ਨਵਾਂਸ਼ਹਿਰ 'ਚ ਫਾਲਕਨ ਏਆਈ ਸਕਿੱਲ ਹੱਬ ਸੈਂਟਰ ਸ਼ੁਰੂ ਨਵਾਂਸ਼ਹਿਰ 'ਚ ਫਾਲਕਨ ਏਆਈ ਸਕਿੱਲ ਹੱਬ ਸੈਂਟਰ ਸ਼ੁਰੂ
Publish Date: Tue, 27 Oct 2026 06:07 PM (IST)
Updated Date: Tue, 27 Oct 2026 06:10 PM (IST)
ਰੋਜ਼ਗਾਰ ਮੈਪ ਦੇ ਸੀਈਓ ਡਾ. ਸੰਜੀਵ ਸਰਪਾਲ ਨੇ ਕੀਤਾ ਉਦਘਾਟਨ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸਵ. ਰੇਸ਼ਮ ਸਿੰਘ ਥਿਆੜਾ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਦੀ ਯਾਦ ਚ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਜਥੇ. ਰਮਨਦੀਪ ਸਿੰਘ ਥਿਆੜਾ ਅਤੇ ਉਨ੍ਹਾਂ ਦੀ ਪਤਨੀ ਮਨਦੀਪ ਕੌਰ ਥਿਆੜਾ, ਭੈਣ ਡਾ. ਗੁਰਪ੍ਰੀਤ ਕੌਰ ਥਿਆੜਾ ਆਬਜ਼ਰਵਰ ਹਲਕਾ ਫਿਲੌਰ, ਅਤੇ ਸਮੂਹ ਥਿਆੜਾ ਪਰਿਵਾਰ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਏਆਈ ਚ ਮਾਹਿਰ ਬਣਾਉਣ ਲਈ ਰੋਜ਼ਗਾਰ ਮੈਪ ਅਤੇ ਫਾਲਕਨ ਏਆਈ ਸਕਿੱਲ ਹੱਬ ਨਵਾਂਸ਼ਹਿਰ ਵਿਚਾਲੇ ਹੋਏ ਟਾਈਅੱਪ ਕਰਕੇ ਇਕ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਇਸ ਮੌਕੇ ਰੋਜ਼ਗਾਰ ਮੈਪ ਦੇ ਫਾਉਂਡਰ ਅਤੇ ਸੀਈਓ ਡਾ. ਸੰਜੀਵ ਸਰਪਾਲ ਨੇ ਦੱਸਿਆ ਕਿ ਅੱਜ ਨਵਾਂਸ਼ਹਿਰ ਚ ਫਾਲਕਾਨ ਏਆਈ ਸਕਿੱਲ ਹੱਬ ਨਾਲ ਟਾਈਅੱਪ ਕਰਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਚ ਨੌਜਵਾਨ ਮੁੰਡੇ ਕੁੜੀਆਂ ਜਿਨਾਂ ਨੇ 12ਵੀਂ ਅਤੇ ਗ੍ਰੈਜੁਏਸ਼ਨ ਪਾਸ ਕੀਤੀ ਹੈ ਉਨ੍ਹਾਂ ਨੂੰ ਏਆਈ ਟ੍ਰੇਨਿੰਗ ਦੇ ਕੇ ਮਾਹਿਰ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਰਾਹੀਂ 3 ਮਹੀਨੇ, 6 ਮਹੀਨੇ ਅਤੇ 1 ਸਾਲ ਦੇ ਵੱਖ ਵੱਖ ਕੋਰਸਾਂ ਰਾਹੀਂ ਏਆਈ ਨਾਲ ਸਬੰਧਤ ਟ੍ਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਰਾਹੀਂ ਜਿਥੇ ਟ੍ਰੇਨਿੰਗ ਦਿਵਾਈ ਜਾਂਦੀ ਹੈ ਉਥੇ ਨੈਸ਼ਨਲ ਅਤੇ ਮਲਟੀਨੈਸ਼ਨਲ ਕੰਪਨੀਆਂ ਨਾਲ ਤਾਲਮੇਲ ਕਰਕੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਦਿੱਤੇ ਜਾਂਦੇ ਹਨ। ਜਿਸ ਨਾਲ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਟਰਾਂ ਤੋਂ ਟ੍ਰੇਨਿੰਗ ਪ੍ਰਾਪਤ ਕਰ ਚੁਕੇ 1500 ਤੋਂ ਵੱਧ ਨੌਜਵਾਨਾਂ ਚੋਂ 800 ਵੱਖ ਵੱਖ ਕੰਪਨੀਆਂ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਚ ਹੁਣ ਤੱਕ ਗੁਰਦਾਸਪੁਰ, ਤਰਨਤਾਰਨ, ਅੰਮ੍ਰਿਤਸਰ, ਬਟਾਲਾ, ਪਠਾਨਕੋਟ ਚ ਪਹਿਲਾ ਤੋਂ ਸੈਂਟਰ ਚਲ ਰਹੇ ਹਨ ਹੁਣ ਨਵਾਂਸ਼ਹਿਰ ਚ ਇਹ ਸੈਂਟਰ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਪੰਜਾਬ ਦੇ ਹਰੇਕ ਜ਼ਿਲ੍ਹੇ ਚ ਸੈਂਟਰ ਖੋਲ੍ਹ ਕੇ ਨੌਜਵਾਨਾਂ ਨੂੰ ਏਆਈ ਸੈਕਟਰ ਚ ਮਾਹਿਰ ਬਣਾਉਣ ਦਾ ਹੈ। ਉਨ੍ਹਾਂ ਇਸ ਸੈਂਟਰ ਦੀ ਸ਼ੁਰੂਆਤ ਕਰਨ ਚ ਸਹਿਯੋਗ ਦੇਣ ਤੇ ਸਮੂਹ ਥਿਆੜਾ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਸਮੂਹ ਥਿਆੜਾ ਪਰਿਵਾਰ ਨੇ ਦੱਸਿਆ ਕਿ ਸੈਂਟਰ ਵਿਚ ਦਾਖਲਾ ਲੈਣ ਵਾਲਿਆਂ ਨੂੰ ਫੀਸ ਵਿਚ 10 ਫ਼ੀਸਦੀ ਦੀ ਛੋਟ ਵੀ ਦਿੱਤੀ ਜਾ ਰਹੀ ਹੈ। ਜਿਸ ਦਾ ਨੌਜਵਾਨ ਮੁੰਡੇ ਕੁੜੀਆਂ ਨੂੰ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਡਾ. ਗੁਰਪ੍ਰੀਤ ਕੌਰ ਥਿਆੜਾ ਨੇ ਕਿਹਾ ਕਿ ਆਉਣ ਵਾਲੀ ਪੀੜ੍ਹੀਆਂ ਲਈ ਏਆਈ ਚ ਚੰਗਾ ਤੇ ਉਜਵਲ ਭਵਿੱਖ ਸੁਰਖਿਅਤ ਹੈ। ਜਿਸ ਦਾ ਸਾਰਿਆਂ ਨੂੰ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਮੁੰਡੇ ਕੁੜੀਆਂ ਨੂੰ ਵੱਧ ਤੋਂ ਵੱਧ ਤਕਨੀਕੀ ਜਾਣਕਾਰੀ ਹਾਂਸਲ ਕਰਕੇ ਚੰਗੇ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹੁਣ ਇਲਾਕੇ ਦੇ ਨੌਜਵਾਨਾਂ ੰਨੂੰ ਏਆਈ ਨਾਲੇਜ ਲੈਣ ਲਈ ਵੱਡੇ ਸ਼ਹਿਰਾਂ ਵੱਲ ਜਾਣਾ ਨਹੀਂ ਪਵੇਗਾ। ਉਨ੍ਹਾਂ ਨੂੰ ਨਵਾਂਸ਼ਹਿਰ ਚ ਹੀ ਏਆਈ ਨਾਲ ਸਬੰਧਤ ਜਾਣਕਾਰੀਆਂ ਅਤੇ ਕੋਰਸ ਮਿਲ ਸਕਣਗੇ। ਉਨ੍ਹਾਂ ਇਸ ਸੈਂਟਰ ਦੀ ਸ਼ੁਰੂਆਤ ਤੇ ਜਥੇ. ਰਮਨਦੀਪ ਸਿੰਘ ਥਿਆੜਾ, ਮਨਜੀਤ ਕੌਰ ਥਿਆੜਾ ਨੂੰ ਵੀ ਵਧਾਈ ਦਿੱਤੀ। ਇਸ ਮੌਕੇ ਥਿਆੜਾ ਪਰਿਵਾਰ ਵੱਲੋਂ ਡਾ. ਸੰਜੀਵ ਸਰਪਾਲ ਸਮੇਤ ਹੋਰਨਾਂ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਮਨਜੀਤ ਕੌਰ ਥਿਆੜਾ ਨੇ ਇਲਾਕੇ ਦੇ 12ਵੀਂ ਪਾਸ ਅਤੇ ਗ੍ਰੇਜੂਏਸ਼ਨ ਪਾਸ ਨੌਜਵਾਨਾਂ ਨੂੰ ਏਆਈ ਕੋਰਸਾਂ ਚ ਦਾਖਲਾ ਲੈਣ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਰਾਹੀਂ ਦੇਸ਼ ਅਤੇ ਵਿਦੇਸ਼ਾਂ ਵਿਚ ਵੀ ਨੌਜਵਾਨਾਂ ਨੂੰ ਨੌਕਰੀਆਂ ਦੇ ਸੁਨਹਿਰੇ ਮੌਕੇ ਮਿਲ ਸਕਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਸਹੁਲਤ ਨੂੰ ਦੇਖਦੇ ਹੋਏ 3 ਮਹੀਨੇ, 6 ਮਹੀਨੇ ਅਤੇ 12 ਮਹੀਨੇ ਦੇ ਕੋਰਸ ਕਰਵਾਏ ਜਾ ਰਹੇ ਹਨ। ਜਿਸਦਾ ਲਾਭ ਲੋਕਾਂ ਨੂੰ ਲੈਣਾ ਚਾਹੀਦਾ ਹੈ। ਇਸ ਮੌਕੇ ਸਰਪੰਚ ਨਿਸ਼ਾਨਬੀਰ ਸਿੰਘ ਢਿੱਲੋਂ ਯੂਥ ਕੋਰ ਕਮੇਟੀ ਮੈਂਬਰ, ਰਣਜੀਤ ਸਿੰਘ, ਸਰਪੰਚ ਗੁਰਦੇਵ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।