ਸੰਤ ਓਂਕਾਰ ਸਿੰਘ ਹਸਪਤਾਲ 'ਚ ਹੋਣਗੇ ਅੱਖਾਂ ਦੇ ਆਪ੍ਰੇਸ਼ਨ
ਸੰਤ ਉਂਕਾਰ ਸਿੰਘ ਹਸਪਤਾਲ 'ਚ ਹੋਣਗੇ ਅੱਖਾਂ ਦੇ ਅਪਰੇਸ਼ਨ
Publish Date: Fri, 13 Feb 2026 04:53 PM (IST)
Updated Date: Sat, 14 Feb 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਲਾਚੌਰ ਸੰਤ ਓਂਕਾਰ ਸਿੰਘ ਮੈਮੋਰੀਅਲ ਚੈਰੀਟੇਬਲ ਹਸਪਤਾਲ ਮਹਿਤਪੁਰ ਉਲੱਦਣੀ ਵਿਖੇ ਅੱਖਾਂ ਦੀ ਜਾਂਚ ਅਤੇ ਆਪਰੇਸ਼ਨ ਸੇਵਾ ਵੀ ਆਰੰਭ ਹੋ ਰਹੀ ਹੈ। ਚੇਅਰਮੈਨ ਬਾਬਾ ਅਮਰੀਕ ਸਿੰਘ ਅਤੇ ਟਰੱਸਟ ਦੇ ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਮੁੱਖ ਸੇਵਾਦਾਰ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨੇ ਦੱਸਿਆ ਕਿ ਬਲਾਚੌਰ ਇਲਾਕੇ ਵਿਚ ਅੱਖਾਂ ਦੀ ਜਾਂਚ ਅਤੇ ਇਲਾਜ ਲਈ ਬਹੁਤ ਘੱਟ ਸੇਵਾਵਾਂ ਦੇ ਮੱਦੇਨਜ਼ਰ ਟਰੱਸਟ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਬਹੁਤ ਘੱਟ ਰੇਟਾਂ ਤੇ ਮਰੀਜਾਂ ਨੂੰ ਅਪਰੇਸ਼ਨਾਂ ਦੀ ਸੇਵਾ ਮੁਹੱਈਆ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸੇਵਾ ਦਾ ਅਰੰਭ 14 ਫਰਵਰੀ ਨੂੰ ਪੰਥ ਦੇ ਮਹਾਨ ਕਥਾਵਾਚਕ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਅਰਦਾਸ ਕਰਨ ਉਪਰੰਤ ਕਰਨਗੇ। ਪੰਜਾਬ ਵਿਚ ਮੁਫ਼ਤ ਡਾਇਲਸਿਸ ਸੇਵਾਵਾਂ ਮੁਹੱਈਆ ਕਰਨ ਵਾਲੀ ਸੰਸਥਾ ਧੰਨ ਮਾਤਾ ਗੁਜਰੀ ਜੀ ਟਰੱਸਟ ਜਗਰਾਓਂ ਦੇ ਪ੍ਰਧਾਨ ਗੁਰਤਾਜ ਸਿੰਘ ਇਸ ਸੇਵਾ ਦਾ ਰਸਮੀ ਤੌਰ ਤੇ ਉਦਘਾਟਨ ਕਰਨਗੇ। ਹਸਪਤਾਲ ਵਿਖੇ ਇਹ ਸੇਵਾਵਾਂ ਡਾ. ਮਨਦੀਪ ਕੌਰ ਆਈ ਸਰਜਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੁਹੱਈਆ ਕਰਵਾਈਆਂ ਜਾਣਗੀਆਂ। ਇਲਾਕੇ ਦੇ ਲੋਕਾਂ ਨੂੰ ਅੱਖਾਂ ਦੇ ਚੈੱਕਅਪ ਤੇ ਆਪ੍ਰੇਸ਼ਨ ਕਰਵਾਉਣ ਲਈ ਪਹਿਲਾਂ ਦੂਰ ਜਾਣਾ ਪੈਂਦਾ ਸੀ ਪਰ ਹਸਪਤਾਲ ਵਿਖੇ ਇਹ ਸੇਵਾਵਾਂ ਹੁਣ ਬਹੁਤ ਹੀ ਸਸਤੇ ਰੇਟਾਂ ’ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਸਕੱਤਰ ਮਹਿੰਦਰਪਾਲ ਸਿੰਘ ਜਲਵਾਹਾ, ਕੈਸ਼ੀਅਰ ਸੁਰਿੰਦਰ ਸਿੰਘ ਸੋਇਤਾ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਮੈਂਬਰ ਜਸਵਿੰਦਰ ਸਿੰਘ ਸੈਣੀ ਵੀ ਮੌਜੂਦ ਸਨ।