ਅੱਖਾਂ ਦਾਨ ਕਰਨ ਨਾਲ ਕਿਸੇ ਦੀ ਜ਼ਿੰਦਗੀ ’ਚ ਚਾਨਣ ਹੋ ਸਕਦੈ : ਡਾ. ਪਰਮਜੀਤ ਲਾਲ ਅੱਖਾਂ ਦਾਨ ਕਰਨ ਨਾਲ ਕਿਸੇ ਦੀ ਜ਼ਿੰਦਗੀ 'ਚ ਚਾਨਣ ਹੋ ਸਕਦੈ-ਡਾ. ਪਰਮਜੀਤ ਲਾਲ
Publish Date: Thu, 27 Aug 2026 03:53 PM (IST)
Updated Date: Thu, 27 Aug 2026 03:55 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪਰਮਜੀਤ ਲਾਲ ਦੀ ਅਗਵਾਈ ਹੇਠ ਅੱਖਾਂ ਦਾਨ ਕਰਨ ਸਬੰਧੀ ਪੰਦਰਵਾੜੇ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਪੰਦਰਵਾੜੇ ਦੌਰਾਨ ਅੱਖਾਂ ਦਾਨ ਕਰਨ ਨਾਲ ਜੁੜੀਆਂ ਮਿੱਥਾਂ ਤੇ ਗਲਤ ਧਾਰਨਾਵਾਂ ਨੂੰ ਦੂਰ ਕਰ ਕੇ ਆਮ ਲੋਕਾਂ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਅੱਖਾਂ ਦਾਨ ਕਰਨ। ਕਿਉਂਕਿ ਅੱਖਾਂ ਦਾਨ ਕਰਨ ਨਾਲ ਕਿਸੇ ਲੋੜਵੰਦ ਵਿਅਕਤੀ ਦੀ ਹਨ੍ਹੇਰੀ ਜ਼ਿੰਦਗੀ ਵਿਚ ਰੋਸ਼ਨੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅੱਖਾਂ ਦਾਨ ਵਰਗਾ ਕੋਈ ਦਾਨ ਨਹੀਂ ਹੈ। ਅੱਖਾਂ ਦਾਨ ਕੇਵਲ ਮੌਤ ਹੋਣ ਤੋਂ 6 ਤੋਂ 8 ਘੰਟੇ ਵਿਚ ਹੀ ਦਾਨ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਉਮਰ ’ਚ ਚਾਹੇ ਐਨਕਾਂ ਲੱਗੀਆਂ ਹੋਣ, ਅੱਖਾਂ ਦੇ ਅਪ੍ਰੇਸ਼ਨ ਹੋਏ ਹੋਣ ਜਾਂ ਅੱਖਾਂ ਵਿਚ ਲੈਨਜ਼ ਪਏ ਹੋਣ ਤਾਂ ਵੀ ਅੱਖਾਂ ਦਾਨ ਹੋ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਅੱਖਾਂ ਦਾਨ ਕਰਨ ਨਾਲ ਇਕ ਇਨਸਾਨ ਦੋ ਇਨਸਾਨਾਂ ਨੂੰ ਰੋਸ਼ਨੀ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਏਡਜ਼, ਪੀਲੀਆ, ਬਲੱਡ ਕੈਂਸਰ ਤੇ ਦਿਮਾਗੀ ਬੁਖਾਰ ਆਦਿ ਵਿਚ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ। ਸੂਬੇ ਵਿਚ ਅੰਦਾਜ਼ਨ ਤਿੰਨ ਲੱਖ ਲੋਕ ਅੰਨ੍ਹੇਪਨ ਦੇ ਸ਼ਿਕਾਰ ਹਨ। ਇਨ੍ਹਾਂ ਵਿਚੋਂ ਕਈ ਲੋਕ ਪੁਤਲੀ ਦੇ ਰੋਗਾਂ ਕਰਕੇ ਅੱਖਾਂ ਦੀ ਬਿਮਾਰੀ ਦੇ ਸ਼ਿਕਾਰ ਹਨ। ਇਸ ਤਰ੍ਹਾਂ ਜੇਕਰ ਕੋਈ ਵਿਅਕਤੀ ਅੱਖਾਂ ਦਾਨ ਕਰਦਾ ਹੈ ਤਾਂ ਉਹ ਕਿਸੇ ਹੋਰ ਵਿਅਕਤੀ ਦੀ ਜ਼ਿੰਦਗੀ ਨੂੰ ਰੋਸ਼ਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਖਾਂ ਦਾਨ ਕਰਨ ਨੂੰ ਇਕ ਪਰਿਵਾਰਕ ਰਿਵਾਜ ਬਣਾਉਣਾ ਚਾਹੀਦਾ ਹੈ, ਕਿਉਂਕਿ ਇਹ ਇਕ ਪਵਿੱਤਰ ਕਾਰਜ ਹੈ। ਅੱਖਾਂ ਦੇ ਮਾਹਿਰ ਡਾ. ਅਕਸ਼ੈ ਠਾਕੁਰ ਤੇ ਅਪਥਾਲਮਿਕ ਅਫ਼ਸਰ ਹਰਜਿੰਦਰ ਸਿੰਘ ਨਾਗਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦੀ ਸਹੁੰ ਚੁੱਕਣ ਅਤੇ ਲੋੜਵੰਦਾਂ ਨੂੰ ਦ੍ਰਿਸ਼ਟੀ ਦਾ ਤੋਹਫ਼ਾ ਦੇਣ ਵਰਗੇ ਨੇਕ ਕੰਮ ਵਿਚ ਹਿੱਸਾ ਪਾਉਣ। ਇਸ ਮੌਕੇ ਚਮੜੀ ਰੋਗਾਂ ਦੇ ਮਾਹਿਰ ਡਾ. ਜਤਿੰਦਰ ਪਾਲ ਸਿੰਘ ਤੇ ਐੱਲਟੀ ਰਣਜੀਤ ਕੁਮਾਰ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।