ਕੇਵੀਕੇ ਲੰਗੜੋਆ ਵਿਖੇ ਪੰਜ ਰੋਜ਼ਾ ਬੱਕਰੀ ਪਾਲਣ ਸਿਖਲਾਈ ਕੋਰਸ ਮੁਕੰਮਲ ਕੇਵੀਕੇ ਲੰਗੜੋਆ ਵਿਖੇ ਪੰਜ ਰੋਜ਼ਾ ਬੱਕਰੀ ਪਾਲਣ ਸਿਖਲਾਈ ਕੋਰਸ ਮੁਕੰਮਲ
Publish Date: Fri, 06 Nov 2026 06:20 PM (IST)
Updated Date: Fri, 06 Nov 2026 06:23 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਆਈਸੀਏਆਰ-ਅਟਾਰੀ ਜ਼ੋਨ-1 ਦੀ ਸਰਪ੍ਰਸਤੀ ਹੇਠ ਡਾ. ਪ੍ਰਦੀਪ ਕੁਮਾਰ ਐਸੋਸੀਏਟ ਡਾਇਰੈਕਟਰ ਦੀ ਅਗਵਾਈ ਵਿਚ ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ)ਲੰਗੜੋਆ ਵੱਲੋਂ ਪੰਜ ਦਿਨਾਂ ਬੱਕਰੀ ਪਾਲਣ ਸਿਖਲਾਈ ਕੋਰਸ ਸਫਲਤਾਪੂਰਵਕ ਮੁਕੰਮਲ ਹੋ ਗਿਆ ਹੈ। ਇਸ ਟ੍ਰੇਨਿੰਗ ਦੌਰਾਨ ਕਿਸਾਨਾਂ ਨੂੰ ਬੱਕਰੀ ਪਾਲਣ ਦਾ ਧੰਦਾ ਅਪਣਾਉਣ ਲਈ ਕਾਫੀ ਉਤਸ਼ਾਹਿਤ ਕੀਤਾ। ਖਾਸ ਕਰਕੇ ਕਿਸਾਨਾਂ ਨੂੰ ਦੱਸਿਆ ਕਿ ਕਿਵੇਂ ਉਹ ਗਾਵਾਂ ਵਾਂਗ ਬੱਕਰੀਆਂ ਨੂੰ ਵੀ ਸਟਾਲ ਫੈਡ ਤਕਨੀਕ ਰਾਹੀਂ ਘਰ ਵਿੱਚ ਬੰਨ੍ਹ ਕੇ ਆਸਾਨੀ ਨਾਲ ਪਾਲ ਸਕਦੇ ਹਨ। ਡਾ. ਤੇਜਬੀਰ ਸਿੰਘ ਸਹਾਇਕ ਪ੍ਰੋਫੈਸਰ ਪਸ਼ੂ ਵਿਗਿਆਨ, ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਨੇ ਟ੍ਰੇਨਿੰਗ ਵਿਚ ਕਿਸਾਨਾਂ ਨੂੰ ਬਹੁਤ ਬਰੀਕੀ ਨਾਲ ਸਮਝਾਇਆ ਕਿ ਇਸ ਧੰਦੇ ਤੋਂ ਵੱਧ ਮੁਨਾਫਾ ਕਿਵੇਂ ਲਿਆ ਜਾ ਸਕਦਾ ਹੈ। ਕਿਹੜੀਆਂ ਨਸਲਾਂ ਰੱਖਣੀਆਂ ਚਾਹੀਦੀਆਂ ਹਨ, ਵੱਖ-ਵੱਖ ਮੌਸਮਾਂ ਵਿਚ ਬੱਕਰੀਆਂ ਦੀ ਸਾਂਭ-ਸੰਭਾਲ ਕਿੱਦਾਂ ਕਰਨੀ ਹੈ ਅਤੇ ਇਨ੍ਹਾਂ ਨੂੰ ਬਿਮਾਰੀਆਂ ਤੋਂ ਕਿਵੇਂ ਬਚਾਉਣਾ ਹੈ। ਇਸ ਦੇ ਨਾਲ ਹੀ ਪਸ਼ੂ ਪਾਲਣ ਵਿਭਾਗ ਲੰਗੜੋਆ ਤੋਂ ਆਏ ਵੈਟਰਨਰੀ ਅਫਸਰ ਡਾ. ਵਨੀਤਾ ਨੇ ਵੀ ਕਿਸਾਨਾਂ ਨੂੰ ਵੱਖ-ਵੱਖ ਬਿਮਾਰੀਆਂ, ਉਨ੍ਹਾਂ ਦੀ ਰੋਕਥਾਮ, ਵੈਕਸੀਨੇਸ਼ਨ ਅਤੇ ਸਰਕਾਰ ਵੱਲੋਂ ਬੱਕਰੀ ਪਾਲਕਾਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰ ਨਾਲ ਜਾਗਰੂਕ ਕੀਤਾ। ਕੇਵੀਕੇ ਦੇ ਐਸੋਸੀਏਟ ਡਾਇਰੈਕਟਰ ਟ੍ਰੇਨਿੰਗ ਡਾ. ਪ੍ਰਦੀਪ ਕੁਮਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਕੱਲੀ ਖੇਤੀ ਤੇ ਨਿਰਭਰ ਨਾ ਰਹਿਣ। ਸਗੋਂ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਵੀ ਜ਼ਰੂਰ ਅਪਣਾਉਣ। ਉਨ੍ਹਾਂ ਦੱਸਿਆ ਕਿ ਬੱਕਰੀ ਨੂੰ ਗਰੀਬ ਦੀ ਗਾਂ ਵੀ ਕਿਹਾ ਜਾਂਦਾ ਹੈ ਅਤੇ ਬੱਕਰੀ ਪਾਲੋ, ਗਰੀਬੀ ਟਾਲੋ ਦੇ ਸਲੋਗਨ ਬਾਰੇ ਕਿਸਾਨਾਂ ਨੂੰ ਸਮਝਾਉਂਦਿਆਂ ਉਤਸ਼ਾਹਿਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਧੰਦੇ ਰਾਹੀਂ ਮੀਟ ਅਤੇ ਦੁੱਧ ਦਾ ਵਧੀਆ ਉਤਪਾਦਨ ਕੀਤਾ ਜਾ ਸਕਦਾ ਹੈ ਅਤੇ ਕਿਸਾਨਾਂ ਨੂੰ ਬੱਕਰੀ ਦੇ ਦੁੱਧ ਦੇ ਵਿਸ਼ੇਸ਼ ਗੁਣਾਂ ਬਾਰੇ ਵੀ ਜਾਣੂ ਕਰਵਾਇਆ। ਪ੍ਰੋਗਰਾਮ ਦੌਰਾਨ ਕਿਸਾਨਾਂ ਨੇ ਸਵਾਲ-ਜਵਾਬ ਕੀਤੇ ਅਤੇ ਮਾਹਿਰਾਂ ਤੋਂ ਆਪਣੀਆਂ ਸ਼ੰਕਾਵਾਂ ਦੂਰ ਕੀਤੀਆਂ। ਅੰਤ ਵਿਚ ਐਸੋਸੀਏਟ ਡਾਇਰੈਕਟਰ ਡਾ. ਪ੍ਰਦੀਪ ਕੁਮਾਰ ਨੇ ਆਏ ਹੋਏ ਸਾਰੇ ਕਿਸਾਨਾਂ ਅਤੇ ਮਾਹਿਰਾਂ ਦਾ ਧੰਨਵਾਦ ਕੀਤਾ।