ਅਗਨੀਵੀਰਾਂ ਦੀ ਸੇਵਾ 'ਚ ਵਾਧਾ ਕੇਂਦਰ ਦਾ ਸਲਾਘਾਯੋਗ ਫੈਸਲਾ ਅਗਨੀਵੀਰਾਂ ਦੀ ਸੇਵਾ 'ਚ ਵਾਧਾ ਭਾਜਪਾ ਸਰਕਾਰ ਦਾ ਸਲਾਘਾਯੋਗ ਫੈਸਲਾ
Publish Date: Fri, 20 Nov 2026 05:07 PM (IST)
Updated Date: Fri, 20 Nov 2026 05:10 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : :ਕੇਂਦਰ ਸਰਕਾਰ ਨੇ ਅਗਨੀਪਥ ਯੋਜਨਾ ਅਧੀਨ ਅਗਨੀਵੀਰਾਂ ਦੀ ਸੇਵਾ ਮਿਆਦ ਦੋ ਸਾਲ ਵਧਾਉਣ ਦੇ ਐਲਾਨ ਨਾਲ ਜਿੱਥੇ ਅਗਨੀਵੀਰਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ, ਉਥੇ ਹੀ ਉਨ੍ਹਾਂ ਦੇ ਪਰਿਵਾਰ ਵੀ ਇਸ ਫੈਸਲੇ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਆਗੂ ਜਸਵੰਤ ਸਿੰਘ ਵਰਿਆਮ ਨੇ ਕੀਤਾ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਨੇ ਇਹ ਇਤਿਹਾਸਕ ਫੈਸਲਾ ਦੇਸ਼ ਦੇ ਹਜ਼ਾਰਾਂ ਨੌਜਵਾਨਾਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਹੈ। ਉਨ੍ਹਾਂ ਆਖਿਆ ਕਿ ਜਦੋਂ ਸਾਲ 2022 ਵਿਚ ਅਗਨੀਪਥ ਯੋਜਨਾ ਸ਼ੁਰੂ ਕੀਤੀ ਗਈ ਸੀ ਤਾਂ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਦੇ ਪਹਿਲੇ ਬੈਚ ਵਿਚ ਲਗਭਗ 24,400 ਨੌਜਵਾਨਾਂ ਨੂੰ ਭਰਤੀ ਕੀਤਾ ਸੀ। ਉਨ੍ਹਾਂ ਆਖਿਆ ਕਿ ਆਪਣਾ ਚਾਰ ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਇਨ੍ਹਾਂ ਵਿਚੋ 6100 ਅਗਨੀਵੀਰਾਂ ਨੂੰ ਅਗਲੇ 15 ਸਾਲਾਂ ਲਈ ਸੇਵਾ ਵਿਚ ਸ਼ਾਮਲ ਕੀਤਾ ਗਿਆ ਸੀ, ਜਦਕਿ ਬਾਕੀ 18,300 ਅਗਨੀਵੀਰਾਂ ਦੀ ਸੇਵਾ ਮਿਆਦ ਦਸੰਬਰ ਵਿਚ ਖਤਮ ਹੋਣ ਵਾਲੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਇਨ੍ਹਾਂ ਅਗਨੀਵੀਰਾਂ ਦੀ ਸੇਵਾ ਵਿਚ ਦੋ ਸਾਲ ਵਧਾ ਕੇ ਉਨ੍ਹਾਂ ਨੂੰ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫੌਜ ਵਿਚ ਸ਼ਾਮਲ ਹੋਣਾ ਪੰਜਾਬ ਸਮੇਤ ਦੇਸ਼ ਭਰ ਦੇ ਲੱਖਾਂ ਨੌਜਵਾਨਾਂ ਦਾ ਸੁਪਨਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਫੈਸਲਾ ਅਗਨੀਵੀਰਾਂ ਲਈ ਵਾਧੂ ਸਮ੍ਹਾਂ ਅਤੇ ਮੌਕੇ ਪ੍ਰਦਾਨ ਕਰੇਗਾ। ਉਨਾਂ ਕਿਹਾ ਕਿ ਨੌਜਵਾਨਾਂ ਨੂੰ ਪਹਿਲਾਂ ਵਾਂਗ ਫੌਜ ਵਿਚ ਨਿਯਮਤ ਭਰਤੀ ਲਈ ਵਧੇਰੇ ਮੌਕੇ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਦਾ ਮਤਲਬ ਹੈ ਕਿ ਹੁਣ ਸਾਰੇ ਅਗਨੀਵੀਰਾਂ ਨੂੰ ਨਿਯਮਤ ਸਿਪਾਹੀਆਂ ਵਜੋਂ ਹਥਿਆਰਬੰਦ ਸੈਨਾਵਾਂ ਵਿਚ ਸ਼ਾਮਲ ਹੋਣ ਦਾ ਸੁਨਹਿਰੀ ਮੌਕਾ ਮਿਲੇਗਾ।