50 ਫ਼ੀਸਦੀ ਸਬਸਿਡੀ ਤੇ ਕਣਕ ਦਾ ਬੀਜ ਪ੍ਰਾਪਤ ਕਰਨ ਕਿਸਾਨ : ਮੁੱਖ ਖੇਤੀਬਾੜੀ ਅਫ਼ਸਰ 50 ਫ਼ੀਸਦੀ ਸਬਸਿਡੀ ਤੇ ਕਣਕ ਦਾ ਬੀਜ ਪ੍ਰਾਪਤ ਕਰਨ ਕਿਸਾਨ-ਮੁੱਖ ਖੇਤੀਬਾੜੀ ਅਫ਼ਸਰ
Publish Date: Sun, 01 Nov 2026 05:05 PM (IST)
Updated Date: Sun, 01 Nov 2026 05:08 PM (IST)
ਰਮੇਸ਼ ਸ਼ਰਮਾ, ਪੰਜਾਬੀ ਜਾਗਰਣ ਨਵਾਂਸ਼ਹਿਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਅਤੇ ਆਉਣ ਵਾਲੇ ਹਾੜ੍ਹੀ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਦੇ ਕਿਸਾਨਾਂ ਲਈ ਵਿਭਾਗ ਦੇ ਬਲਾਕ ਦਫ਼ਤਰਾਂ ਵਿਖੇ 50 ਫ਼ੀਸਦੀ ਸਬਸਿਡੀ ਤੇ ਕਣਕ ਦਾ ਉੱਚ ਮਿਆਰੀ ਅਤੇ ਪ੍ਰਮਾਣਿਤ ਬੀਜ ਉਪਲਬਧ ਕਰਵਾ ਦਿੱਤਾ ਗਿਆ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਲੇਖ ਰਾਜ ਮਾਹੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਦਾ ਮੁੱਖ ਮਕਸਦ ਕਿਸਾਨਾਂ ਨੂੰ ਘੱਟ ਲਾਗਤ ਤੇ ਵਧੀਆ ਕਿਸਮ ਦਾ ਬੀਜ ਮੁਹੱਈਆ ਕਰਵਾਉਣਾ ਹੈ ਤਾਂ ਜੋ ਫ਼ਸਲ ਦਾ ਝਾੜ ਵਧੀਆ ਨਿਕਲ ਸਕੇ ਅਤੇ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਮਜ਼ਬੂਤ ਹੋ ਸਕੇ। ਡਾ. ਲੇਖ ਰਾਜ ਮਾਹੀ ਨੇ ਦੱਸਿਆ ਕਿ ਬੀਜ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਬੇਹੱਦ ਸਰਲ ਅਤੇ ਪਾਰਦਰਸ਼ੀ ਬਣਾਇਆ ਗਿਆ ਹੈ। ਜਿਸ ਤਹਿਤ ਕਿਸਾਨਾਂ ਨੂੰ ਆਪਣੇ ਨਾਲ ਸਿਰਫ਼ ਆਪਣੇ ਆਧਾਰ ਕਾਰਡ ਦੀ ਫੋਟੋਕਾਪੀ ਅਤੇ ਆਧਾਰ ਕਾਰਡ ਨਾਲ ਲਿੰਕ ਮੋਬਾਈਲ ਫ਼ੋਨ (ਜੋ ਕਿ ਮੌਕੇ ਤੇ ਓਟੀਪੀ ਯਾਨੀ ਵਨ-ਟਾਈਮ ਪਾਸਵਰਡ ਪ੍ਰਾਪਤ ਕਰਨ ਲਈ ਵਰਤਿਆ ਜਾਵੇਗਾ) ਲਿਆਉਣਾ ਲਾਜ਼ਮੀ ਹੋਵੇਗਾ। ਇਸ ਸਬਸਿਡੀ ਦਾ ਲਾਭ ਵੱਧ ਤੋਂ ਵੱਧ ਲੋੜਵੰਦ ਕਿਸਾਨਾਂ ਤੱਕ ਪਹੁੰਚਾਉਣ ਲਈ ਵਿਭਾਗ ਵੱਲੋਂ ਮਾਪਦੰਡ ਤੈਅ ਕੀਤੇ ਗਏ ਹਨ। ਜਿਸ ਤਹਿਤ ਨਿਯਮਾਂ ਅਨੁਸਾਰ ਇੱਕ ਆਧਾਰ ਕਾਰਡ ’ਤੇ ਵੱਧ ਤੋਂ ਵੱਧ 2 ਬੈਗ ਹੀ ਕਣਕ ਦਾ ਬੀਜ ਦਿੱਤਾ ਜਾਵੇਗਾ। ਬੀਜਾਂ ਦਾ ਸਟਾਕ ਸੀਮਤ ਹੋਣ ਕਾਰਨ ਇਹ ਵੰਡ ਪ੍ਰਕਿਰਿਆ ਪੂਰੀ ਤਰ੍ਹਾਂ ‘ਪਹਿਲਾਂ ਆਓ, ਪਹਿਲਾਂ ਪਾਓ’ ਦੇ ਅਧਾਰ ’ਤੇ ਚਲਾਈ ਜਾ ਰਹੀ ਹੈ। ਇਸ ਲਈ ਜ਼ਿਲ੍ਹੇ ਭਰ ਦੇ ਸਮੂਹ ਕਿਸਾਨਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਦੇਰੀ ਕੀਤੇ ਬਿਨਾਂ ਆਪਣੇ ਨੇੜਲੇ ਖੇਤੀਬਾੜੀ ਬਲਾਕ ਦਫ਼ਤਰ ਨਾਲ ਤੁਰੰਤ ਸੰਪਰਕ ਕਰਨ ਅਤੇ ਸਮਾਂ ਰਹਿੰਦਾ ਇਸ ਸਰਕਾਰੀ ਸਬਸਿਡੀ ਦਾ ਵੱਧ ਤੋਂ ਵੱਧ ਲਾਭ ਉਠਾਉਂਦਿਆਂ ਆਪਣੇ ਖੇਤਾਂ ਲਈ ਵਧੀਆ ਬੀਜ ਖ਼ਰੀਦਣ। ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਕਿਸਾਨਾਂ ਦੀ ਸਹੂਲਤ ਲਈ ਦਫ਼ਤਰੀ ਸਮੇਂ ਦੌਰਾਨ ਪੂਰੀ ਤਰ੍ਹਾਂ ਤਤਪਰ ਰਹਿਣਗੇ ਤਾਂ ਜੋ ਕਿਸਾਨਾਂ ਨੂੰ ਬੀਜ ਲੈਣ ਵਿਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।