- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਵੀਐਮ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ 12 ਨਵੰਬਰ ਤੋਂ ਹੋਵੇਗੀ ਸ਼ੁਰੂ: ਡਿਪਟੀ ਕਮਿਸ਼ਨਰ

ਰਮੇਸ਼ ਸ਼ਰਮਾ, ਪੰਜਾਬੀ ਜਾਗਰਣ, ਨਵਾਂਸ਼ਹਿਰ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਗੁਲਪ੍ਰੀਤ ਸਿੰਘ ਔਲਖ ਨੇ ਅੱਜ ਆਪਣੇ ਦਫ਼ਤਰ ਵਿਖੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਆਗਾਮੀ ਵਿਧਾਨ ਸਭਾ ਚੋਣਾਂ-2027 ਦੀਆਂ ਤਿਆਰੀਆਂ ਤਹਿਤ ਈਵੀਐਮ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ (ਐਫਐਲਸੀ) ਸਬੰਧੀ ਮੀਟਿੰਗ ਕੀਤੀ।।ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਜਿਲ੍ਹਾ ਚੋਣ ਅਫ਼ਸਰ ਅਵਨੀਤ ਕੌਰ, ਸਹਾਇਕ ਕਮਿਸ਼ਨਰ (ਜ) ਰਮਨਜੀਤ ਅਤੇ ਚੋਣ ਤਹਿਸੀਲਦਾਰ ਅਮਨਦੀਪ ਸਿੰਘ ਵੀ ਮੌਜੂਦ ਸਨ। ਜ਼ਿਲ੍ਹਾ ਚੋਣ ਅਫ਼ਸਰ ਗੁਲਪ੍ਰੀਤ ਸਿੰਘ ਔਲਖ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਤੇ ਈਵੀਐਮ ਮੈਨੂਅਲ (ਐਡੀਸ਼ਨ 9 ਅਗਸਤ, 2026) ਅਨੁਸਾਰ ਦੇ ਈਵੀਐਮ ਵੇਅਰਹਾਊਸ ਵਿਚ ਸਟੋਰ ਕੀਤੀਆਂ ਵੋਟਿੰਗ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ 12 ਨਵੰਬਰ, 2026 ਤੋਂ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਸ ਚੈਕਿੰਗ ਦੌਰਾਨ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਲਾਜ਼ਮੀ ਹੈ। ਉਨ੍ਹਾਂ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੁਮਾਇੰਦੇ ਨਿਰਧਾਰਤ ਸਮੇਂ ਦੌਰਾਨ ਚੈਕਿੰਗ ਪ੍ਰਕਿਰਿਆ ਵਿੱਚ ਹਾਜ਼ਰ ਰਹਿਣ ਲਈ ਭੇਜਣ, ਤਾਂ ਜੋ ਪੂਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹੀ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 1,844 ਬੈਲਟ ਯੂਨਿਟ (ਬੀਯੂ), 901 ਕੰਟਰੋਲ ਯੂਨਿਟ (ਸੀ.ਯੂ) ਅਤੇ 931 ਵੀ.ਵੀ.ਪੈਟ ਮਸ਼ੀਨਾਂ ਮੌਜੂਦ ਹਨ। ਇਨ੍ਹਾਂ ਦੀ ਫਸਟ ਲੈਵਲ ਚੈਕਿੰਗ ਲਈ ਬੀ.ਈ.ਐੱਲ. ਕੰਪਨੀ ਦੇ ਛੇ ਇੰਜੀਨੀਅਰ 11 ਨਵੰਬਰ ਨੂੰ ਜ਼ਿਲ੍ਹੇ ਵਿੱਚ ਪਹੁੰਚਣਗੇ। ਡਿਪਟੀ ਕਮਿਸ਼ਨਰ ਨੇ ਵੋਟਰ ਸੂਚੀ ਦੀ ਸੁਧਾਈ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਰਾਫਟ ਵੋਟਰ ਸੂਚੀ 12 ਨਵੰਬਰ, 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਉਪਰੰਤ 12 ਨਵੰਬਰ ਤੋਂ 11 ਦਸੰਬਰ, 2026 ਤੱਕ ਵੋਟਰ ਸੂਚੀ ਸਬੰਧੀ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ, ਜਿਨ੍ਹਾਂ ਦਾ ਨਿਪਟਾਰਾ 28 ਦਸੰਬਰ, 2026 ਤੱਕ ਕੀਤਾ ਜਾਵੇਗਾ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 4 ਜਨਵਰੀ, 2027 ਨੂੰ ਹੋਵੇਗੀ। ਇਸ ਮੀਟਿੰਗ ਵਿੱਚ ਬਹੁਜਨ ਸਮਾਜ ਪਾਰਟੀ ਤੋਂ ਸਰਬਜੀਤ ਜਾਫਰ ਅਤੇ ਗੁਰਮੁੱਖ ਸਿੰਘ, ਆਮ ਆਦਮੀ ਪਾਰਟੀ ਤੋਂ ਸ਼ਿਵ ਰਾਮ, ਸੀਪੀਆਈ (ਐਮ) ਤੋਂ ਚਰਨਜੀਤ ਸਿੰਘ ਦੋਲਤਪੁਰ, ਸ਼੍ਰੋਮਣੀ ਅਕਾਲੀ ਦਲ (ਬ) ਤੋਂ ਨਰਿੰਦਰ ਸਿੰਘ, ਭਾਰਤੀ ਜਨਤਾ ਪਾਰਟੀ ਤੋਂ ਨਿਰਮਲ ਕੁਮਾਰ ਅਤੇ ਗੁਰਜੀਤ ਸਿੰਘ, ਕਾਂਗਰਸ ਪਾਰਟੀ ਤੋਂ ਰੋਹਿਤ ਕੁਮਾਰ ਆਦਿ ਹਾਜ਼ਰ ਸਨ।