ਮਿਰਗੀ ਦਾ ਹਰ ਮਰੀਜ਼ ਸਨਮਾਨ ਤੇ ਬਿਹਤਰ ਇਲਾਜ ਦਾ ਹੱਕਦਾਰ : ਸਿਵਲ ਸਰਜਨ ਮਿਰਗੀ ਦਾ ਹਰ ਮਰੀਜ਼ ਸਨਮਾਨ ਅਤੇ ਬਿਹਤਰ ਇਲਾਜ ਦਾ ਹੱਕਦਾਰ-ਸਿਵਲ ਸਰਜਨ
Publish Date: Sat, 26 Sep 2026 05:20 PM (IST)
Updated Date: Sat, 26 Sep 2026 05:21 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਮਿਰਗੀ ਦੀ ਬਿਮਾਰੀ ਬਾਰੇ ਸਮਾਜ ਵਿੱਚ ਫੈਲੇ ਭਰਮਾਂ ਅਤੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਕੇ ਡਾਕਟਰੀ ਇਲਾਜ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਸਿਵਲ ਸਰਜਨ ਦਫ਼ਤਰ ਵਿਖੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵੱਲੋਂ ਸਟਾਪ ਐਪੀਲੈਪਸੀ ਪ੍ਰੋਜੈਕਟ ’ਤੇ ਡੂੰਘਾਈ ਨਾਲ ਵਿਚਾਰ-ਚਰਚਾ ਕੀਤੀ। ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਮਿਰਗੀ ਦਾ ਹਰ ਮਰੀਜ਼ ਸਨਮਾਨ ਅਤੇ ਬਿਹਤਰ ਇਲਾਜ ਦਾ ਹੱਕਦਾਰ ਹੈ। ਇਸ ਲਈ ਮਿਰਗੀ ਦੇ ਮਰੀਜ਼ਾਂ ਦੀ ਭਲਾਈ ਲਈ ਜ਼ਿਲ੍ਹੇ ਵਿਚ ਜਾਗਰੂਕਤਾ, ਸਮੇਂ ਸਿਰ ਪਛਾਣ, ਰੈਫਰਲ, ਬਿਹਤਰ ਇਲਾਜ ਅਤੇ ਲਗਾਤਾਰ ਫਾਲੋ-ਅੱਪ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ, ਤਾਂ ਜੋ ਹਰ ਯੋਗ ਮਰੀਜ਼ ਨੂੰ ਗੁਣਵੱਤਾ ਭਰੀ ਸਿਹਤ ਸੇਵਾਵਾਂ ਦਾ ਲਾਭ ਮਿਲ ਸਕੇ। ਮੀਟਿੰਗ ਦੌਰਾਨ ਡੀਐੱਮਸੀ ਲੁਧਿਆਣਾ ਦੇ ਨਿਊਰੋਲੋਜੀ ਵਿਭਾਗ ਦੇ ਮੁਖੀ ਪ੍ਰੋਫੈਸਰ ਡਾ. ਗਗਨਦੀਪ ਸਿੰਘ ਨੇ ਇਸ ਪ੍ਰੋਜੈਕਟ ਤਹਿਤ ਮਿਰਗੀ ਦੇ ਮਰੀਜ਼ਾਂ ਦੀ ਸਮੇਂ ਸਿਰ ਪਛਾਣ, ਸਕ੍ਰੀਨਿੰਗ, ਮਾਹਿਰ ਡਾਕਟਰੀ ਸਲਾਹ ਅਤੇ ਮੁਫ਼ਤ ਇਲਾਜ ਦੀਆਂ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਜ਼ਿਲ੍ਹੇ ਅੰਦਰ ਮਿਰਗੀ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ, ਕਿਉਂਕਿ ਮਿਰਗੀ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਬਿਹਤਰ ਤੇ ਮੁਫ਼ਤ ਇਲਾਜ ਮਿਲ ਰਿਹਾ ਹੈ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ, ਬੱਬਲਜੀਤ ਸਿੰਘ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ। ਸਿਵਲ ਸਰਜਨ ਨੇ ਸਮੁੱਚੀ ਟੀਮ ਦੇ ਕਾਰਜਾਂ ਦੀ ਕੀਤੀ ਸ਼ਲਾਘਾ : ਸਿਵਲ ਸਰਜਨ ਨੇ ਸਟਾਪ ਐਪੀਲੈਪਸੀ ਪ੍ਰੋਜੈਕਟ ਦੀ ਸਫਲ ਕਾਰਗੁਜ਼ਾਰੀ ਲਈ ਡੀਐੱਮਸੀ ਲੁਧਿਆਣਾ ਦੀ ਸਮੁੱਚੀ ਟੀਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਮਿਰਗੀ ਦੇ ਮਰੀਜ਼ਾਂ ਦੀ ਭਲਾਈ ਲਈ ਇਹ ਲੋਕ-ਪੱਖੀ ਸੇਵਾਵਾਂ ਨਿਰੰਤਰ ਅਤੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਜਾਰੀ ਰੱਖੀਆਂ ਜਾਣ, ਤਾਂ ਜੋ ਹਰ ਲੋੜਵੰਦ ਮਰੀਜ਼ ਨੂੰ ਸਮੇਂ ਸਿਰ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਦਾ ਲਾਭ ਮਿਲ ਸਕੇ। ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਪ੍ਰੋਜੈਕਟ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਜਦੋਂ ਵੀ ਜ਼ਿਲ੍ਹਾ ਸਿਹਤ ਵਿਭਾਗ ਦੇ ਸਹਿਯੋਗ ਦੀ ਲੋੜ ਪਵੇਗੀ, ਹਰ ਸੰਭਵ ਸਹਿਯੋਗ ਯਕੀਨੀ ਬਣਾਇਆ ਜਾਵੇਗਾ। ਅੰਤ ਵਿਚ ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਭਰਮ ਤੇ ਮਿੱਥ ਛੱਡਣ ਤੇ ਡਾਕਟਰੀ ਇਲਾਜ ਅਪਣਾਉਣ ਅਤੇ ਮਿਰਗੀ ਦੇ ਮਰੀਜ਼ਾਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਾ ਕੀਤਾ ਜਾਵੇ। ਇਸ ਮੌਕੇ ਟੀਮ ਨੇ ਜ਼ਿਲ੍ਹੇ ਦੀਆਂ ਆਸ਼ਾ ਵਰਕਰਾਂ ਨਾਲ ਮੀਟਿੰਗ ਕਰਕੇ ਮਿਰਗੀ ਦੇ ਮਰੀਜ਼ਾਂ ਦੀ ਪਛਾਣ, ਜਾਗਰੂਕਤਾ, ਰੈਫਰਲ ਅਤੇ ਇਲਾਜ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਤਾਂ ਜੋ ਹਰ ਲੋੜਵੰਦ ਮਰੀਜ਼ ਨੂੰ ਸਮੇਂ ਸਿਰ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਦਾ ਲਾਭ ਮਿਲ ਸਕੇ। ਮਿਰਗੀ ਦਾ ਪ੍ਰਭਾਵਸ਼ਾਲੀ ਇਲਾਜ ਸੰਭਵ ਹੈ : ਪ੍ਰੋਫੈਸਰ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਮਿਰਗੀ ਦਿਮਾਗ ਨਾਲ ਸਬੰਧਿਤ ਤੰਤੂ ਪ੍ਰਣਾਲੀ ਦਾ ਇੱਕ ਵਿਗਾੜ ਹੈ, ਜਿਸ ਦਾ ਪ੍ਰਭਾਵਸ਼ਾਲੀ ਇਲਾਜ ਸੰਭਵ ਹੈ। ਉਨ੍ਹਾਂ ਕਿਹਾ ਕਿ ਇਲਾਜ ਨੂੰ ਅੱਧ ਵਿਚਕਾਰ ਛੱਡਣਾ ਜਾਂ ਦਵਾਈ ਦੀ ਇੱਕ ਵੀ ਖੁਰਾਕ ਮਿਸ ਕਰਨਾ ਦੌਰੇ ਦਾ ਖਤਰਾ ਵਧਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਮੇਂ ਸਿਰ ਸਹੀ ਇਲਾਜ ਨਾਲ ਕਰੀਬ 70 ਫੀਸਦੀ ਮਰੀਜ਼ ਪੂਰੀ ਤਰ੍ਹਾਂ ਆਮ ਜੀਵਨ ਬਤੀਤ ਕਰ ਸਕਦੇ ਹਨ।। ਇਹ ਹਨ ਪ੍ਰਮੁੱਖ ਲੱਛਣ : ਉਨ੍ਹਾਂ ਦੱਸਿਆ ਕਿ ਸਿਰ ਦੀ ਸੱਟ, ਦਿਮਾਗੀ ਇੰਫੈਕਸ਼ਨ, ਦਿਮਾਗੀ ਟਿਊਮਰ, ਦਿਮਾਗੀ ਸੋਜ, ਦਿਮਾਗ ਦੀਆਂ ਖ਼ੂਨ ਦੀਆਂ ਨਾੜੀਆਂ ਦੇ ਵਿਗਾੜ, ਸ਼ਰਾਬ ਅਤੇ ਕੁਝ ਨਸ਼ੀਲੇ ਪਦਾਰਥਾਂ ਦੀ ਵਰਤੋਂ ਮਿਰਗੀ ਦੇ ਕਾਰਨਾਂ ਵਿਚ ਸ਼ਾਮਲ ਹੋ ਸਕਦੇ ਹਨ।। ਅਚਾਨਕ ਬੇਹੋਸ਼ ਹੋਣਾ, ਸਰੀਰ ਦਾ ਆਕੜ ਜਾਣਾ, ਝਟਕੇ ਆਉਣਾ, ਮੂੰਹ ਵਿੱਚੋਂ ਝੱਗ ਨਿਕਲਣਾ, ਜੀਭ ਟੁੱਕ ਜਾਣਾ ਅਤੇ ਕੱਪੜਿਆਂ ਵਿਚ ਪਿਸ਼ਾਬ ਨਿਕਲ ਜਾਣਾ। ਇਸ ਦੇ ਪ੍ਰਮੁੱਖ ਲੱਛਣ ਹਨ। ਅਜਿਹੀ ਸਥਿਤੀ ਵਿਚ ਮਰੀਜ਼ ਨੂੰ ਤੁਰੰਤ ਮੁੱਢਲੀ ਡਾਕਟਰੀ ਸਹਾਇਤਾ ਅਤੇ ਨਜ਼ਦੀਕੀ ਸਿਹਤ ਸੰਸਥਾ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ।