ਡਰਾਈਵਰਾਂ ਲਈ ਲਾਇਆ ਅੱਖਾਂ ਦਾ ਚੈੱਕਅਪ ਕੈਂਪ
ਡਰਾਈਵਰਾਂ ਲਈ ਲਾਇਆ ਅੱਖਾਂ ਦਾ ਚੈੱਕਅਪ ਕੈਂਪ
Publish Date: Sat, 17 Jan 2026 04:15 PM (IST)
Updated Date: Sun, 18 Jan 2026 04:01 AM (IST)

ਖੇਤਰੀ ਟਰਾਂਸਪੋਰਟ ਅਧਿਕਾਰੀ ਨੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਕਰਵਾਇਆ ਜਾਣੂ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਸਨਮੁੱਖ ਜਨਵਰੀ ਮਹੀਨਾ ਰਾਸ਼ਟਰੀ ਸੜਕ ਸੁਰਖਿਆ ਮਹੀਨੇ ਦੇ ਤੌਰ ’ਤੇ ਮਨਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਟਰਾਂਸਪੋਰਟ ਵਿਭਾਗ, ਟਰੈਫਿਕ ਪੁਲਿਸ, ਹੈਲਥ ਵਿਭਾਗ ਦੇ ਸਹਿਯੋਗ ਨਾਲ ਰਾਸ਼ਟਰੀ ਸੜਕ ਸੁਰਖਿਆ ਮਹੀਨੇ ਅਧੀਨ ਵੱਖ-ਵੱਖ ਗਤੀਵਿਧਿਆਂ ਕਰਵਾਈਆਂ ਜਾ ਰਹੀਆਂ ਹਨ, ਜਿਸ ਤਹਿਤ ਬੱਸ ਸਟੈਂਡ ਨਵਾਂਸ਼ਹਿਰ ਵਿਖੇ ਪੰਜਾਬ ਰੋਡਵੇਜ਼ ਤੇ ਟੈਕਸੀ ਡਰਾਈਵਰਾਂ ਦੀ ਅੱਖਾਂ ਦਾ ਚੈੱਕਅਪ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਖੇਤਰੀ ਟਰਾਂਸਪੋਰਟ ਅਧਿਕਾਰੀ ਇੰਦਰਪਾਲ ਵੱਲੋਂ ਕੀਤਾ ਗਿਆ। ਇਸ ਮੌਕੇ ਸਿਹਤ ਵਿਭਾਗ ਤੋਂ ਆਪਥੈਲਮਿਕ ਅਫ਼ਸਰ ਡਾ. ਹਰਜਿੰਦਰ ਵੱਲੋਂ ਰੋਡਵੇਜ਼ ਤੇ ਟੈਕਸੀ ਦੇ ਲੱਗਭਗ 65 ਡਰਾਈਵਰਾਂ ਦੀ ਅੱਖਾਂ ਦਾ ਚੈੱਕਅਪ ਕੀਤਾ। ਇਸ ’ਚੋਂ 8 ਡਰਾਈਵਰਾਂ ਦੇ ਐਨਕ ਲਈ ਨਜ਼ਰ ਦੇ ਨੰਬਰ ਮੌਕੇ ਤੇ ਕੱਢ ਗਏ ਤੇ 5 ਡਰਾਈਵਰਾਂ ਨੂੰ ਮਸ਼ੀਨ ਰਾਹੀਂ ਨਜ਼ਰ ਦਾ ਨੰਬਰ ਕੱਢਣ ਲਈ ਜ਼ਿਲ੍ਹਾ ਹਸਪਤਾਲ ਵਿਖੇ ਰੈਫਰ ਕੀਤਾ ਗਿਆ। ਖੇਤਰੀ ਟਰਾਂਸਪੋਰਟ ਅਧਿਕਾਰੀ ਇੰਦਰਪਾਲ ਨੇ ਦੱਸਿਆ ਕਿ 1 ਤੋਂ 31 ਜਨਵਰੀ ਤੱਕ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨੇ ਦੌਰਾਨ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ–ਵੱਖ ਵਿਭਾਗਾਂ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਧੁੰਦ ਤੋਂ ਬਚਣ ਲਈ ਵੱਖ-ਵੱਖ ਥਾਵਾਂ ’ਤੇ ਟਰੈਕਟਰ-ਟਰਾਲੀਆਂ ਅਤੇ ਹੋਰ ਵ੍ਹੀਕਲਾਂ ’ਤੇ ਰਿਫਲੈਕਟਰ ਲਾਏ ਗਏ। ਜਾਗਰੂਕਤਾ ਮੁਹਿੰਮ ਅਧੀਨ ਹਸਤਾਖਰ ਮੁਹਿੰਮ ਚਲਾਈ ਗਈ, ਲਾਇਸੈਂਸ ਬਣਾਉਣ ਲਈ ਆਏ ਬਿਨੈਕਾਰਾਂ ਲਈ ਅੱਖਾਂ ਦਾ ਚੈੱਕਅਪ ਕੈਂਪ ਲਾਇਆ। ਇਸ ਤੋਂ ਇਲਾਵਾ ਦੋਪਹੀਆ ਵਾਹਨਾਂ ’ਤੇ ਸਫਰ ਕਰਨ ਵਾਲਿਆਂ ਨੂੰ ਮੁਫ਼ਤ ਹੈਲਮਟ ਵੰਡ ਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਤੇ ਹੈਲਮਟ ਦੀ ਮਹੱਤਤਾ ਬਾਰੇ ਦੱਸਿਆ। ਸਕੂਲਾਂ ਤੇ ਕਾਲਜਾਂ ’ਚ ਸੈਮੀਨਾਰ ਕਰਵਾ ਕੇ ਜਿੱਥੇ ਵਿਦਿਆਰਥੀਆਂ, ਅਧਿਆਪਕਾਂ ਨੂੰ ਜਾਗਰੂਕ ਕੀਤਾ ਗਿਆ, ਉੱਥੇ ਹੀ ਸਕੂਲਾਂ-ਕਾਲਜਾਂ ਦੇ ਡਰਾਈਵਰਾਂ ਨੂੰ ਵੀ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਇਸੇ ਮੁਹਿੰਮ ਤਹਿਤ ਅੱਜ ਬੱਸ ਸਟੈਂਡ ਨਵਾਂਸ਼ਹਿਰ ਵਿਖੇ ਟੈਕਸੀ ਡਰਾਈਵਰਾਂ ਤੇ ਪੰਜਾਬ ਰੋਡਵੇਜ਼ ਦੇ ਡਰਾਈਵਰਾਂ ਦੀ ਅੱਖਾਂ ਦਾ ਚੈੱਕਅਪ ਕੈਂਪ ਲਾਇਆ ਗਿਆ ਹੈ, ਜਿੱਥੇ ਮਾਹਿਰ ਡਾਕਟਰ ਵੱਲੋਂ ਡਰਾਈਵਰਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਅੱਖਾਂ ਦੀ ਨਜ਼ਰ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ।