ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ : ਡਾ. ਰਾਜ ਕੁਮਾਰ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਡਾ ਰਾਜ ਕੁਮਾਰ
Publish Date: Sun, 04 Oct 2026 04:07 PM (IST)
Updated Date: Sun, 04 Oct 2026 04:08 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਦਿ ਕੋਆਪ੍ਰੇਟਿਵ ਸੁਸਾਇਟੀ ਪਿੰਡ ਨਿਆਮਤਪੁਰ ਵਿਖੇ ਸੀਆਰਐੱਮ ਸਕੀਮ ਅਧੀਨ ਮੁੱਖ ਖੇਤੀਬਾੜੀ ਅਫਸਰ ਡਾ. ਲੇਖਰਾਜ ਮਾਹੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਰਾਜ ਕੁਮਾਰ ਬਲਾਕ ਖੇਤੀਬਾੜੀ ਅਫਸਰ ਨਵਾਂਸ਼ਹਿਰ ਦੀ ਪ੍ਰਧਾਨਗੀ ਹੇਠ ਕਿਸਾਨ ਸਿਖਲਾਈ ਕੈਂਪ ਲਗਾਇਆ। ਕੈਂਪ ਦੌਰਾਨ ਡਾ. ਰਾਜ ਕੁਮਾਰ ਨੇ ਦੱਸਿਆ ਕਿ ਝੋਨੇ ਦੀ ਫਸਲ ਕਟਾਈ ਦੀ ਚੱਲ ਰਹੀ ਹੈ। ਇਸ ਉਪਰੰਤ ਸਾਡੀ ਮੁੱਖ ਫਸਲ ਕਣਕ ਦੀ ਬਿਜਾਈ ਕੀਤੀ ਜਾਣੀ ਹੈ। ਕਿਸਾਨ ਆਪਣੇ ਖੇਤਾਂ ਵਿਚ ਸੁਪਰ ਸੀਡਰ ਮਸ਼ੀਨ ਨਾਲ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਹੀ ਮਿਲਾ ਕੇ ਕਣਕ ਦੀ ਬਿਜਾਈ ਕਰਨ। ਕਿਉਂਕਿ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿਚ ਮਿਲਾਉਣ ਨਾਲ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਸਲਫਰ ਵਰਗੇ ਜ਼ਰੂਰੀ ਤੱਤ ਜ਼ਮੀਨ ਨੂੰ ਮਿਲਦੇ ਹਨ ਅਤੇ ਇਸ ਨਾਲ ਖਾਦਾਂ ਦੀ ਪੂਰਤੀ ਹੁੰਦੀ ਹੈ। ਇਸ ਤੋਂ ਇਲਾਵਾ ਜ਼ਮੀਨ ਵਿੱਚ ਜੈਵਿਕ ਮਾਦੇ ਦਾ ਵਾਧਾ ਹੁੰਦਾ ਹੈ ਅਤੇ ਜ਼ਮੀਨ ਦੀ ਉਪਯੋਗ ਸ਼ਕਤੀ ਵਧਦੀ ਹੈ। ਜੇਕਰ ਕਿਸਾਨ ਲਗਾਤਾਰ ਦੋ ਤੋਂ ਤਿੰਨ ਸਾਲ ਝੋਨੇ ਦੀ ਪਰਾਲੀ ਨੂੰ ਜਮੀਨ ਵਿਚ ਹੀ ਮਿਲਾਉਣਗੇ। ਤਾਂ ਘੱਟੋ ਘੱਟ 30 ਕਿਲੋ ਯੂਰੀਆ ਅਤੇ 16 ਕਿਲੋ ਡੀਏਪੀ ਖਾਦ ਪ੍ਰਤੀ ਏਕੜ ਘੱਟ ਪਾਉਣ ਦੀ ਲੋੜ ਪੈਂਦੀ ਹੈ। ਜਿਸ ਨਾਲ ਅਸੀਂ ਆਪਣਾ ਖਾਦਾਂ ਦਾ ਖਰਚਾ ਘਟਾ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਬਲਾਕ ਨਵਾਂਸ਼ਹਿਰ ਦੇ ਵਿਚ ਤਕਰੀਬਨ 525 ਸੁਪਰ ਸੀਡਰ ਅਤੇ 60 ਬੇਲਰ ਕਿਸਾਨਾਂ ਨੂੰ ਉਪਦਾਨ ਤੇ ਮਹਈਆ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਵਿਚ ਮਸ਼ੀਨਰੀ ਦੀ ਕੋਈ ਘਾਟ ਨਹੀਂ ਹੈ। ਇਸ ਲਈ ਅਸੀਂ ਇਸ ਸਾਲ ਆਪਣੇ ਜ਼ਿਲ੍ਹੇ ਨੂੰ ਜ਼ੀਰੋ ਬਰਨਿੰਗ ’ਤੇ ਲਿਆਣਾ ਹੈ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨਾ ਹੈ। ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਬਲਾਕ ਨਵਾਂਸ਼ਹਿਰ ਵਿਚ 14 ਕਲਸਟਰ ਅਤੇ 42 ਪਿੰਡ ਪੱਧਰ ਤੇ ਨੋਡਲ ਅਫਸਰ ਲਗਾਏ ਗਏ ਹਨ। ਜੋ ਲਗਾਤਾਰ ਖੇਤਾਂ ਦੀ ਨਿਗਰਾਨੀ ਕਰਨਗੇ ਅਤੇ ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਵੀ ਹੋ ਸਕਦਾ ਹੈ। ਸਾਨੂੰ ਕੁਦਰਤੀ ਸਰੋਤ ਪਾਣੀ ਦਾ ਸਹੀ ਉਪਯੋਗ ਜਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣਾ ਵਾਤਾਵਰਨ ਨੂੰ ਬਚਾਉਣਾ ਅਤੇ ਕਿਸਾਨ ਦੀ ਆਮਦ ਵਿਚ ਵਾਧਾ ਕਰਨ ਲਈ ਵਿਗਿਆਨਿਕ ਢੰਗ ਨਾਲ ਖੇਤੀ ਕਰਨਾ ਅੱਜ ਦੀ ਸਮੇਂ ਦੀ ਲੋੜ ਹੈ। ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕਿਸਾਨਾਂ ਨੂੰ ਪੀਐੱਮ ਕਿਸਾਨ ਨਿਧੀ ਯੋਜਨਾ ਅਤੇ ਵਿਭਾਗ ਦੀਆਂ ਹੋਰ ਸਕੀਮਾਂ ਦਾ ਫਾਇਦਾ ਲੈਣ ਲਈ ਫਾਰਮਰ ਆਈਡੀ ਬਣਾਣੀ ਬਹੁਤ ਜਰੂਰੀ ਹੈ। ਉਨ੍ਹਾਂ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ 17500 ਰੁਪਏ ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਉਪਦਾਨ ਦਿੱਤਾ ਜਾਣਾ ਹੈ। ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਦੀ ਪਹਿਲੀ ਅਤੇ ਦੂਜੀ ਵੇਰੀਫਿਕੇਸ਼ਨ ਕੀਤੀ ਜਾ ਚੁੱਕੀ ਹੈ ਅਤੇ ਜਲਦ ਹੀ ਮੱਕੀ ਦੀ ਸਬਸਿਡੀ ਦੀ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰ ਦਿੱਤੀ ਜਾਵੇਗੀ। ਡਾ. ਕੁਲਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਦੀ ਫਸਲ ਵਿਚ ਲੱਗਣ ਵਾਲੇ ਕੀੜੇ ਮਕੌੜਿਆਂ ਜਿਵੇਂ ਕਿ ਤਣੇ ਦਾ ਗਣੂਆ, ਪੱਤਾ ਲਪੇਟ ਸੁੰਡੀ, ਬੂਟਿਆਂ ਦੇ ਟਿੱਡੇ ਜੜਾਂ ਦੀ ਸੁੰਡੀ ਅਤੇ ਬਿਮਾਰੀਆਂ ਸ਼ੀਥ ਬਲਾਈਟ, ਝੂਠੀ ਕਾਂਗਿਆਰੀ ਤਣੇ ਦਾ ਗਲਣਾ ਅਤੇ ਝੁਲਸ ਰੋਗ, ਇਸੇ ਤਰ੍ਹਾਂ ਮੱਕੀ ਦੀ ਫਸਲ ਵਿਚ ਲੱਗਣ ਵਾਲੇ ਕੀੜੇ ਮਕੌੜਿਆਂ ਜਿਵੇਂ ਕਿ ਮੱਕੀ ਦਾ ਗੁਣੂਆਂ, ਫਾਲ ਆਰਮੀ ਬਾਰਮ ਅਤੇ ਬਿਮਾਰੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਸਹੀ ਸਮੇਂ ਤੇ ਸਹੀ ਮਿਕਦਾਰ ਵਿਚ ਖੇਤੀ ਜਹਿਰਾਂ ਦੀ ਵਰਤੋਂ ਕਰਨ ਦਾ ਸੁਨੇਹਾ ਦਿੱਤਾ ਅਤੇ ਨਾਲ ਹੀ ਸੌਣੀ ਦੀਆਂ ਫਸਲਾਂ ਦੇ ਨਦੀਨਾਂ ਦੀ ਰੋਕਥਾਮ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਨੈਸ਼ਨਲ ਮਿਸ਼ਨ ਐਡੀਬਲ ਆਇਲ ਸਕੀਮ ਤਹਿਤ ਜ਼ਿਲ੍ਹੇ ਵਿਚ ਤੇਲ ਬੀਜਾਂ ਦੀ ਕਾਸਤ ਨੂੰ ਹੁੰਗਾਰਾ ਦੇਣ ਲਈ ਵਿਭਾਗ ਵੱਲੋਂ ਬਲਾਕ ਨਵਾਂਸ਼ਹਿਰ ਦੇ ਕਿਸਾਨਾਂ ਨੂੰ ਸਰੋਂ ਦੀਆਂ ਮਿਨੀ ਕਿੱਟਾਂ ਮੁਫਤ ਵੰਡੀਆਂ ਜਾਣਗੀਆਂ ਅਤੇ ਨਾਲ ਹੀ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਜਿਸ ਵਿਚ ਕਿਸਾਨਾਂ ਨੂੰ ਮਹੱਤਵਪੂਰਨ ਇਨਪੁੱਟਸ ਜਿਵੇਂ ਕਿ ਕੀਟਨਾਸ਼ਕ ਅਤੇ ਨਦੀਨ ਨਾਸ਼ਕ ਦਵਾਈਆਂ ਆਦਿ ਵੀ ਵੰਡੇ ਜਾਣਗੇ। ਪਰਮਵੀਰ ਕੌਰ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਵੱਲੋਂ ਕਿਸਾਨਾਂ ਨੂੰ ਸੰਤੁਲਿਤ ਖਾਦਾਂ ਦੀ ਵਰਤੋਂ ਬਾਰੇ ਪ੍ਰੇਰਿਤ ਕੀਤਾ ਅਤੇ ਮਿੱਟੀ ਪਰਖ ਦੇ ਆਧਾਰ ਤੇ ਖਾਦਾਂ ਪਾਉਣ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ। ਇਸ ਕਿਸਾਨ ਸਿਖਲਾਈ ਕੈਂਪ ਚ ਵਿਸ਼ਾਲ ਸ਼ਰਮਾ ਖੇਤੀਬਾੜੀ ਵਿਸਥਾਰ ਅਫਸਰ, ਸਰਬਜੀਤ ਸਿੰਘ ਖੇਤੀਬਾੜੀ ਉਪ ਨਰੀਖਿਕ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ 80 ਤੋਂ ਵੱਧ ਕਿਸਾਨਾਂ ਵੱਲੋਂ ਹਿੱਸਾ ਲਿਆ ਗਿਆ।