
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਿਸਾਨਾਂ ਨੇ ਜਾਡਲਾ 'ਚ ਲੱਗ ਰਹੇ ਬਾਇਓ ਗੈਸ ਪਲਾਂਟ ਦਾ ਕੀਤਾ ਵਿਰੋਧ

- ਡੀਸੀ ਦਫ਼ਤਰ ’ਚ ਧਰਨੇ ਉਪਰੰਤ ਕਿਸਾਨਾਂ ਨੇ ਡੀਸੀ ਨਾਲ ਕੀਤੀ ਮੀਟਿੰਗ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਨਵਾਂਸ਼ਹਿਰ ਦੇ ਕਸਬਾ ਜਾਡਲਾ ਵਿਖੇ ਪੰਜਾਬ ਸਰਕਾਰ ਅਤੇ ਨਿੱਜੀ ਅਦਾਰੇ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਬਾਇਓ ਗੈਸ ਪਲਾਂਟ ਦੇ ਵਿਰੋਧ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਇਕ ਵਫ਼ਦ ਨੇ ਡੀਸੀ ਦਫ਼ਤਰ ਵਿਖੇ ਰੋਸ ਧਰਨਾ ਦਿੰਦੇ ਹੋਏ ਇਸ ਪਲਾਂਟ ਨੂੰ ਇੱਥੇ ਨਾ ਲੱਗਣ ਦੇਣ ਦੀ ਪੁਰਜ਼ੋਰ ਅਪੀਲ ਕੀਤੀ ਹੈ। ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਇੱਕ ਤੇਲ ਕੰਪਨੀ ਵੱਲੋਂ ਕਸਬਾ ਜਾਡਲਾ ਵਿਖੇ ਬਾਇਓ ਗੈਸ ਪਲਾਂਟ ਲਗਾਇਆ ਜਾ ਰਿਹਾ ਹੈ। ਇਸ ਪਲਾਂਟ ਦੇ ਲੱਗਣ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੋਵੇਗਾ ਉੱਥੇ ਧਰਤੀ ਹੇਠਲਾ ਪਾਣੀ ਵੀ ਨੁਕਸਾਨਿਆ ਜਾਵੇਗਾ। ਜਿਸ ਕਾਰਨ ਇਸ ਪਲਾਂਟ ਨੂੰ ਲਗਾਉਣ ਤੋਂ ਪਹਿਲਾਂ ਲੋਕਾਂ ਦੀ ਰਾਏ ਲੈਣ ਦੀ ਪੰਜਾਬ ਸਰਕਾਰ ਤੋਂ ਪੁਰਜ਼ੋਰ ਅਪੀਲ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਉਹ ਇਸ ਪਲਾਂਟ ਦੇ ਕੰਮ ਕਰਨ ਅਤੇ ਇਸ ਨਾਲ ਹੋਣ ਵਾਲੇ ਫਾਇਦੇ ਅਤੇ ਨੁਕਸਾਨ ਬਾਰੇ ਸਾਰੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨਾ ਚਾਹੁੰਦੇ ਹਨ। ਇਸੇ ਤਹਿਤ ਇਹ ਰੋਸ ਧਰਨਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਮੰਗ ਸੀ ਕਿ ਖੇਤੀ ਨਾਲ ਸਬੰਧਿਤ ਫੈਕਟਰੀਆਂ ਲਗਾਈਆਂ ਜਾਣ ਪਰ ਉਹ ਇਹ ਨਹੀਂ ਚਾਹੁੰਦੇ ਕਿ ਮਨੁੱਖਤਾ ਅਤੇ ਵਾਤਾਵਰਣ ਦਾ ਨੁਕਸਾਨ ਕਰਨ ਵਾਲੀਆਂ ਫੈਕਟਰੀਆਂ ਇਲਾਕੇ ਵਿਚ ਲੱਗਣ। ਉਨ੍ਹਾਂ ਦੱਸਿਆ ਕਿ ਉਹ ਸਰਕਾਰ ਤੋਂ ਇਸ ਪਲਾਂਟ ਦੇ ਲਾਭ ਅਤੇ ਹਾਨੀ ਸਾਰੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨ ਉਪਰੰਤ ਹੀ ਪਲਾਂਟ ਨੂੰ ਲੱਗਣ ਦੀ ਮਨਜ਼ੂਰੀ ਦੇਣਗੇ। ਜ਼ਿਕਰਯੋਗ ਹੈ ਕਿ ਪਿੰਡ ਘਗਰਾਣਾ ਰਾਜਪੂਤਾਂ ਵਿਖੇ ਅਜਿਹੀ ਹੀ ਫੈਕਟਰੀ ਲਗਾਈ ਗਈ ਹੈ। ਜਿਸ ਕਾਰਨ ਆਲੇ-ਦੁਆਲੇ ਪਿੰਡਾਂ ਦੇ ਲੋਕਾਂ ਤੋਂ ਜਦੋਂ ਫੈਕਟਰੀ ਦਾ ਕਾਰਗੁਜ਼ਾਰੀ ਅਤੇ ਹੋਣ ਵਾਲੇ ਫਾਇਦੇ ਅਤੇ ਨੁਕਸਾਨ ਬਾਰੇ ਪਤਾ ਕੀਤਾ ਤਾਂ ਪਤਾ ਚੱਲਿਆ ਕਿ ਘਗਰਾਣਾ ਰਾਜਪੂਤਾਂ ਦੇ ਲੋਕਾਂ ਨੇ ਤਾਂ ਇਸ ਪਲਾਂਟ ਨੂੰ ਲੱਗਣ ਦੇਣ ਦੀ ਮਨਜ਼ੂਰੀ ਦੇ ਕੇ ਆਪਣੇ ਪੈਰਾਂ ’ਤੇ ਆਪ ਹੀ ਕੁਹਾੜਾ ਮਾਰ ਲਿਆ ਹੈ। ਇਸ ਲਈ ਨਵਾਂਸ਼ਹਿਰ ਵਾਸੀ ਇਹ ਗਲਤੀ ਨਾ ਕਰਨ। ਉਨ੍ਹਾਂ ਕਿਹਾ ਕਿ ਫੈਕਟਰੀ ਅਤੇ ਪਲਾਂਟ ’ਚੋਂ ਅਜਿਹੀ ਬਦਬੂ ਉੱਠਦੀ ਹੈ ਕਿ ਲੋਕਾਂ ਦਾ ਘਰਾਂ ਵਿਚ ਰਹਿਣਾ ਮੁਸ਼ਕਿਲ ਹੋ ਗਿਆ ਹੈ। ਇਹੇ ਨਹੀਂ ਇੱਥੋਂ ਨਿਕਲਦੇ ਕੀੜੇ, ਮੱਖੀ, ਮੱਛਰ ਅਤੇ ਹੋਰਨਾਂ ਨੂੰ ਦੇਖਦਿਆਂ ਉਨ੍ਹਾਂ ਦੇ ਇਲਾਕੇ ’ਚ ਰਹਿੰਦੇ ਮੁੰਡਿਆਂ ਲਈ ਰਿਸ਼ਤੇ ਨਹੀਂ ਆ ਰਹੇ ਹਨ। ਨਾ ਹੀ ਕੋਈ ਰਿਸ਼ਤੇਦਾਰ ਉਨ੍ਹਾਂ ਕੋਲ ਆਉਂਦਾ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਕਾਰਨ ਵਾਤਾਵਰਣ ਦੇ ਨਾਲ-ਨਾਲ ਮਨੁੱਖੀ ਜਾਨਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ।
ਉਧਰ ਇਸ ਸਬੰਧੀ ਡੀਸੀ ਗੁਲਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਕਿਸਾਨਾਂ ਅਤੇ ਲੋਕਾਂ ਦੀ ਮੰਗ ਨੂੰ ਦੇਖਦਿਆਂ ਸਰਕਾਰ ਵਾਲੇ ਪਾਸਿਓਂ ਇਸ ਫੈਕਟਰੀ ਨੂੰ ਲੱਗਣ ਨਾਲ ਹੋਣ ਵਾਲੇ ਫਾਇਦੇ ਬਾਰੇ ਜਾਣਕਾਰੀ ਦਿੰਦੀ ਪੀਪੀਟੀ ਕਿਸਾਨਾਂ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਫੈਕਟਰੀ ਵਿਚ ਪਰਾਲੀ ਦੀ ਸੁਚੱਜੀ ਵਰਤੋਂ ਕਰ ਕੇ ਇਸ ਨੂੰ ਖਾਦ ਦੇ ਰੂਪ ਵਿਚ ਤਿਆਰ ਕਰ ਕੇ ਕਿਸਾਨਾਂ ਨੂੰ ਸੌਂਪਿਆ ਜਾਵੇਗਾ। ਜਿਸ ਨਾਲ ਕਿਸਾਨਾਂ ਨੂੰ ਹੋਰਨਾਂ ਮਹਿੰਗੀਆਂ ਖਾਦਾਂ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ’ਚ ਲਗਾਏ ਜਾ ਰਹੇ ਪਲਾਂਟ ਦੇ ਬਾਰੇ ਸਾਰੇ ਜਾਣਕਾਰੀ ਦੇਣ ਲਈ ਅੱਜ ਦੀ ਮੀਟਿੰਗ ਵਿਚ ਚੰਡੀਗੜ੍ਹ ਤੋਂ ਪੇਡਾ ਦਫ਼ਤਰ ਦੇ ਅਫ਼ਸਰ ਵੀ ਆਏ ਹੋਏ ਸਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦਾ ਪਲਾਂਟ ਹੁਸ਼ਿਆਰਪੁਰ ਵਿਖੇ ਵੀ ਲਗਾਇਆ ਗਿਆ ਹੈ। ਜਿੱਥੇ ਕਿਸਾਨ ਪਰਾਲੀ ਤੋਂ ਖਾਦ ਬਣਾਉਣ ਦੇ ਨਾਲ-ਨਾਲ ਪਲਾਂਟ ਵਿਚ ਤਿਆਰ ਹੋਣ ਵਾਲੀ ਸੀਐੱਨਜੀ ਗੈਸ ਦੀ ਵਰਤੋਂ ਵੀ ਆਪਣੇ ਵਾਹਨਾਂ ਵਿਚ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਹ ਇਕ ਵੈੱਲਫੇਅਰ ਪ੍ਰੋਜੈਕਟ ਹੈ। ਇਸ ਲਈ ਲੋਕਾਂ ਨੂੰ ਇਸ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਹੈ। ਇਸ ਮੌਕੇ ਕਿਸਾਨ ਯੂਨੀਅਨਾਂ ਦੇ ਅਹੁਦੇਦਾਰ ਅਤੇ ਮੈਂਬਰ ਆਦਿ ਹਾਜ਼ਰ ਸਨ।