- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਉ ਤੇ ਪੁੱਤ ਨੇ ਇਕੱਠੇ ਜਿੱਤੇ ਗੋਲਡ ਮੈਡਲ

ਨਰਿੰਦਰ ਮਾਹੀ, ਪੰਜਾਬੀ ਜਾਗਰਣ
ਬੰਗਾ : ਇੰਦੌਰ ਵਿਖੇ ਹੋਈ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਪਿੰਡ ਗੋਬਿੰਦਪੁਰ ਦੇ ਖਿਡਾਰੀ ਹਰਸਿਮਰਨ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 81 ਕਿਲੋਗ੍ਰਾਮ ਵਰਗ ਵਿਚ ਗੋਲਡ ਮੈਡਲ ਹਾਸਲ ਕੀਤਾ। ਹਰਸਿਮਰਨ ਨੇ ਮੁਕਾਬਲਿਆਂ ਦੌਰਾਨ ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਖਿਡਾਰੀਆਂ ਨੂੰ ਮਾਤ ਦੇ ਕੇ ਇਹ ਸੁਨਹਿਰੀ ਉਪਲਬਧੀ ਆਪਣੇ ਨਾਮ ਕੀਤੀ। ਇਸ ਜਿੱਤ ਨਾਲ ਹਰਸਿਮਰਨ ਸਿੰਘ ਨੇ ਲਗਾਤਾਰ ਪੰਜਵੀਂ ਵਾਰ ਸੀਨੀਅਰ ਨੈਸ਼ਨਲ ਵਿਚ ਗੋਲਡ ਮੈਡਲ ਜਿੱਤ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਪੰਜ ਸਾਲਾਂ ਤੋਂ ਲਗਾਤਾਰ ਨੈਸ਼ਨਲ ਚੈਂਪੀਅਨ ਬਣਨਾ ਉਨ੍ਹਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਖੇਡ ਪ੍ਰਤੀ ਜਜ਼ਬੇ ਦੀ ਮਿਸਾਲ ਹੈ। ਪਰ ਇਸ ਖਿਡਾਰੀ ਨੇ ਪਿਛਲੇ ਸਾਲਾਂ ਵਿਚ ਥਾਈਲੈਂਡ ਅਤੇ ਡੁਬਈ ਵਿਚ ਜਾ ਕੇ ਵਧੀਆ ਪ੍ਰਦਰਸ਼ਨ ਕੀਤਾ। ਹੁਣ ਵੀ ਸਰਕਾਰ ਚਾਹੇ ਤਾਂ ਇਹ ਖਿਡਾਰੀ ਅੱਗੇ ਖੇਡਣ ਜਾ ਸਕਦਾ ਹੈ। ਇਹ ਖਿਡਾਰੀ ਪਹਿਲਾਂ ਵੀ ਆਪਣਾ ਖ਼ਰਚਾ ਕਰ ਕੇ ਦੂਸਰੇ ਦੇਸ਼ਾਂ ਵਿਚ ਖੇਡਣ ਗਿਆ। ਪਰ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਖਿਡਾਰੀਆਂ ਦੀ ਮਦਦ ਕਰੇ ਤਾਂ ਕਿ ਉਹ ਆਪਣੀ ਮੰਜ਼ਿਲ ਵੱਲ ਵੱਧ ਸਕਣ। ਜਦੋਂ ਸਰਕਾਰ ਮਦਦ ਨਹੀਂ ਕਰਦੀ ਤਾਂ ਕਈ ਹੋਣਹਾਰ ਖਿਡਾਰੀਆਂ ਦੀ ਮਿਹਨਤ ਦਾ ਕੋਈ ਮੁੱਲ ਨਹੀਂ ਪੈਂਦਾ। ਇੱਕ ਹੋਰ ਮਾਣ ਵਾਲੀ ਗੱਲ ਇਹ ਰਹੀ ਕਿ ਹਰਸਿਮਰਨ ਸਿੰਘ ਦੇ ਪਿਤਾ ਅਤੇ ਕੋਚ ਮਨਜੀਤ ਸਿੰਘ ਲੌਂਗੀਆ ਨੇ ਵੀ ਮਾਸਟਰਜ਼ ਵਰਗ ਦੇ 94 ਕਿਲੋਗ੍ਰਾਮ ਭਾਰ ਵਰਗ ਵਿਚ ਗੋਲਡ ਮੈਡਲ ਹਾਸਲ ਕੀਤਾ। ਇਸ ਤਰ੍ਹਾਂ ਪਿਓ-ਪੁੱਤਰ ਦੋਵਾਂ ਨੇ ਇੱਕੋ ਨੈਸ਼ਨਲ ਮੁਕਾਬਲੇ ਵਿਚ ਆਪਣੇ-ਆਪਣੇ ਵਰਗਾਂ ਵਿਚ ਗੋਲਡ ਮੈਡਲ ਜਿੱਤ ਕੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਹਰਸਿਮਰਨ ਸਿੰਘ ਦੀ ਤਿਆਰੀ ਡਾ. ਅੰਬੇਡਕਰ ਅਕੈਡਮੀ ਸੂੰਢ ਵਿਖੇ ਹੁੰਦੀ ਹੈ, ਜਿੱਥੇ ਉਨ੍ਹਾਂ ਦੇ ਕੋਚ ਮਨਜੀਤ ਸਿੰਘ ਲੌਂਗੀਆ ਵੱਲੋਂ ਉਨ੍ਹਾਂ ਨੂੰ ਸਖ਼ਤ ਟ੍ਰੇਨਿੰਗ ਅਤੇ ਲਗਾਤਾਰ ਮਾਰਗ ਦਰਸ਼ਨ ਦਿੱਤਾ ਜਾਂਦਾ ਹੈ। ਪਿਓ-ਪੁੱਤ ਦੀ ਇਸ ਦੋਹਰੀ ਨੈਸ਼ਨਲ ਗੋਲਡ ਪ੍ਰਾਪਤੀ ਨਾਲ ਪਿੰਡ ਗੋਬਿੰਦਪੁਰ ਅਤੇ ਪੂਰੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ। ਖੇਡ ਪ੍ਰੇਮੀਆਂ ਵੱਲੋਂ ਦੋਵਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਕਿੱਕ ਬਾਕਸਿੰਗ ਖਿਡਾਰਨ ਮੁਸਕਾਨ ਨੇ ਦਿੱਤੀ।