- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹੇ ਵਿੱਚੋਂ ਮਾਰੀਆਂ ਮੱਲਾਂ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਨੇ ਗਏ ਪੀਜੀਡੀਸੀਏ ਸਮੈਸਟਰ ਦੂਜਾ ਦੇ ਨਤੀਜਿਆਂ ਦੌਰਾਨ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦਾ ਨਤੀਜਾ 100 ਫ਼ੀਸਦੀ ਰਿਹਾ। ਪ੍ਰਿੰ. ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਨਤੀਜਿਆਂ ਦੌਰਾਨ ਕਾਲਜ ਦੀ ਵਿਦਿਆਰਥਣ ਹਰਮਨਜੋਤ ਕੌਰ ਨੇ 8.63 ਐੱਸਜੀਪੀਏ ਹਾਸਲ ਕਰ ਕੇ ਜ਼ਿਲ੍ਹੇ, ਕਾਲਜ ਵਿਚੋਂ ਪਹਿਲਾ ਅਤੇ ਯੂਨੀਵਰਸਿਟੀ ਵਿਚੋਂ ਸੱਤਵਾਂ ਸਥਾਨ, ਰੰਜਨਾ ਨੇ 7.63 ਐੱਸਜੀਪੀਏ ਹਾਸਲ ਕਰਕੇ ਕਾਲਜ ਵਿਚੋਂ ਦੂਜਾ, ਜ਼ਿਲ੍ਹੇ ਵਿਚੋਂ ਛੇਵਾਂ ਅਤੇ ਯੂਨੀਵਰਸਿਟੀ ਵਿਚੋਂ ਪੰਦਰਵਾਂ ਸਥਾਨ ਹਾਸਲ ਕਰ ਕੇ ਸੰਸਥਾ ਦਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਇਹ ਸੰਸਥਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਘੱਟ ਫੀਸਾਂ ਲੈ ਕੇ ਉਚੇਰੀ ਸਿੱਖਿਆ ਪ੍ਰਦਾਨ ਕਰਨ ਲਈ ਲਈ ਮੋਹਰੀ ਸਾਬਤ ਹੋਈ ਹੈ। ਉਨ੍ਹਾਂ ਦੱਸਿਆ ਕਿ ਐੱਸਸੀ/ਬੀਸੀ, ਘੱਟ ਗਿਣਤੀ ਤੋਂ ਇਲਾਵਾ ਅੰਮ੍ਰਿਤਧਾਰੀ ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਸੰਸਥਾ ਨੇ ਵਿੱਦਿਆ ਅਤੇ ਖੇਡਾਂ ਦੇ ਖੇਤਰ ਵਿਚ ਵਿਸ਼ੇਸ਼ ਮੱਲਾਂ ਮਾਰ ਕੇ ਸੰਸਥਾ ਦਾ ਨਾਂ ਵਿਸ਼ਵ ਪੱਧਰ ’ਤੇ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਵਿਭਾਗ ਦੇ ਅਧਿਆਪਕ ਪ੍ਰੋ. ਸੰਦੀਪ ਕੌਰ, ਪ੍ਰੋ. ਕਮਲੇਸ਼, ਪ੍ਰੋ. ਇੰਦਰਜੀਤ ਕੌਰ ਅਤੇ ਪ੍ਰੋ. ਹਰਮਨ ਨੂੰ ਜਾਂਦਾ ਹੈ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਮੁਬਾਰਕਵਾਦ ਵੀ ਦਿੱਤੀ।