰਗਰ ਬਣਿਆ ਵੱਡਾ ਸਹਾਰਾ ਪੀਜੀਆਈ ਚੰਡੀਗੜ੍ਹ ਦੇ ਮਰੀਜ਼ਾਂ ਲਈ ਮੁਫ਼ਤ ਬੱਸ ਸੇਵਾ ਤੇ ਰੋਜ਼ਾਨਾ ਲੰਗਰ ਬਣਿਆ ਵੱਡਾ ਸਹਾਰਾ
Publish Date: Tue, 29 Sep 2026 03:50 PM (IST)
Updated Date: Tue, 29 Sep 2026 03:51 PM (IST)
- ਹੁਣ ਤੱਕ 91,625 ਮਰੀਜ਼ਾਂ ਤੇ ਵਾਰਿਸਾਂ ਨੇ ਲਿਆ ਲਾਭ, ਬੱਸ ਸੇਵਾ 1833ਵੇਂ ਗੇੜੇ ਅਤੇ ਲੰਗਰ ਦੀ ਗੱਡੀ 4546ਵੇਂ ਗੇੜੇ ਵੱਲ ਹਰਦੀਪ ਚੌਧਰੀ, ਪੰਜਾਬੀ ਜਾਗਰਣ ਪੋਜੇਵਾਲ ਸਰਾਂ : ਸ਼੍ਰੀ ਸ੍ਰੀ 1008 ਸ਼੍ਰੀ ਸਤਿਗੁਰੂ ਬ੍ਰਹਮ ਸਾਗਰ ਜੀ ਮਹਾਰਾਜ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਵੱਲੋਂ ਮਾਨਵਤਾ ਦੀ ਸੇਵਾ ਲਈ ਚਲਾਈ ਜਾ ਰਹੀ ਪੀਜੀਆਈ ਚੰਡੀਗੜ੍ਹ ਦੇ ਮਰੀਜ਼ਾਂ ਲਈ ਮੁਫ਼ਤ ਬੱਸ ਸੇਵਾ ਅਤੇ ਰੋਜ਼ਾਨਾ ਲੰਗਰ ਦੀ ਸੇਵਾ ਲੋੜਵੰਦ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਲਈ ਵੱਡਾ ਸਹਾਰਾ ਬਣੀ ਹੋਈ ਹੈ। ਇਹ ਸੇਵਾ ਮੌਜੂਦਾ ਗੱਦੀ ਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਨਿਰੰਤਰ ਜਾਰੀ ਹੈ। ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਲੋਕਾਂ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਅਤੇ ਸਿਹਤ ਜਾਂਚ ਲਈ ਆਉਣ-ਜਾਣ ਵਿਚ ਸਹੂਲਤ ਦੇਣ ਵਾਸਤੇ 29 ਜਨਵਰੀ 2018 ਨੂੰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿਖੇ ਸਥਿਤ ਸ੍ਰੀ ਲਾਲਪੁਰੀ ਵਿਸ਼ਣੁ ਧਾਮ ਬੀਟਨ ਤੋਂ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਗਈ ਸੀ। ਸੰਗਤ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਇਹ ਸੇਵਾ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਪੀਜੀਆਈ ਚੰਡੀਗੜ੍ਹ ਵਿਖੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਲਈ 15 ਅਪ੍ਰੈਲ 2015 ਤੋਂ ਰੋਜ਼ਾਨਾ ਦੇਸੀ ਘਿਓ ਨਾਲ ਤਿਆਰ ਕੀਤਾ ਲੰਗਰ ਵੀ ਭੇਜਿਆ ਜਾ ਰਿਹਾ ਹੈ। ਸੇਵਾਦਾਰਾਂ ਵੱਲੋਂ ਲੰਗਰ ਦੀ ਸੇਵਾ ਨਿਰੰਤਰ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਹੁਣ ਤੱਕ ਇਸ ਸੇਵਾ ਦਾ 91,625 ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਨੂੰ ਲਾਭ ਮਿਲ ਚੁੱਕਾ ਹੈ। ਮੁਫ਼ਤ ਬੱਸ ਸੇਵਾ ਹੁਣ ਆਪਣੇ 1833ਵੇਂ ਗੇੜੇ ਵੱਲ ਵੱਧ ਰਹੀ ਹੈ, ਜਦਕਿ ਲੰਗਰ ਦੀ ਗੱਡੀ 4546ਵੇਂ ਗੇੜੇ ਵੱਲ ਅੱਗੇ ਵੱਧ ਰਹੀ ਹੈ। ਇਸ ਸੇਵਾ ਰਾਹੀਂ ਮਰੀਜ਼ਾਂ ਨੂੰ ਆਉਣ-ਜਾਣ ਦੇ ਨਾਲ-ਨਾਲ ਲੰਗਰ ਦੀ ਸਹੂਲਤ ਵੀ ਮਿਲ ਰਹੀ ਹੈ। ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਵੱਲੋਂ ਮਰੀਜ਼ਾਂ ਦੇ ਇਲਾਜ ਅਤੇ ਸਿਹਤ ਜਾਂਚ ਸੰਬੰਧੀ ਸਹਾਇਤਾ ਲਈ ਸੇਵਾਦਾਰਾਂ ਨੂੰ ਵੀ ਲਗਾਤਾਰ ਸੇਵਾ ਵਿਚ ਲਗਾਇਆ ਗਿਆ ਹੈ। - ਹੋਰ ਵੀ ਕਈ ਸਮਾਜ ਸੇਵੀ ਕਾਰਜ ਜਾਰੀ ਗੁਰਗੱਦੀ ਪਰੰਪਰਾ ਵੱਲੋਂ ਮਾਨਵਤਾ ਦੀ ਭਲਾਈ ਲਈ ਇਸ ਤੋਂ ਇਲਾਵਾ ਵੀ ਕਈ ਸਮਾਜ ਸੇਵੀ ਕਾਰਜ ਕੀਤੇ ਜਾ ਰਹੇ ਹਨ। ਜਿਨ੍ਹਾਂ ਵਿਚ ਐਂਬੂਲੈਂਸ ਸੇਵਾ, ਟੱਪਰੀਆਂ ਖੁਰਦ ਵਿਖੇ ਚੈਰੀਟੇਬਲ ਹਸਪਤਾਲ ਵਿਚ ਮੁਫ਼ਤ ਸਿਹਤ ਜਾਂਚ ਅਤੇ ਦਵਾਈਆਂ, ਅੱਖਾਂ ਦੀ ਮੁਫ਼ਤ ਜਾਂਚ ਤੇ ਅਪਰੇਸ਼ਨ ਕੈਂਪ, ਮੈਗਾ ਕੈਂਸਰ ਜਾਂਚ ਕੈਂਪ, ਮੈਗਾ ਮੈਡੀਕਲ ਕੈਂਪ, ਖੂਨਦਾਨ ਕੈਂਪ ਅਤੇ ਅੰਗਹੀਣ ਵਿਅਕਤੀਆਂ ਲਈ ਜਾਂਚ ਤੇ ਸਹਾਇਤਾ ਕੈਂਪ ਸ਼ਾਮਲ ਹਨ।। - ਕੋਰੋਨਾ ਦੌਰਾਨ ਕੀਤੀ ਸੀ ਸੁੱਕੇ ਰਾਸ਼ਨ ਦੀ ਸੇਵਾ ਕੋਰੋਨਾ ਮਹਾਂਮਾਰੀ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਸੁੱਕੇ ਰਾਸ਼ਨ ਦੀ ਸੇਵਾ ਵੀ ਕੀਤੀ ਗਈ।। ਇਸ ਦੇ ਨਾਲ ਵਾਤਾਵਰਣ ਦੀ ਸੰਭਾਲ, ਗਊ ਸੇਵਾ, ਬੇਜ਼ੁਬਾਨ ਜੰਗਲੀ ਜੀਵਾਂ ਲਈ ਦਾਣਾ-ਪਾਣੀ ਦਾ ਪ੍ਰਬੰਧ, ਕੰਨਿਆ ਭਰੂਣ ਹੱਤਿਆ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਸਮੇਤ ਹੋਰ ਸਮਾਜ ਸੇਵੀ ਕਾਰਜ ਵੀ ਕੀਤੇ ਜਾ ਰਹੇ ਹਨ। - ਲੋਕ ਭਲਾਈ ਕਾਰਜ ਅੱਗੇ ਵਧਾਏ ਜਾ ਰਹੇ ਗੁਰਗੱਦੀ ਪਰੰਪਰਾ ਵੱਲੋਂ ਮਾਨਵਤਾ ਦੀ ਭਲਾਈ, ਨਸ਼ਾ ਰਹਿਤ ਸਮਾਜ ਦੀ ਸਿਰਜਣਾ, ਲਾਵਾਰਸ ਗਊਆਂ ਦੀ ਸਾਂਭ-ਸੰਭਾਲ ਅਤੇ ਹੋਰ ਲੋਕ ਭਲਾਈ ਦੇ ਕਾਰਜਾਂ ਨੂੰ ਵੀ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ। ਦੇਸ਼-ਵਿਦੇਸ਼ ਵਿਚ ਸਤਿਸੰਗ ਅਤੇ ਬਾਣੀ ਦੇ ਪ੍ਰਚਾਰ-ਪਸਾਰ ਰਾਹੀਂ ਵੀ ਲੋਕਾਂ ਨੂੰ ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਜੋੜਨ ਦਾ ਉਪਰਾਲਾ ਜਾਰੀ ਹੈ।