- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਪ੍ਰਭਾਵਸ਼ਾਲੀ ਅਧਿਆਪਨ 'ਤੇ ਐਫਡੀਪੀ ਕਰਵਾਈ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ (ਆਈਕਿਊਏਸੀ) ਦੇ ਸਹਿਯੋਗ ਨਾਲ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਵਿਦਿਆਰਥੀ ਵਿਕਾਸ ਲਈ ਪ੍ਰਭਾਵਸ਼ਾਲੀ ਸਿੱਖਿਆ(ਉਦਯੋਗਾਂ ਦੀਆਂ ਲੋੜਾਂ ਅਨੁਸਾਰ ਪ੍ਰਭਾਵਸ਼ਾਲੀ ਅਧਿਆਪਨ) ਵਿਸ਼ੇ ’ਤੇ ਇੱਕ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐੱਫਡੀਪੀ) ਕਰਵਾਇਆ। ਇਸ ਦਾ ਮੁੱਖ ਉਦੇਸ਼ ਅਧਿਆਪਨ ਪ੍ਰਣਾਲੀਆਂ ਨੂੰ ਹੋਰ ਪ੍ਰਭਾਵਸ਼ਾਲੀ, ਵਿਹਾਰਕ ਅਤੇ ਰੁਜ਼ਗਾਰਮੁਖੀ ਬਣਾਉਣਾ ਅਤੇ ਵਿਦਿਆਰਥੀਆਂ ਨੂੰ ਉਦਯੋਗ ਜਗਤ ਦੀਆਂ ਬਦਲਦੀਆਂ ਜ਼ਰੂਰਤਾਂ ਅਨੁਸਾਰ ਤਿਆਰ ਕਰਨ ਲਈ ਅਧਿਆਪਕਾਂ ਨੂੰ ਪ੍ਰੇਰਿਤ ਕਰਨਾ ਸੀ। ਇਹ ਪ੍ਰੋਗਰਾਮ ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ ਦੀ ਦੇਖ-ਰੇਖ ਵਿਚ ਕੀਤਾ। ਇਸ ਵਿਚ ਕੇਸੀ ਕਾਲਜ ਆਫ਼ ਐਜੂਕੇਸ਼ਨ ਦੀ ਪ੍ਰਿੰ. ਡਾ. ਕੁਲਜਿੰਦਰ ਕੌਰ, ਕੇਸੀ ਕਾਲਜ ਆਫ਼ ਫਾਰਮੇਸੀ ਦੇ ਪ੍ਰਿੰ. ਡਾ. ਨਵਜੋਤ ਸਿੰਘ ਸੇਠੀ, ਕਮਲ ਗਾਂਧੀ ਆਯੁਰਵੈਦਿਕ ਮੈਮੋਰੀਅਲ ਕਾਲਜ ਅਤੇ ਹਸਪਤਾਲ ਦੀ ਪ੍ਰਿੰ. ਡਾ. ਰੁਚਿਕਾ ਠਾਕੁਰ ਅਤੇ ਕੇਸੀ ਪੋਲੀਟੈਕਨਿਕ ਕਾਲਜ ਦੇ ਕਾਰਜਕਾਰੀ ਪ੍ਰਿੰ. ਇੰਜ. ਜ਼ਫ਼ਤਾਰ ਅਹਿਮਦ ਨੇ ਮੁੱਖ ਬੁਲਾਰਿਆਂ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਡਾ. ਕੁਲਜਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਉਦਯੋਗ ਜਗਤ ਦੇ ਅਨੁਕੂਲ ਬਣਾਉਣ ਲਈ ਉਨ੍ਹਾਂ ਦੇ ਗਿਆਨ ਦੇ ਨਾਲ-ਨਾਲ ਸ਼ਖ਼ਸੀਅਤ, ਵਿਹਾਰ ਅਤੇ ਸੰਚਾਰ ਹੁਨਰ (ਕਮੂਨੀਕੇਸ਼ਨ ਸਿਕਲ) ਦਾ ਵਿਕਾਸ ਵੀ ਜ਼ਰੂਰੀ ਹੈ। ਅਧਿਆਪਕਾਂ ਨੂੰ ਰਵਾਇਤੀ ਲੈਕਚਰ ਪ੍ਰਣਾਲੀ ਦੇ ਨਾਲ-ਨਾਲ ਪ੍ਰੈਕਟੀਕਲ ਸਰਗਰਮੀਆਂ ਅਤੇ ਅਨੁਭਵੀ ਸਿੱਖਿਆ ਤੇ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਅਸਲ ਸਥਿਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣ ਸਕਣ। ਡਾ. ਨਵਜੋਤ ਸਿੰਘ ਸੇਠੀ ਨੇ ਕਿਤਾਬੀ ਗਿਆਨ ਦੇ ਨਾਲ ਵਿਹਾਰਕ ਸਮਝ ਵਿਕਸਿਤ ਕਰਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਵਿਚ ਪੜ੍ਹਨ ਦੀ ਆਦਤ, ਲਾਇਬ੍ਰੇਰੀ ਦੇ ਸਰੋਤਾਂ ਦੀ ਵਰਤੋਂ ਅਤੇ ਲਗਾਤਾਰ ਸਿੱਖਣ ਦੀ ਪ੍ਰਵਿਰਤੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਉਦੇਸ਼ ਕੇਵਲ ਕੋਰਸ ਪੂਰਾ ਕਰਨਾ ਨਹੀਂ, ਸਗੋਂ ਵਿਦਿਆਰਥੀਆਂ ਨੂੰ ਮੁਕਾਬਲੇਬਾਜ਼ੀ ਵਾਲੀ ਦੁਨੀਆ ਲਈ ਗਿਆਨ, ਹੁਨਰ ਅਤੇ ਆਤਮ-ਵਿਸ਼ਵਾਸ ਨਾਲ ਸ਼ਕਤੀਸ਼ਾਲੀ ਬਣਾਉਣਾ ਵੀ ਹੈ। ਡਾ. ਰੁਚਿਕਾ ਠਾਕੁਰ ਨੇ ਵਿਦਿਆਰਥੀ-ਕੇਂਦਰਿਤ ਅਧਿਆਪਨ ਨੂੰ ਪ੍ਰਭਾਵਸ਼ਾਲੀ ਸਿੱਖਿਆ ਦਾ ਮਹੱਤਵਪੂਰਨ ਆਧਾਰ ਦੱਸਿਆ।
ਉਨ੍ਹਾਂ ਕਿਹਾ ਕਿ ਹਰੇਕ ਵਿਦਿਆਰਥੀ ਦੀ ਸਿੱਖਣ ਦੀ ਸਮਰੱਥਾ ਅਤੇ ਜ਼ਰੂਰਤਾਂ ਨੂੰ ਸਮਝਣਾ, ਸਮੇਂ ਦੀ ਪਾਬੰਦੀ ਵਿਕਸਿਤ ਕਰਨਾ, ਹੋਰ ਵਿਸ਼ਿਆਂ ਨਾਲ ਸਬੰਧਿਤ ਗਿਆਨ ਪ੍ਰਦਾਨ ਕਰਨਾ ਅਤੇ ਵਿਦਿਆਰਥੀਆਂ ਤੋਂ ਨਿਯਮਿਤ ਫੀਡਬੈਕ ਲੈਣਾ ਗੁਣਵੱਤਾਪੂਰਨ ਅਧਿਆਪਨ ਦੇ ਜ਼ਰੂਰੀ ਪਹਿਲੂ ਹਨ। ਉਨ੍ਹਾਂ ਅਨੁਸਾਰ, ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨਾਲ ਅਧਿਆਪਨ ਪ੍ਰਕਿਰਿਆ ਹੋਰ ਸਾਰਥਕ ਅਤੇ ਨਤੀਜਾਮੁਖੀ ਬਣਦੀ ਹੈ। ਇੰਜ. ਜ਼ਫ਼ਤਾਰ ਅਹਿਮਦ ਨੇ ਬੁਨਿਆਦੀ ਵਿਸ਼ਿਆਂ ਦੀ ਮਜ਼ਬੂਤ ਸਮਝ, ਅਨੁਸ਼ਾਸਨ ਅਤੇ ਸਮਾਨ ਅਵਸਰਾਂ ’ਤੇ ਬਲ ਦਿੱਤਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਹਰੇਕ ਵਿਦਿਆਰਥੀ ਤੇ ਧਿਆਨ ਦੇਣਾ ਚਾਹੀਦਾ ਹੈ। ਵਿਸ਼ੇਸ਼ ਤੌਰ ’ਤੇ ਜਮਾਤ ਦੀਆਂ ਪਿਛਲੀਆਂ ਪੰਕਤੀਆਂ ਵਿਚ ਬੈਠਣ ਵਾਲੇ ਵਿਦਿਆਰਥੀਆਂ ਨਾਲ ਵੀ ਨਿਰੰਤਰ ਸੰਵਾਦ ਬਣਾਏ ਰੱਖਣਾ ਜ਼ਰੂਰੀ ਹੈ, ਤਾਂ ਜੋ ਕੋਈ ਵੀ ਵਿਦਿਆਰਥੀ ਸਿੱਖਣ ਦੀ ਪ੍ਰਕਿਰਿਆ ਵਿੱਚ ਪਿੱਛੇ ਨਾ ਰਹਿ ਜਾਵੇ। ਉਨ੍ਹਾਂ ਅਧਿਆਪਕਾਂ ਨੂੰ ਉਦਯੋਗਾਂ ਦੀਆਂ ਉਮੀਦਾਂ ਅਨੁਸਾਰ ਤਕਨੀਕੀ ਗਿਆਨ ਅਤੇ ਵਿਹਾਰਕ ਯੋਗਤਾਵਾਂ ਦੇ ਵਿਕਾਸ ’ਤੇ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਅਖੀਰ ਵਿਚ ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ ਨੇ ਸਾਰੇ ਮੁੱਖ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਧਿਆਪਕ ਕੇਵਲ ਗਿਆਨ ਦੇਣ ਵਾਲੇ ਨਹੀਂ, ਸਗੋਂ ਵਿਦਿਆਰਥੀਆਂ ਦੀ ਸ਼ਖ਼ਸੀਅਤ, ਸੋਚ ਅਤੇ ਭਵਿੱਖ ਨੂੰ ਦਿਸ਼ਾ ਦੇਣ ਵਾਲੇ ਮਾਰਗਦਰਸ਼ਕ ਹੁੰਦੇ ਹਨ। ਇੱਕ ਚੰਗੇ ਅਧਿਆਪਕ ਦੀ ਜ਼ਿੰਮੇਵਾਰੀ ਵਿਦਿਆਰਥੀਆਂ ਨੂੰ ਅਕਾਦਮਿਕ ਤੌਰ ’ਤੇ ਸਮਰੱਥ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਜ਼ਿੰਮੇਵਾਰ, ਕੁਸ਼ਲ ਅਤੇ ਆਤਮ-ਨਿਰਭਰ ਨਾਗਰਿਕ ਵਜੋਂ ਤਿਆਰ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਅਧਿਆਪਕਾਂ ਨੂੰ ਆਪਣੀਆਂ ਅਧਿਆਪਨ ਪ੍ਰਣਾਲੀਆਂ ਦੀ ਸਮੀਖਿਆ ਕਰਨ, ਨਵੇਂ ਵਿਚਾਰ ਅਪਣਾਉਣ ਅਤੇ ਵਿਦਿਆਰਥੀਆਂ ਦੀਆਂ ਬਦਲਦੀਆਂ ਜ਼ਰੂਰਤਾਂ ਨੂੰ ਬਿਹਤਰ ਢੰਗ ਨਾਲ ਸਮਝਣ ਦਾ ਮੌਕਾ ਪ੍ਰਦਾਨ ਕਰਦੇ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਸ ਪ੍ਰਕਾਰ ਦੇ ਸਿਖਲਾਈ ਪ੍ਰੋਗਰਾਮ ਨਾਲ ਸੰਸਥਾ ਵਿਚ ਅਧਿਆਪਨ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣ ਅਤੇ ਵਿਦਿਆਰਥੀਆਂ ਦੇ ਮਾਨਸਿਕ, ਬੌਧਿਕ ਅਤੇ ਪੇਸ਼ੇਵਰ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਵਿੱਚ ਮਦਦ ਮਿਲੇਗੀ।