ਬਲਾਚੌਰ 'ਚ ਬਸਪਾ ਨੂੰ ਵੱਡਾ ਝਟਕਾ: 46 ਸਾਲ ਸੇਵਾ ਕਰਨ ਵਾਲੇ ਸੀਨੀਅਰ ਆਗੂ ਸੁਰਿੰਦਰ ਸ਼ੀਹਮਾਰ 'ਆਪ' 'ਚ ਸ਼ਾਮਲ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਆਮ ਲੋਕਾਂ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਾਰਿਆਂ ਦਾ ਸਤਿਕਾਰ ਕਰਦੀ ਹੈ ਅਤੇ ਪਾਰਟੀ ਵਿਚ ਸ਼ਾਮਲ ਹੋਣ ਤੇ ਸੁਰਿੰਦਰ ਸਿੰਘ ਸ਼ੀਹਮਾਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
Publish Date: Tue, 18 Aug 2026 03:36 PM (IST)
Updated Date: Tue, 18 Aug 2026 03:48 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਵਿਧਾਨ ਸਭਾ ਹਲਕਾ ਬਲਾਚੌਰ ’ਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਹੋਰ ਬਲ ਮਿਲਿਆ, ਜਦੋਂ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸ਼ੀਹਮਾਰ ਦੇ ਵੱਡੇ ਭਰਾ ਅਤੇ ਨਾਮਵਰ ਬਸਪਾ ਆਗੂ ਸੁਰਿੰਦਰ ਸਿੰਘ ਸ਼ੀਹਮਾਰ ਵੱਲੋਂ ਬਸਪਾ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਆਖ ਕੇ ‘ਆਪ’ ਦਾ ਪੱਲਾ ਫੜਿਆ ਗਿਆ। ਉਨ੍ਹਾਂ ਹਲਕਾ ਵਿਧਾਇਕ ਸੰਤੋਸ਼ ਕਟਾਰੀਆ, ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਸੁਨੀਲ ਕੌਸ਼ਲ ਅਤੇ ਜਸਵਿੰਦਰ ਸਿਆਣ ਦੀ ਅਗਵਾਈ ਵਿਚ ‘ਆਪ’ ਨੂੰ ਜੁਆਇੰਨ ਕੀਤਾ। ਉਨ੍ਹਾਂ ਦਾ ਪਾਰਟੀ ਵਿਚ ਆਉਣ ਤੇ ਹਲਕਾ ਵਿਧਾਇਕ ਅਤੇ ਸਮੁੱਚੀ ਲੀਡਰਸ਼ਿਪ ਵੱਲੋਂ ਨਿੱਘਾ ਸਵਾਗਤ ਕੀਤਾ। ਸੁਰਿੰਦਰ ਸ਼ੀਹਮਾਰ ਨੇ ਆਖਿਆ ਕਿ ਉਨ੍ਹਾਂ ਆਪਣੀ ਜ਼ਿੰਦਗੀ ਦੇ 46 ਸਾਲ ਬਸਪਾ ਵਿਚ ਸਾਹਿਬ ਕਾਂਸ਼ੀ ਰਾਮ ਦੇ ਮਿਸ਼ਨ ਨੂੰ ਲੈ ਕੇ ਇੱਕ ਸੱਚੇ ਸਿਪਾਹੀ ਵਾਂਗੂ ਪਾਰਟੀ ਦੇ ਹਿੱਤ ਵਿਚ ਚੱਟਾਨ ਵਾਂਗ ਖੜ੍ਹ ਕੇ ਸੇਵਾ ਕੀਤੀ। ਇੱਥੋਂ ਤੱਕ ਕਿ ਪਾਰਟੀ ਦੇ ਦਾਇਰੇ ਨੂੰ ਵਧਾਉਣ ਹਿੱਤ ਆਪਣਾ ਕਾਰੋਬਾਰ ਵੀ ਦਾਅ ’ਤੇ ਲਗਾਈ ਰੱਖਿਆ, ਪਰ ਇਸ ਦੇ ਨਤੀਜੇ ਵਜੋਂ ਪਾਰਟੀ ਦੇ ਦਰਜਾ-ਬ-ਦਰਜਾ ਆਗੂਆਂ ਵੱਲੋਂ ਉਨ੍ਹਾਂ ਨੂੰ ਹਰ ਮੁਕਾਮ ਉੱਪਰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਉਨ੍ਹਾਂ ਦੇ ਕਿਸੇ ਵੀ ਸੁੱਖ-ਦੁੱਖ ਵਿਚ ਸਾਥ ਨਹੀਂ ਦਿੱਤਾ, ਜਿਸ ਤੋਂ ਖਫਾ ਹੋ ਕੇ ਉਨ੍ਹਾਂ ਵੱਲੋਂ ‘ਆਪ’ ਦੀਆਂ ਲੋਕ ਹਿੱਤ ਨੀਤੀਆਂ, ਵਰਕਰਾਂ ਨੂੰ ਦਿੱਤੇ ਜਾਂਦੇ ਮਾਣ ਸਤਿਕਾਰ ਨੂੰ ਵੇਖਦਿਆਂ ‘ਆਪ’ ਵਿਚ ਆਪਣੀ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪ ਪਾਰਟੀ ਨਾਲ ਡਟ ਕੇ ਖੜਨਗੇ ਅਤੇ ਪੂਰੀ ਵਫਾਦਾਰੀ ਨਾਲ ਸੇਵਾ ਕਰਨਗੇ। ਉਨ੍ਹਾਂ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਦਾ ਧੰਨਵਾਦ ਕੀਤਾ। ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਆਮ ਲੋਕਾਂ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਾਰਿਆਂ ਦਾ ਸਤਿਕਾਰ ਕਰਦੀ ਹੈ ਅਤੇ ਪਾਰਟੀ ਵਿਚ ਸ਼ਾਮਲ ਹੋਣ ਤੇ ਸੁਰਿੰਦਰ ਸਿੰਘ ਸ਼ੀਹਮਾਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।